ਚੰਡੀਗੜ੍ਹ (23 ਦਸੰਬਰ, 2015): ਨਵੰਬਰ 1984 ਨੂੰ ਹਰਿਆਣਾ ਵਿੱਚ ਹੋਏ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਅਤੇ ਗਰਗ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਗਏ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਲਈ ਹੋਂਦ ਚਿੱਲੜ ਤਾਲਮੇਲ ਕਮੇਟੀ ਵੱਲੋਂ ਬੀਤੇ ਦਿਨ ਇੱਥੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਦੀ ਕੋਠੀ ਦੇ ਨੇੜੇ ਸ਼ਾਂਤਮਈ ਰੋਸ ਮਾਰਚ ਕਰਕੇ ਇੱਕ ਯਾਦ ਪੱਤਰ ਦਿੱਤਾ ਗਿਆ।
ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਜਨਰਲ ਸਕੱਤਰ ਦਰਸ਼ਨ ਸਿੰਘ ਘੋਲੀਆਂ ਦੀ ਅਗਵਾਈ ਵਿੱਚ ਪੀੜਤਾਂ ਦਾ ਜੱਥਾ ਜਦ ਮੁੱਖ ਮੰਤਰੀ ਖੱਟੜ ਦੀ ਕੋਠੀ ਪੁੱਜਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਰੋਕ ਲਿਆ। ਮੁੱਖ ਮੰਤਰੀ ਆਪਣੇ ਨਿਵਾਸ ‘ਤੇ ਹਾਜ਼ਰ ਨਹੀਂ ਸਨ ਅਤੇ ਕਿਤੇ ਬਾਹਰ ਗਏ ਹੋਏ ਸਨ।
ਕੋਠੀ ਦੇ ਮੇਨ ਗੇਟ ‘ਤੇ ਬੈਠੇ ਸਟਾਫ਼ ਕਰਮਚਾਰੀਆਂ ਨੇ ਸ. ਗਿਆਸਪੁਰਾ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਕਿ ਉਨ੍ਹਾਂ ਦਾ ਇਕ ਪ੍ਰਤੀਨਿਧ ਮੰਡਲ ਅੰਦਰ ਜਾ ਕੇ ਮੁੱਖ ਮੰਤਰੀ ਦੇ ਡਿਊਟੀ ਅਫਸਰ ਸ੍ਰੀ ਭੁਪਿੰਦਰ ਸਿੰਘ ਨੂੰ ਮਿਲ ਸਕਦੇ ਹਨ।
ਬਾਅਦ ਵਿਚ ਦਿੱਤੇ ਗਏ ਮੈਮੋਰੰਡਮ ਵਿਚ ਮੰਗ ਕੀਤੀ ਗਈ ਕਿ ਹੋਂਦ ਚਿੱਲੜ ਮਾਮਲੇ ਬਾਰੇ ਹਾਈਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਟੀ.ਪੀ. ਗਰਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ‘ਤੇ ਕਤਲ-ਏ-ਆਮ ਦਾ ਸ਼ਿਕਾਰ ਸਿੱਖਾਂ ਨੂੰ ਮੁਆਵਜ਼ਾ ਦਿੱਤਾ ਜਾਏ ਤੇ ਕਸੂਰਵਾਰ ਠਹਿਰਾਏ ਗਏ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏ।
ਵਫਦ ਵਿਚ ਉੱਤਮ ਸਿੰਘ, ਪ੍ਰੇਮ ਸਿੰਘ, ਕੰਵਲਜੀਤ ਕੌਰ, ਪ੍ਰਤਾਪ ਸਿੰਘ, ਹਰਭਜਨ ਸਿੰਘ, ਜਵਾਹਰ ਸਿੰਘ, ਸੁਰਜੀਤ ਕੌਰ, ਗੁੱਡੀ ਦੇਵੀ, ਕੇਸਰ ਸਿੰਘ, ਰਣਜੀਤ ਸਿੰਘ, ਜੋਗਿੰਦਰ ਸਿੰਘ ਤੇ ਗੁਰਬਚਨ ਸਿੰਘ ਸ਼ਾਮਿਲ ਸਨ।ਸ੍ਰੀ ਗਿਆਸਪੁਰਾ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ੍ਰੀ ਭੁਪਿੰਦਰ ਸਿੰਘ ਜੋ ਹਿਸਾਰ ਦੇ ਵਾਸੀ ਹਨ ਨੇ ਭਰੋਸਾ ਦਿਵਾਇਆ ਕਿ ਮੈਮੋਰੰਡਮ ਵਿਚ ਦਰਜ ਸਾਰੀਆਂ ਮੰਗਾਂ ਬਾਰੇ ਸ੍ਰੀ ਖੱਟਰ ਨੂੰ ਜਾਣੂ ਕਰਵਾ ਦਿੱਤਾ ਜਾਏਗਾ।