ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ): ਬੇਅੰਤ ਸਿੰਘ ਕਤਲ ਕੇਸ ਵਿਚ ਤਿਹਾੜ ਜੇਲ੍ਹ ਅੰਦਰ ਬੰਦ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਬੀਤੇ ਦੋ ਦਿਨ ਪਹਿਲਾ ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਉਨ੍ਹਾਂ ਦੀ ਮਾਤਾ ਪ੍ਰੀਤਮ ਕੌਰ ਨਾਲ ਮੁਲਾਕਾਤ ਲਈ ਦੋ ਘੰਟੇਆਂ ਦੀ ਪੈਰੋਲ ਨਾ ਦਿੱਤੇ ਜਾਣ ਦੇ ਫੈਂਸਲੇ ਖਿਲਾਫ ਪਰਿਵਾਰ ਵਲੋਂ ਸਖਤ ਨਰਾਜ਼ਗੀ ਪ੍ਰਗਟ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਭਾਈ ਭਿਓਰਾ ਦੇ ਮਾਤਾ ਜੀ ਜੋ ਕਿ ਬਿਮਾਰ ਚਲ ਰਹੇ ਹਨ ਤੇ ਉਨ੍ਹਾਂ ਨੇ ਅਪਣੇ ਪੁੱਤਰ ਪਰਮਜੀਤ ਸਿੰਘ ਨਾਲ ਇੱਛਾ ਪ੍ਰਗਟ ਕੀਤੀ ਸੀ ਜਿਸ ਲਈ ਹਾਈ ਕੋਰਟ ਵਲੋਂ ਉਨ੍ਹਾਂ ਨੂੰ ਜੇਲ੍ਹ ਅੰਦਰ ਮਿਲਣ ਲਈ ਆਗਿਆ ਦੇ ਦਿੱਤੀ ਸੀ ਪਰ ਡਾਕਟਰਾਂ ਦੀ ਮਾਹਿਰ ਟੀਮ ਦੋ ਵਾਰੀ ਉਨ੍ਹਾਂ ਦੀ ਸਿਹਤ ਦਾ ਮੁਆਇਨਾ ਕਰਦਿਆਂ ਉਨ੍ਹਾਂ ਵਲੋਂ ਸਫਰ ਨਾ ਕਰ ਸਕਣ ਦੀ ਰਿਪੋਰਟ ਹਾਈ ਕੋਰਟ ਅੰਦਰ ਦਾਖਿਲ ਕੀਤੀ ਗਈ ਸੀ । ਤਿਹਾੜ ਜੇਲ਼੍ਹ ਦੇ ਸੁਰਖਿਆ ਅਧਿਕਾਰੀਆਂ ਨੇ ਸੁਰਖਿਆ ਕਰਮੀਆਂ ਦੀ ਘਾਟ ਹੋਣ ਦੀ ਰਿਪੋਰਟ ਹਾਈ ਕੋਰਟ ਅੰਦਰ ਦਾਖਿਲ ਕੀਤੀ ਸੀ ਜਿਸ ਨੂੰ ਦੇਖਦਿਆਂ ਹਾਈ ਕੋਰਟ ਵਲੋਂ ਦੋ ਘੰਟੇ ਦੀ ਪੈਰੋਲ ਨਾ ਦਿੱਤੇ ਜਾਣ ਦੇ ਆਦੇਸ਼ ਕੀਤੇ ਸਨ ।
ਪਰਿਵਾਰ ਵਲੋਂ ਕਿਹਾ ਗਿਆ ਹੈ ਕਿ ਪਰਮਜੀਤ ਸਿੰਘ ਨੂੰ ਲੁਧਿਆਣਾਂ ਅਤੇ ਹੋਰ ਥਾਵਾਂ ਤੇ ਲੈ ਕੇ ਜਾਣ ਲਈ ਜੇਲ੍ਹ ਕੋਲ ਸੁਰਖਿਆ ਕਰਮੀਆਂ ਦੀ ਭਾਰੀ ਭਰਕਮ ਫੌਜ ਆ ਜਾਦੀਂ ਹੈ ਪਰ ਬਿਮਾਰ ਮਾਤਾ ਲਈ ਮਿਲਵਾਣ ਲਈ ਇਹ ਫੌਜ ਗਾਇਬ ਹੋ ਜਾਦੀ ਹੈ । ਉਨ੍ਹਾਂ ਨੇ ਤਲਖ ਲਹਿਜੇ ਵਿਚ ਕਿਹਾ ਕਿ ਸਮੇਂ ਦੀ ਸਰਕਾਰ ਜਾਣਬੂਝ ਕੇ ਸਿੱਖਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾ ਰਹੀ ਹੈ । ਉਨ੍ਹਾਂ ਕਿਹਾ ਕਿ ਅਸੀਮਾਨੰਦ, ਪ੍ਰਗਿਆ ਠਾਕੁਰ, ਦੇਵਾ ਠਾਕੁਰ ਅਤੇ ਹੋਰ ਬੇਅੰਤ ਆਰਐਸਐਸ ਵਰਕਰਾਂ ਨੂੰ ਬਿਨਾ ਸ਼ਰਤ ਜਮਾਨਤਾਂ ਦਿੱਤੀਆ ਜਾ ਰਹੀਆਂ ਹਨ ਤੇ ਦੂਜੇ ਪਾਸੇ ਅਦਾਲਤਾਂ ਵਲੋਂ ਦਿੱਤੀਆਂ ਸਜਾਵਾਂ ਤੋਂ ਵੀ ਵੱਧ ਸਮਾਂ ਜੇਲ੍ਹਾਂ ਕੱਟ ਚੁੱਕੇ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਦਾ ਵਰਤਾਵ ਕਰਦੇ ਹੋਏ ਰਿਹਾਈ ਤੇ ਦੂਰ ਪੈਰੋਲ ਵੀ ਨਹੀ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਇਸ ਗਲ ਦਾ ਸਖਤ ਨੋਟਿਸ ਲੈਦੇਂ ਹੋਏ ਇਕ ਸੰਘਰਸ਼ ਛੇੜਕੇ ਸੰਸਾਰ ਪੱਧਰ ਦੇ ਹਿੰਦੁਸਤਾਨ ਦੀ ਦੋਗਲੀ ਨੀਤੀਆਂ ਨੂੰ ਜਗਜਾਹਿਰ ਕਰਕੇ ਸਿੱਖਾਂ ਨੂੰ ਬਣਦੇ ਹੱਕ ਦਿਵਾਏ ਜਾਣ ।