ਲੰਡਨ (22 ਅਪ੍ਰੈਲ, 2011): ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਪੱਤਰ ਲਿਖ ਕੇ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਪ੍ਰਤੀ ਫਰਜ਼ ਪਛਾਨਣ ਲਈ ਆਖਿਆ ਗਿਆ ਹੈ । ਦਲ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਨੇ ਪੱਤਰ ਵਿੱਚ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਖਸ਼ੀਸ ਸਿੰਘ ਉਰਫ ਬਾਬਾ ਨੇ ਸਿੱਖ ਰਵਾਇਤਾਂ ਅਨੁਸਾਰ ਸਿਰਸੇ ਵਾਲੇ ਨੂੰ ਸੋਧਣ ਦਾ ਯਤਨ ਕੀਤਾ ਸੀ । ਜਿਸ ਕਾਰਨ ਉਹ ਲੰਬਾ ਸਮਾਂ ਰੂਪੋਸ਼ ਰਹਿਣ ਮਗਰੋਂ ਗ੍ਰਿਫਤਾਰ ਹੋ ਗਿਆ ਅਤੇ ਅੱਜ ਕੱਲ ਨਾਭਾ ਜੇਹਲ ਵਿੱਚ ਬੰਦ ਹੈ । ਪੁਲੀਸ ਵਲੋਂ ਉਸ ਖਿਲਾਫ ਦਰਜ ਕੀਤੇ ਕੇਸਾਂ ਕਾਰਨ ਉਹ ਕਈ ਪਹਿਲਾਂ ਵੀ ਨਾਭਾ ਜੇਹਲ ਵਿੱਚ ਗੁਜ਼ਾਰ ਚੁੱਕਾ ਹੈ । ਕੌਮ ਦੀ ਸੇਵਾ ਕਰਦਿਆਂ ਉਸਦਾ ਪਰਿਵਾਰ ਆਰਥਿਕ ਪੱਖ ਤੋਂ ਕਾਫੀ ਕਮਜ਼ੋਰ ਹੋ ਚੁੱਕਾ ਹੈ ਅਤੇ ਉਸ ਦੀ ਲੜਕੀ ਕੈਂਸਰ ਤੋਂ ਪੀੜਤ ਹੈ । ਇਸ ਕਰਕੇ ਉਸ ਨੂੰ ਕੌਮ ਦੀ ਬੱਚੀ ਜਾਣਦਿਆਂ ਉਸ ਦੇ ਇਲਾਜ ਲਈ ਸ੍ਰ਼ੋਮਣੀ ਕਮੇਟੀ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸ੍ਰ਼ੋਮਣੀ ਕਮੇਟੀ ਅਗਰ ਇਸ ਕਾਰਜ ਤੋਂ ਪਾਸਾ ਵੱਟਦੀ ਹੈ ਕਿ ਤਾਂ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੋਂ ਉਲੰਘਣਾ ਅਤੇ ਸਿੱਖ ਸੂਰਬੀਰ ਯੋਧਿਆਂ ਨਾਲ ਬੇਵਫਾਈ ਅਤੇ ਗੱਦਾਰੀ ਹੋਵੇਗੀ । ਸਿੱਖ ਕੌਮ ਦੀ ਕੌਮੀ ਅਣਖ , ਗੈਰਤ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਜੂਝਣ ਵਾਲੇ ਬੇਹੱਦ ਸਤਿਕਾਰ ਦੇ ਪਾਤਰ ਹਨ । ਸ੍ਰ਼ੋਮਣੀ ਕਮੇਟੀ ਜੋ ਕਿ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਅਤੇ ਸਿੱਖੀ ਦੇ ਪ੍ਰਚਾਰ ਲਈ ਹੋਂਦ ਵਿੱਚ ਆਈ ਹੈ ਇਸ ਦਾ ਮੁੱਢਲਾ ਫਰਜ਼ ਇਹ ਵੀ ਬਣਦਾ ਹੈ ਕਿ ਇਹ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਪੈਰਵਈ ਕਰੇ ਅਤੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਹੁਣ ਵਾਸਤੇ ਜੂਝ ਕੇ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਦੀ ਸੰਭਾਲ ਕਰੇ । ਸਾਲ 1983 ਅਕਤੂਬਰ ਮਹੀਨੇ 370 ਸਿੰਘ ਜੇਹਲਾਂ ਵਿੱਚ ਬੰਦ ਸਨ । ਉਹਨਾਂ ਵਿੱਚੋਂ ਤਿੰਨ ਸੌ ਸਿੰਘਾਂ ਦੀ ਪੈਰਵਈ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅੱਤ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਤੇ ਬਾਕੀ ਸੱਤਰ ਸਿੰਘਾਂ ਦੀ ਪੈਰਵਈ ਸ੍ਰ਼ੋਮਣੀ ਕਮੇਟੀ ਵਲੋਂ ਹੋ ਰਹੀ ਸੀ । ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਸ੍ਰ, ਮੱਕੜ ਨੂੰ ਇਹ ਸਵਾਲ ਕੀਤਾ ਗਿਆ ਹੈ ਉਸ ਦੀ ਅਗਵਾਈ ਵਾਲੀ ਸ੍ਰ਼ੋਮਣੀ ਕਮੇਟੀ ਜੇਹਲਾਂ ਵਿੱਚ ਬੰਦ ਕਿੰਨੇ ਕੁ ਸਿੰਘਾਂ ਦੀ ਪੈਰਵਈ ਕਰ ਰਹੀ ਹੈ ? ਕੀ ਕਦੇ ਇਹ ਜਾਨਣ ਦੀ ਕੋਸਿ਼ਸ਼ ਕੀਤੀ ਹੈ ਕਿ ਉਹਨਾਂ ਦੇ ਪਰਿਵਾਰਾਂ ਦੀ ਕੀ ਹਾਲਤ ਹੈ ? ਸ਼ਹੀਦਾਂ ਦੇ ਕਈ ਪਰਿਵਾਰ ਰੋਟੀ ਤੋਂ ਵੀ ਆਵਾਜਾਰ ਹਨ । ਕੀ ਸ੍ਰ਼ੋਮਣੀ ਕਮੇਟੀ ਦਾ ਫਰਜ਼ ਨਹੀਂ ਬਣਦਾ ਕਿ ਉਹ ਪੰਜਾਬ ਦੀਆਂ ਜਿਹਨਾਂ ਜੇਹਲਾਂ ਵਿੱਚ ਸਿੰਘ ਬੰਦ ਹਨ ਉਹਨਾਂ ਨੂੰ ਪ੍ਰਤੀ ਮਹੀਨਾ ਰਸਦ ਹੀ ਲਗਾ ਦੇਵੇ ? ਕੀ ਉਹਨਾਂ ਦੀ ਜ਼ਮੀਰ ਇਸ ਕਦਰ ਮਰ ਚੁੱਕੀ ਹੈ ਕਿ ਕੁਰਸੀ ਅਤੇ ਤਾਕਤ ਦੇ ਨਸ਼ੇ ਵਿੱਚ ਇਹ ਨਜ਼ਰ ਹੀ ਨਹੀ ਆ ਰਿਹਾ ਕਿ ਉਹ ਵੀ ਮਾਵਾਂ ਦੇ ਪੁੱਤ ਹਨ । ਸ੍ਰ ,ਮੱਕੜ ਨੂੰ ਮਹਿਸੂਸ ਕਰਨ ਲਈ ਆਖਿਆ ਗਿਆ ਅਗਰ ਉਸ ਦਾ ਪੁੱਤ ਢਾਈ ਘੰਟੇ ਥਾਣੇ ਵਿੱਚ ਬੰਦ ਕਰ ਦਿੱਤਾ ਜਾਵੇ ਤਾਂ ਉਸ ਦੀ ਕੀ ਹਾਲਤ ਹੋਵੇਗੀ । ਪਰ ਅੱਜ ਉਹ ਸਿੱਖ ਕਿਉਂ ਨਹੀਂ ਨਜ਼ਰ ਆ ਰਹੇ ਜੋ ਦੋ ਦੋ ਦਹਾਕਿਆਂ ਤੋਂ ਜੇਹਲਾਂ ਵਿੱਚ ਬੰਦ ਹਨ । ਇਹੀ ਹਾਲਤ ਅੱਜ ਸੰਤਾਂ ਮਹਾਂਪੁਰਸ਼ਾਂ ਦੀ ਹੈ । ਅਗਰ ਸੰਤ ਭਿੰਡਰਾਂਵਾਲੇ ਇਕੱਲੇ ਹੀ ਤਿੰਨ ਸੌ ਸਿੰਘਾਂ ਦੀ ਪੈਰਵਈ ਕਰ ਸਕਦੇ ਹਨ ਤਾਂ ਅਜੋਕੇ ਸੰਤ ਜਿਹੜੇ ਉਸ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਸ ਅਖਵਾਉਂਦੇ ਹਨ ਉਹ ਇਹ ਫਰਜ਼ ਕਿਉਂ ਨਹੀਂ ਨਿਭਾ ਰਹੇ ।