ਖਾਸ ਖਬਰਾਂ

ਦਲ ਖ਼ਾਲਸਾ ਵੱਲੋਂ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ

By ਸਿੱਖ ਸਿਆਸਤ ਬਿਊਰੋ

May 24, 2024

ਅੰਮ੍ਰਿਤਸਰ – ਜੂਨ 84 ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਮਾਣ-ਮਰਿਆਦਾ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੈਂਕੜੇ ਜੁਝਾਰੂਆਂ ਦੀ ਯਾਦ ਵਿੱਚ ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਅੰਮ੍ਰਿਤਸਰ ਵਿਖੇ ਦਲ ਖਾਲਸਾ ਵੱਲੋਂ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਲੱਗੀ ਪਾਬੰਦੀ ਖਤਮ ਹੋਣ ਉਪਰੰਤ 1999 ਤੋਂ ਦਲ ਖਾਲਸਾ ਦੀ ਰਾਜਸੀ ਪਿੜ ਅੰਦਰ ਵਾਪਸੀ ਹੋਈ ਹੈ, ਉਦੋਂ ਤੋਂ ਜਥੇਬੰਦੀ ਵੱਲੋਂ ਘੱਲੂਘਾਰਾ ਹਫ਼ਤਾ ਸੁਚੱਜੇ ਢੰਗ ਨਾਲ ਮਨਾਇਆ ਜਾਂਦਾ ਹੈ।

ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਦਰਬਾਰ ਸਾਹਿਬ ‘ਤੇ ਹਮਲਾ ਅਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਬੰਬਾਂ ਨਾਲ ਤਬਾਹ ਕਰਨ ਦੇ 40 ਸਾਲ ਬੀਤ ਚੁੱਕੇ ਹਨ।

ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਇਹਨਾਂ ਚਾਲੀ ਸਾਲਾਂ ਅੰਦਰ ਨਾ ਤਾਂ ਹਮਲੇ ਦੀ ਪੀੜ ਮੁੱਕੀ ਹੈ, ਨਾ ਜ਼ਖ਼ਮ ਸੁੱਕੇ ਹਨ, ਨਾ ਇੰਡੀਅਨ ਸਟੇਟ ਦਾ ਕਹਿਰ ਭੁੱਲਿਆ ਹੈ ਅਤੇ ਨਾ ਹੀ ਆਜ਼ਾਦੀ ਸੰਘਰਸ਼ ਰੁਕਿਆ ਹੈ। ਉਹਨਾਂ ਦਾਅਵਾ ਕੀਤਾ ਕਿ ਪਿਛਲੇ 40 ਸਾਲਾਂ ਅੰਦਰ ਅੰਮ੍ਰਿਤਸਰ ਤੋ ਲੈ ਕੇ ਲਾਹੌਰ, ਇੰਗਲੈਂਡ ਤੋਂ ਲੈ ਕੇ ਅਮਰੀਕਾ-ਕੈਨੇਡਾ ਤੱਕ ਸ਼ਹੀਦਾਂ ਦੇ ਡੁੱਲੇ ਖੂਨ ਨੇ ਖਾਲਿਸਤਾਨ ਦੇ ਰਾਹ ਨੂੰ ਰੁਸ਼ਨਾਇਆ ਹੈ। ਇਸ ਨੂੰ ਤਤਕਾਲੀ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਨਾ-ਮੁਆਫ਼ੀਯੋਗ ਗੁਨਾਹ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਹਮਲੇ ਨੇ ਸਿੱਖਾਂ ਨੂੰ ਭਾਰਤੀ ਮੁੱਖ ਧਾਰਾ ਤੋਂ ਦੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਦੋਂ ਤੋਂ ਹੀ ਸਿੱਖ ਲੰਮੀਆਂ ਨਜ਼ਰਬੰਦੀਆਂ ਅਤੇ ਤਕਲੀਫ਼ਾਂ ਦਾ ਸਾਹਮਣਾ ਕਰਦੇ ਹੋਏ ਮਹਾਨ ਕੁਰਬਾਨੀਆਂ ਦੇ ਕੇ ਆਪਣੇ ਦੇਸ਼ ਦੀ ਸਥਾਪਨਾ ਲਈ ਸੰਘਰਸ਼ ਕਰ ਰਹੇ ਹਨ।

1984 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਦਰਿਆਵਾਂ ਦਾ ਬਹੁਤ ਸਾਰਾ ਪਾਣੀ ਵਹਿ ਗਿਆ ਹੈ। ਕੇਂਦਰ ਅਤੇ ਰਾਜ ਦੋਵਾਂ ਵਿੱਚ ਸਿਆਸੀ ਲੀਡਰਸ਼ਿਪ ਵਿੱਚ ਤਬਦੀਲੀ ਆਈ ਹੈ। ਇਸ ਨਾਲ ਜੂਨ 1984 ਦੇ ਸਾਡੇ ਜ਼ਖਮ ਭਰੇ ਨਹੀਂ ਹਨ।

ਦਲ ਖਾਲਸਾ ਆਗੂ ਨੇ ਕਿਹਾ ਕਿ 4 ਜੂਨ ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਰਤ ਦਾ ਚਿਹਰਾ ਕੌਣ ਬਣਦਾ ਹੈ, ਇਸ ਨਾਲ ਨਾ ਤਾਂ ਸਿੱਖਾਂ ਦੀ ਪੁਜ਼ੀਸ਼ਨ ਬਿਹਤਰ ਹੋਵੇਗੀ ਅਤੇ ਨਾ ਹੀ ਪੰਜਾਬ ਦੀ ਸਮੱਸਿਆ ਦਾ ਹੱਲ ਨਿਕਲਣ ਵਾਲਾ ਹੈ। ਉਹਨਾਂ ਕਿਹਾ ਕਿ ਪਿਛਲੇ 70 ਸਾਲ ਤੇ ਖਾਸ ਕਰ ਚਾਲੀ ਸਾਲਾਂ ਤੋਂ ਹਰ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਮੌਕੇ ਸਿੱਖ ਇਸ ਭਰਮ, ਖੋਖਲੇ ਵਾਅਦਿਆਂ ਅਤੇ ਖ਼ਿਆਲੀ ਅੰਦਾਜ਼ਿਆਂ ਨਾਲ ਵੱਧ ਚੜ੍ਹ ਕੇ ਵੋਟਾਂ ਵਿੱਚ ਹਿੱਸਾ ਲੈੰਦੇ ਆ ਰਹੇ ਹਨ ਕਿ ਸ਼ਾਇਦ ਉਹਨਾਂ ‘ਤੇ ਹੋ ਰਹੇ ਜ਼ੁਲਮ ਰੁੱਕ ਜਾਣ, ਉਹਨਾਂ ਨੂੰ ਇਸ ਮੁਲਕ ਵਿੱਚ ਇਨਸਾਫ ਮਿਲ ਜਾਵੇ ਅਤੇ ਉਹਨਾਂ ਦੇ ਲੁੱਟੇ ਗਏ ਤੇ ਲੁੱਟੇ ਜਾ ਰਹੇ ਹੱਕ-ਹਕੂਕ ਮਿਲ ਜਾਣ। ਉਹਨਾਂ ਕਿਹਾ ਕਿ ਬਦਕਿਸਮਤੀ ਨਾਲ ਹਿੰਦੁਤਵੀ ਸਟੇਟ ਦਾ ਸੂਬਿਆਂ ਉੱਤੇ ਗ਼ਲਬਾ ਹੋਰ ਮਜ਼ਬੂਤ ਹੋਇਆ ਹੈ, ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਵਿੱਚ ਵਾਧਾ ਹੋਇਆ ਹੈ ਅਤੇ ਨਸਲਕੁਸ਼ੀ ਦਾ ਇਨਸਾਫ ਦੂਰ ਦੂਰ ਤੱਕ ਦਿਖਾਈ ਨਹੀ ਦੇ ਰਿਹਾ।

ਜਮਹੂਰੀਅਤ ਦੇ ਇਸ ਚੋਣ ਮੈਦਾਨ ‘ਤੇ ਟਿੱਪਣੀ ਕਰਦਿਆਂ ਦਲ ਖਾਲਸਾ ਨੇ ਕਿਹਾ ਕਿ 40 ਸਾਲਾਂ ਬਾਅਦ ਵੀ ਪੰਜਾਬ ਦੀ ਸਮੱਸਿਆ,  ਸਮੱਸਿਆ ਹੀ ਹੈ। ਦਲ ਖਾਲਸਾ ਨੇ ਮੌਜੂਦਾ ਵਿਵਸਥਾ ਤਹਿਤ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਸੰਕਲਪ ਦਹੁਰਾਉਦਿਆਂ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਮੌਜੂਦਾ ਚੋਣ ਪ੍ਰਣਾਲੀ ਅਧੀਨ ਸਵੈ-ਨਿਰਣੇ ਦਾ ਅਧਿਕਾਰ ਚੋਣਾਂ ਦਾ ਬਦਲ ਨਹੀਂ ਹੋ ਸਕਦਾ। ਦਲ ਖ਼ਾਲਸਾ ਆਗੂ ਨੇ ਉਹਨਾਂ ਸਿੱਖ ਆਗੂਆਂ ਤੇ ਤੰਜ ਕੱਸਿਆ ਜੋ ਹਾਲ ਹੀ ਵਿੱਚ ਭਾਜਪਾ ਅਤੇ ‘ਆਪ’ ਵਿੱਚ ਸ਼ਾਮਲ ਹੋਏ ਹਨ ਅਤੇ 84 ਦੇ ਦੌਰ ਨੂੰ ਸਿੱਖ ਅਵਾਮ ਦੀ ਯਾਦਾਂ ਵਿੱਚੋਂ ਮਿਟਾਉਣ ਦੀ ਲਗਾਤਾਰ ਨਾਪਾਕ ਕੋਸ਼ਿਸ਼ ਕਰ ਰਹੇ ਹਨ। ਘੱਲੂਘਾਰਾ ਹਫ਼ਤਾ ਮਨਾਉਣ ਦੀਆਂ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਹੋਏ ਘਾਤਕ ਹਮਲੇ ਦਾ ਦਰਦ ਤਾਜ਼ਾ ਹੈ ਅਤੇ ਜ਼ਖ਼ਮ ਅਜੇ ਵੀ ਰਿਸ ਰਹੇ ਹਨ।

ਇਸ ਸਮੇਂ ਉਹਨਾਂ ਨਾਲ ਪਾਰਟੀ ਆਗੂ ਰਣਬੀਰ ਸਿੰਘ, ਗੁਰਨਾਮ ਸਿੰਘ, ਪ੍ਰਭਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਬਾਜਵਾ ਮੌਜੂਦ ਸਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਘੱਲੂਘਾਰਾ ਹਫ਼ਤਾ ਵੱਡੇ ਪੱਧਰ ਤੇ ਮਨਾਏ ਜਾਣ ਦੇ ਬਿਆਨ ਦੀ ਰੌਸ਼ਨੀ ਵਿੱਚ ਦਲ ਖ਼ਾਲਸਾ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਹੀਦੀ ਸਮਾਗਮ ਉਲੀਕਣ ਦੀ ਮੰਗ ਕੀਤੀ। ਉਹਨਾਂ ਸ਼੍ਰੋਮਣੀ ਕਮੇਟੀ ਪਾਸੋ ਦਰਬਾਰ ਸਾਹਿਬ ਹਮਲੇ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਸਹੀ ਗਿਣਤੀ ਦੀ ਪੜਤਾਲ ਕਰ ਕੇ ਦਸਤਾਵੇਜ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨ ਦੀ ਮੰਗ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: