ਸਿੱਖ ਖਬਰਾਂ

ਹੋਂਦ ਚਿੱਲੜ ਸਿੱਖ ਕਤਲੇਆਮ ਦੀ ਜਾਂਚ ਇਸ ਸਾਲ ਨਵੰਬਰ ਵਿੱਚ ਹੋਵੇਗੀ ਪੂਰੀ: ਜਾਂਚ ਕਮਿਸ਼ਨ

By ਸਿੱਖ ਸਿਆਸਤ ਬਿਊਰੋ

July 25, 2014

ਚੰਡੀਗੜ੍ਹ (24 ਜੁਲਾਈ 2014): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਚੱਲੀ ਸਿੱਖ ਨਸਲਕੁਸੀ ਸਮੇਂ ਵਾਪਰੇ ਹਰਿਆਣਾ ਦੇ ਗੁੜਗਾਉਂ ਜਿਲੇ ਦੇ ਪਿੰਡ “ਹੋਂਦ ਚਿੱਲੜ” ਵਿੱਚ ਵਾਪਰੇ ਸਿੱਖ ਕਤਲੇਆਮ ਦੀ ਜਾਂਚ ਕਰ ਰਹੇ ਇੱਕ ਮੈਬਰੀ ਜਾਂਚ ਕਮੀਸਨ ਨੇ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਕੇਸ ਦੀ ਜਾਂਚ ਇਸ ਸਾਲ ਨਵੰਬਰ ਵਿੱਚ ਪੂਰੀ ਹੋ ਜਾਵੇਗੀ।

 ਹੋਦ ਚਿੱਲੜ ਕਾਂਡ ਦੀ ਜਾਂਚ ਕਰ ਰਹੇ ਇਕ ਮੈਂਬਰੀ ਕਮਿਸ਼ਨ ਦੇ ਰਿਟਾਇਰਡ ਜੱਜ ਟੀ.ਪੀ.ਗਰਗ ਨੇ ਪੀੜਤਾਂ ਨੂੰ ਭਰੋਸਾ ਦਿਤਾ ਹੈ ਕਿ ਕੇਸ ਦੀ ਸੁਣਵਾਈ ਇਸ ਸਾਲ ਨਵੰਬਰ ਮਹੀਨੇ ਤੱਕ ਮੁਕੰਮਲ ਕਰ ਲਈ ਜਾਵੇਗੀ।

ਵਰਨਣਯੋਗ ਹੈ ਕਿ ਇਸ ਕਾਂਡ ਦੀ ਸੁਣਵਾਈ ਸ਼ੁਰੂ ਹੋਣ ਸਮੇਂ ਛੇ ਮਹੀਨਿਆਂ ਵਿੱਚ ਜਾਂਚ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਤਿੰਨ ਸਾਲ ਬੀਤਣ ਬਾਅਦ ਵੀ ਜਾਂਚ ਸਿਰੇ ਨਹੀਂ ਚੜ੍ਹ ਸਕੀ। ਹੋਦ ਚਿਲੜ ਤਾਲਮੇਲ ਕਮੇਟੀ ਦੇ ਆਗੂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦਰਸ਼ਨ ਸਿੰਘ ਘੋਲੀਆ ਅੱਜ ਆਪਣੇ ਵਕੀਲ ਰਣਜੀਤ ਯਾਦਵ ਨਾਲ ਕਮਿਸ਼ਨ ਦੀ ਹਿਸਾਰ ਵਿਚਲੀ ਅਦਾਲਤ ਵਿੱਚ ਪੇਸ਼ ਹੋਏ।

 ਇਸ ਮਾਮਲੇ ਦੀ ਸਣਵਾਈ ਸਮੇਂ ਡਾ. ਸੰਜੀਵ ਕੁਮਾਰ ਨੇ ਛੇ ਪੋਸਟਮਾਰਟਮ ਰਿਪੋਰਟਾਂ ਅਦਾਲਤ ਵਿਚ ਪੇਸ਼ ਕੀਤੀਆਂ। ਇਨ੍ਹਾਂ ਵਿੱਚ ਇਕ ਔਰਤ ਅਤੇ ਪੰਜ ਮਰਦਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਸਨ। ਰਿਪੋਰਟਾਂ ਅਨੁਸਾਰ ਮ੍ਰਿਤਕਾਂ ਦਾ ਪੋਸਟ ਮਾਰਟਮ ਤਿੰਨ ਨਵੰਬਰ 1984 ਨੂੰ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਬਾਅਦ ਦੁਪਹਿਰ ਤਿੰਨ ਵਜੇ ਤੱਕ ਕੀਤਾ ਗਿਆ ਸੀ। ਜੱਜ ਨੇ ਰਿਪੋਰਟਾਂ ਦੇਖਣ ਤੋਂ ਬਾਅਦ ਸੁਣਵਾਈ ਦੀ ਅਗਲੀ ਤਾਰੀਕ 20 ਅਗਸਤ ਤੈਅ ਕਰ ਦਿੱਤੀ ਹੈ।

ਤਾਲਮੇਲ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਅਪੀਲ ਕੀਤੀ ਕਿ ਕੇਸ ਦੀ ਸਣਵਾਈ ਜਲਦੀ ਮੁਕੰਮਲ ਕਰਵਾ ਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੁਣਵਾਈ ਲਟਕਣ ਕਰਕੇ ਪੀੜਤਾਂ ਦੀਆਂ ਮੁਸ਼ਕਿਲਾਂ ਵਧ ਰਹੀਆਂ ਹਨ। ਉਨ੍ਹਾਂ ਨੂੰ ਹਰ ਪੇਸ਼ੀ ਸਮੇਂ ਕਾਫੀ ਦੂਰ ਤੋਂ ਆਉਣਾ ਪੈਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: