ਬੀਜਿੰਗ: ਚੀਨ ਅਤੇ ਭਾਰਤ ‘ਚ ਸਿੱਕਮ ਸਰਹੱਦ ‘ਤੇ ਜਾਰੀ ਤਣਾਅ ਦੇ ਦੌਰਾਨ ਦੋਵਾਂ ਦੇਸ਼ਾਂ ਦੇ ਮੀਡੀਆ ‘ਚ ਤਰ੍ਹਾਂ-ਤਰ੍ਹਾਂ ਦੀਆਂ ਰਿਪੋਰਟਾਂ ਅਤੇ ਰਿਪੋਰਟਾਂ ਦਾ ਵਿਸ਼ਲੇਸ਼ਣ ਪ੍ਰਕਾਸ਼ਿਤ ਹੋ ਰਿਹਾ ਹੈ।
ਦੋਵਾਂ ਦੇਸ਼ਾਂ ਦੇ ਵਿਚਕਾਰ ਪਿਛਲੇ ਇਕ ਮਹੀਨੇ ਤੋਂ ਡੋਕਲਾਮ ‘ਤੇ ਖਿੱਚੋਤਾਣ ਕਾਇਮ ਹੈ। ਇਹ ਇਲਾਕਾ ਭਾਰਤ, ਚੀਨ ਅਤੇ ਭੂਟਾਨ ਦੀ ਸਰਹੱਦ ‘ਤੇ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। ਚੀਨ ਦਾ ਕਹਿਣਾ ਹੈ ਕਿ ਭਾਰਤੀ ਫੌਜੀਆਂ ਨੇ ਗਲਤ ਤਰੀਕੇ ਨਾਲ ਡੋਕਲਾਮ ਦੀ ਸਰਹੱਦ ਨੂੰ ਪਾਰ ਕੀਤਾ ਹੈ।
ਚੀਨ ਦਾ ਕਹਿਣਾ ਹੈ ਕਿ ਭਾਰਤ ਡੋਕਲਾਮ ਤੋਂ ਆਪਣੇ ਫੌਜੀ ਵਾਪਸ ਬੁਲਾਵੇ ਅਤੇ ਭਾਰਤ ਦਾ ਕਹਿਣਾ ਹੈ ਕਿ ਚੀਨ ਸਰਹੱਦ ‘ਤੇ ਸੜਕ ਬਣਾਉਣ ਦਾ ਕੰਮ ਬੰਦ ਕਰੇ।
ਇਸ ਦੌਰਾਨ, ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਸ ਨੇ ਇਕ ਸੰਪਾਦਕੀ ਟਿੱਪਣੀ ਛਾਪੀ ਹੈ ਜਿਸ ਵਿਚ ਉਸਨੇ ਸਪੱਸ਼ਟ ਕਿਹਾ ਹੈ ਕਿ ਭਾਰਤ ਦੇ ਹਿੰਦੂ ਰਾਸ਼ਟਰਵਾਦ ਤੋਂ ਦੋਵਾਂ ਮੁਲਕਾਂ ‘ਚ ਜੰਗ ਦਾ ਖ਼ਤਰਾ ਹੈ।
ਗੋਲਬਲ ਟਾਈਮਸ ਨੇ ਲਿਖਿਆ ਹੈ ਕਿ ਭਾਰਤ ਲਗਾਤਾਰ ਸਰਹੱਦ ‘ਤੇ ਭੜਕਾਹਟ ਪੈਦਾ ਕਰਨ ਦਾ ਕੰਮ ਕਰ ਰਿਹਾ ਹੈ ਅਤੇ ਦੂਜੇ ਪਾਸੇ ਭਾਰਤ ‘ਚ ਹਿੰਦੂ ਰਾਸ਼ਟਰਵਾਦ ਦੀ ਓਹਲੇ ਚੀਨ ਵਿਰੋਧੀ ਭਾਵਨਾ ਨੂੰ ਹਵਾ ਦਿੱਤੀ ਜਾ ਰਹੀ ਹੈ।
ਅਖ਼ਬਾਰ ਨੇ ਲਿਖਿਆ ਕਿ ਭਾਰਤ ਨੂੰ ਫੌਜੀ ਤਾਕਤ ਦੇ ਰੂਪ ‘ਚ ਚੀਨ ਦੇ ਮਾਮਲੇ ‘ਚ ਭਾਰੀ ਭੁਲੇਖਾ ਹੈ। ਚੀਨ ਦੇ ਇਸ ਸਰਕਾਰੀ ਅਖ਼ਬਾਰ ਨੇ ਲਿਖਿਆ ਹੈ ਕਿ ਭਾਰਤ ਚੀਨ ਨੂੰ ਇਕ ਤਾਕਤਵਰ ਦੁਸ਼ਮਣ ਦੇ ਰੂਪ ‘ਚ ਦੇਖਦਾ ਹੈ।
ਗਲੋਬਲ ਟਾਈਮਸ ਨੇ ਲਿਖਿਆ ਹੈ, “ਲੰਬੇ ਸਮੇਂ ਤੋਂ ਇਸ ਗੱਲ ਨੂੰ ਹਵਾ ਦਿੱਤੀ ਜਾ ਰਹੀ ਹੈ ਕਿ ਚੀਨ ਭਾਰਤ ਨੂੰ ਚਾਰੋ ਪਾਸਿਆਂ ਤੋਂ ਘੇਰ ਰਿਹਾ ਹੈ। ਦੂਜੇ ਪਾਸੇ ਚੀਨ ਦੋਸਤੀ ਦੀ ਭਾਵਨਾ ਪ੍ਰਗਟਾਉਂਦੇ ਹੋਏ ਭਾਰਤ ਨੂੰ ਵਨ ਬੈਲਟ, ਵਨ ਰੋਡ ‘ਚ ਸ਼ਾਮਲ ਹੋਣ ਲਈ ਸੱਦਾ ਦੇ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਵਨ ਬੈਲਟ, ਵਨ ਰੋਡ ਚੀਨ ਦੀ ਸਾਮਰਿਕ ਰਣਨੀਤੀ ਦਾ ਹਿੱਸਾ ਹੈ ਅਤੇ ਉਹ ਭਾਰਤ ਨੂੰ ਘੇਰ ਰਿਹਾ ਹੈ।”
ਚੀਨੀ ਅਖ਼ਬਾਰ ਨੇ ਆਪਣੇ ਸੰਪਾਦਕੀ ‘ਚ ਲਿਖਿਆ ਹੈ, “1962 ਦੀ ਜੰਗ ‘ਚ ਚੀਨ ਤੋਂ ਹਾਰ ਤੋਂ ਬਾਅਦ ਭਾਰਤੀ ਉਥੇ ਹੀ ਫਸੇ ਹੋਏ ਹਨ। ਉਹ ਅੱਗੇ ਨਹੀਂ ਵਧਣਾ ਚਾਹੁੰਦੇ। ਜੰਗ ਭਾਰਤ ਦੇ ਹੌਲੀ ਹੌਲੀ ਹੋਣ ਵਾਲੇ ਦਰਦ ਦਾ ਕਾਰਨ ਹੈ ਅਤੇ ਉਹ ਗੱਠ ਉਂਝ ਹੀ ਬੱਧੀ ਹੋਈ ਹੈ। ਅਜਿਹੇ ‘ਚ ਭਾਰਤ ਚੀਨ ਦੇ ਹਰ ਕੰਮ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਹੈ। ਚੀਨ ਦੇ ਵਿਕਾਸ ਨੂੰ ਭਾਰਤ ਲਈ ਬਦਕਿਸਮਤੀ ਵਾਂਗ ਦੇਖਿਆ ਜਾਂਦਾ ਹੈ। ਚੀਨ ਜਿੰਨੇ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਭਾਰਤ ਉਸ ਨਾਲ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦਾ ਹੈ।
ਗਲੋਬਲ ਟਾਈਮਸ ‘ਚ ਲਿਖਿਆ ਹੈ, “ਭਾਰਤ ‘ਚ ਰਾਸ਼ਟਰਵਾਦੀਆਂ ਦੀ ਉਤਸ਼ਾਹਪੂਰਨ ਮੰਗ ਹੁੰਦੀ ਹੈ ਕਿ ਉਹ ਚੀਨ ਤੋਂ ਬਦਲਾ ਲਵੇ ਅਤੇ ਇਹੀ ਭਾਵਨਾ ਤਣਾਅ ਵਧਾਉਣ ਦਾ ਕੰਮ ਕਰਦੀ ਹੈ। ਨਰਿੰਦਰ ਮੋਦੀ ਨੇ 2014 ਦੀਆਂ ਚੋਣਾਂ ਰਾਸ਼ਟਰਵਾਦੀ ਭਾਵਨਾਵਾਂ ਦੇ ਆਲੇ-ਦੁਆਲੇ ਲੜੀਆਂ ਸੀ। ਹਿੰਦੂ ਰਾਸ਼ਟਵਾਦ ਦੇ ਉਭਾਰ ਦੇ ਕਾਰਨ ਮੋਦੀ ਨੂੰ ਫਾਇਦਾ ਮਿਲ ਗਿਆ ਸੀ।”
ਅਖ਼ਬਾਰ ਨੇ ਲਿਖਿਆ ਹੈ, “ਇਸ ਨਾਲ ਮੋਦੀ ਨੂੰ ਇਕ ਪਾਸੇ ਤਾਕਤਾਂ ਤਾਂ ਮਿਲੀ ਹੀ ਪਰ ਦੂਜੇ ਪਾਸੇ ਭਾਰਤ ‘ਚ ਰੂੜ੍ਹੀਵਾਦੀਆਂ ਦਾ ਪ੍ਰਭਾਵ ਵਧ ਗਿਆ ਇਸ ਨਾਲ ਆਰਥਿਕ ਸੁਧਾਰਾਂ ਦੀ ਗਤੀ ਪ੍ਰਭਾਵਤ ਹੋ ਰਹੀ ਹੈ। ਭਾਰਤ ‘ਚ ਪਾਕਿਸਤਾਨ ਅਤੇ ਚੀਨ ਦੇ ਖਿਲਾਫ ਸਖਤ ਕਦਮ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਾਰ ਸਰਹੱਦ ‘ਤੇ ਤਣਾਅ ਪੂਰੀ ਤਰ੍ਹਾਂ ਨੇ ਯੋਜਨਾਬੱਧ ਹੈ ਤਾਂ ਜੋ ਧਾਰਮਿਕ ਰਾਸ਼ਟਰਵਾਦੀਆਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।”
ਚੀਨੀ ਅਖ਼ਬਾਰ ਨੇ ਲਿਖਿਆ ਹੈ ਕਿ ਜੇ ਭਾਰਤ ‘ਚ ਧਾਰਮਿਕ ਰਾਸ਼ਟਰਵਾਦ ਇੰਤਹਾਪਸੰਦੀ ‘ਤੇ ਉੱਤਰ ਆਇਆ ਤਾਂ ਮੋਦੀ ਸਰਕਾਰ ਸੰਭਲ ਨਹੀਂ ਸਕੇਗੀ ਕਿਉਂਕਿ 2014 ‘ਚ ਮੋਦੀ ਦੇ ਆਉਣ ਤੋਂ ਬਾਅਦ ਮੁਸਲਮਾਨਾਂ ਦੇ ਖਿਲਾਫ ਵਧੀ ਹਿੰਸਾ ਨੂੰ ਸਰਕਾਰ ਰੋਕਣ ‘ਚ ਨਾਕਾਮ ਰਾਹੀ ਹੈ।
ਗੋਲਬਲ ਟਾਈਮਸ ਨੇ ਲਿਖਿਆ, “ਚੀਨ ਅਤੇ ਭਾਰਤ ‘ਚ ਮੁਕਾਲਬਾ ਤਾਕਤ ਅਤੇ ਸਬਰ ‘ਤੇ ਨਿਰਭਰ ਕਰਦਾ ਹੈ। ਭਾਰਤ ਰਾਸ਼ਟਰੀ ਤਾਕਤ ਦੇ ਮਾਮਲੇ ‘ਚ ਚੀਨ ਤੋਂ ਕਮਜ਼ੋਰ ਹੈ ਪਰ ਉਸਦੇ ਰਣਨੀਤਕ ਅਤੇ ਸਿਆਸਤਦਾਨ ਭਾਰਤ ਅਤੇ ਚੀਨ ਦੇ ਵਿਚ ਰਿਸ਼ਤਿਆਂ ਨੂੰ ਰਾਸ਼ਟਰਵਾਦ ਦੇ ਹਵਾਲੇ ਹੋਣ ਤੋਂ ਰੋਕਣ ਦੀ ਸਿਆਣਪ ਨਹੀਂ ਦਿਖਾ ਪਾਉਂਦੇ। ਭਾਰਤ ਦੀ ਇਹ ਸੋਚ ਉਸਦੇ ਆਪਣੇ ਹਿਤਾਂ ਨੂੰ ਹੀ ਖ਼ਤਰੇ ਵਿਚ ਪਾ ਦਏਗੀ। ਭਾਰਤ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਕਿਉਂ ਧਾਰਮਿਕ ਰਾਸ਼ਟਰਵਾਦ ਦੋਵਾਂ ਮੁਲਕਾਂ ਨੂੰ ਜੰਗ ਵੱਲ ਧੱਕ ਸਕਦਾ ਹੈ।”
(ਸਰੋਤ: ਬੀਬੀਸੀ)