ਚੰਡੀਗੜ੍ਹ (2 ਜੂਨ, 2010): ਭਾਵੇਂ ਕਿ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਅਦਾਲਤ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਕੀਤਾ ਜਾਣ ਵਾਲਾ ਘੱਲੂਘਾਰਾ ਯਾਦਗਾਰੀ ਮਾਰਚ ਪੰਜਾਬ ਦੇ ਅਮਨ-ਕਾਨੂੰਨ ਲਈ ਖਤਰਾ ਹੈ, ਪਰ ਅਦਾਲਤ ਨੇ ਪੰਚ ਪ੍ਰਧਾਨੀ ਦੇ ਵਕੀਲ ਰਾਜਵਿੰਦਰ ਬੈਂਸ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਦੱਸਿਆ ਜਾਵੇ ਕਿ ਪੰਚ ਪ੍ਰਧਾਨੀ ਦਲ ਜਮਹੂਰੀ ਤਰੀਕੇ ਨਾਲ ਯਾਦਗਾਰੀ ਮਾਰਚ ਕਿਉਂ ਨਹੀਂ ਕਰ ਸਕਦਾ? ਅਦਲਾਤ ਨੇ ਇਸ ਮਸਲੇ ਦੀ ਸੁਣਵਾਈ 4 ਜੂਨ ਦਿਨ ਸ਼ੁੱਕਰਵਾਰ ਉੱਤੇ ਪਾ ਦਿੱਤੀ ਹੈ।
ਸਰਕਾਰੀ ਧਿਰ ਦਾ ਪੱਖ ਵਧੀਕ ਐਡਟੋਕੇਟ ਜਨਰਲ ਸ. ਗਰੇਵਾਲ ਵੱਲੋਂ ਕੀਤਾ ਗਿਆ, ਜਿਨ੍ਹਾਂ ਕਿਹਾ ਕਿ ਇਹ ਸਿੱਖ ਜਥੇਬੰਦੀਆਂ ‘ਖ਼ਾਲਿਸਤਾਨੀ ਵਿਚਾਰਧਾਰਾ’ ਦੀਆਂ ਹਾਮੀ ਹਨ ਅਤੇ ਅਜਿਹੇ ਮਾਰਚਾਂ ਰਾਹੀਂ ਪੰਜਾਬ ਦੇ ਅਮਨ-ਕਾਨੂੰਨ ਨੂੰ ਨੁਕਾਸਨ ਪਹੁੰਚ ਸਕਦਾ ਹੈ।
ਦੂਸਰੇ ਪਾਸੇ ਪੰਚ ਪ੍ਰਧਾਨੀ ਦੇ ਵਕੀਲ ਐਡਵੋਕੇਟ ਰਾਜਵਿੰਦਰ ਬੈਂਸ ਨੇ ਭਖਵੀਂ ਬਹਿਸ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਅਪਾਣੇ ਇਤਿਹਾਸਕ ਦਿਹਾੜੇ ਮਨਾਉਣ ਲਈ ਅਜਿਹੇ ਮਾਰਚ ਕਰਨਾ ਉਨ੍ਹਾਂ ਦੀ ਮੁਵੱਕਿਲ ਜਥੇਬੰਦੀ ਦਾ ਮੁਢਲਾ, ਜਮਹੂਰੀ ਅਤੇ ਸੰਵਿਧਾਨਕ ਹੱਕ ਹੈ। ਉਨ੍ਹਾਂ ਅਪਾਣੀ ਦਲੀਲ ਦੇ ਹੱਕ ਵਿੱਚ ਉੱਚ ਅਦਾਲਤਾਂ ਦੇ ਕਈ ਫੈਸਲਿਆਂ ਦੇ ਹਵਾਲੇ ਵੀ ਦਿੱਤੇ ਅਤੇ ਅਦਲਾਤ ਕੋਲੋਂ ਜ਼ੋਰਦਾਰ ਤਰੀਕੇ ਨਾਲ ਸਰਕਾਰ ਨੂੰ ਮਾਰਚ ਉੱਪਰ ਲਗਾਈ ਗੈਰ-ਵਿਧਾਨਕ ਪਾਬੰਦੀ ਹਟਾਉਣ ਦੀ ਮੰਗ ਕੀਤੀ। ਹੁਣ ਅਦਾਲਤ ਵੱਲੋਂ ਇਸ ਸਬੰਧੀ 4 ਜੂਨ ਨੂੰ ਆਖਰੀ ਫੈਸਲਾ ਲਏ ਜਾਣ ਦੀ ਆਸ ਹੈ।
ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸੜੂ ਤੇ ਜਥੇਬੰਦਕ ਸਕੱਤਰ ਸ. ਜਸਵੀਰ ਸਿੰਘ ਖੰਡੂਰ ਨੇ ਜਾਣਕਾਰੀ ਦਿੱਤੀ ਕਿ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਅਰਜ਼ੀ ਸੁਣਵਾਈ ਅਧੀਨ ਹੈ ਅਤੇ ਹਾਲੀਆ ਤੌਰ ਉੱਤੇ “ਘੱਲੂਘਾਰਾ ਯਾਦਗਾਰੀ ਮਾਰਚ” ਮੁਲਤਵੀ ਕਰ ਦਿੱਤਾ ਗਿਆ ਹੈ। ਭਾਈ ਚੀਮਾ ਨੇ ਕਿਹਾ ਕਿ “ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਇੱਕ ਜਮਹੂਰੀ ਪਾਰਟੀ ਹੈ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਅਣਚਾਹੇ ਟਕਰਾਅ ਨੂੰ ਵਧਾਇਆ ਜਾਵੇ। ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਨਿਕਲਣ ਵਾਲੇ ਇਸ ਯਾਦਗਾਰੀ ਮਾਰਚ ਨੂੰ ਰੋਕਣ ਲਈ ਪੰਜਾਬ ਸਰਕਾਰ ਦੀ ਕਰੜੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਵੀ 5 ਜੂਨ ਨੂੰ ਪੰਚ ਪ੍ਰਧਾਨੀ ਨੇ ਤਰਨਤਾਰਨ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਸੀ ਜੋ ਪੂਰੀ ਤਰ੍ਹਾਂ ਸਫਲ ਅਤੇ ਪੁਰ-ਅਮਨ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਲ ਨੇ ਸਾਲ 2005 ਵਿੱਚ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਕੇਸਗੜ੍ਹ ਸਾਹਿਬ ਤੱਕ ਅਤੇ ਗੁ: ਜਫਰਨਾਮਾ ਸਾਹਿਬ ਤੋਂ ਤਖ਼ਤ ਦਮਦਮਾ ਸਾਹਿਬ ਤੱਕ ਦੋ ਵਿਸ਼ਾਲ ‘ਬੰਦੀ ਛੋੜ ਖ਼ਾਲਸਾ ਮਾਰਚ’ ਕੀਤੇ ਗਏ ਸਨ। ਸਾਲ 2008 ਵਿੱਚ ਭਗਤ ਰਵੀਦਾਸ ਜੀ ਦੇ ਆਗਮਨ ਦਿਹਾੜੇ ਮੌਕੇ ਫਤਹਿਗੜ੍ਹ ਸਾਹਿਬ ਤੋਂ ਦਰਬਾਰ ਸਾਹਿਬ (ਅੰਮ੍ਰਿਤਸਰ) ਤੱਕ ਦੋ ਦਿਨਾ ਮਾਰਚ ਕੀਤਾ ਗਿਆ ਸੀ। ਸਾਲ 2007-08 ਦੌਰਾਨ ਮਾਲਵਾ ਖੇਤਰ ਵਿੱਚ ਅੱਧੀ ਦਰਜਨ ਦੇ ਕਰੀਬ “ਖਾਲਸਾ ਮਾਰਚ” ਕੀਤੇ। ਇਹ ਸਾਰੇ ਮਾਰਚ ਵੀ ਪੁਰ-ਅਮਨ ਹੀ ਰਹੇ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਕੀਤੇ ਜਾ ਰਹੇ ਮਾਰਚ ਨਾਲ ਪੰਜਾਬ ਦੇ ਅਮਨ ਨੂੰ ਨਹੀਂ ਬਲਕਿ ਬਾਦਲ ਦਲ ਦੇ ਸਿਆਸੀ ਮੁਫਾਦਾਂ ਨੂੰ ਖ਼ਤਰਾ ਹੈ, ਜਿਸ ਕਾਰਨ ਬਾਦਲ-ਭਾਜਪਾ ਗਠਜੋੜ ਦੀ ਸਰਕਾਰ ਪੰਚ ਪ੍ਰਧਾਨੀ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀਂ ਡੱਕ ਰਹੀ ਹੈ।