Site icon Sikh Siyasat News

ਦਿੱਲੀ ਚ ਭਾਰੀ ਮੀਂਹ ਨੇ 1951 ਦਾ ਰਿਕਾਰਡ ਤੋੜਿਆ ਪਰ ਕਿਸਾਨਾਂ ਦੇ ਹੌਂਸਲੇ ਬੁਲੰਦ ਰਹੇ

ਸਿੰਘੂ – ਕੁੰਡਲੀ ਬਾਰਡਰ: ਬੀਤੇ ਦਿਨ (19 ਮਈ ਨੂੰ) ਦਿੱਲੀ ਵਿੱਚ ਭਾਰੀ ਮੀਂਹ ਪਿਆ ਜਿਸ ਨੇ ਇੱਥੇ ਮਈ ਮਹੀਨੇ ਵਿੱਚ ਪੈਣ ਵਾਲੇ ਮੀਂਹ ਦਾ ਸੰਨ 1951 ਦਾ 70 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਮੌਂਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੀਂਹ ਤਾਉਕਤੇ ਤੂਫਾਨ ਅਤੇ ਲਹਿੰਦੇ ਦੀ ਮੌਸਮੀ ਹਲਚਲ (ਵੈਸਟਰਨ ਡਿਸਟਰਬੈਂਸ) ਦੇ ਅਸਰ ਕਾਰਨ ਪਿਆ ਹੈ।

 

ਦਿੱਲੀ ਵਿੱਚ ਬੁੱਧਵਾਰ ਸਵੇਰੇ 8:30 ਤੋਂ ਵੀਰਵਾਰ ਸਵੇਰੇ 8:30 ਤੱਕ 119.3 ਮਿਲੀਮੀਟਰ ਮੀਂਹ ਪਿਆ ਜੋ ਕਿ ਇੱਕ ਨਵਾਂ ਰਿਕਾਰਡ ਹੈ।

ਇਸ ਤੋਂ ਇਲਾਵਾ ਦਿੱਲੀ ਵਿੱਚ ਮਈ ਮਹੀਨੇ ਚ ਤਾਪਮਾਨ ਦੀ ਗਿਰਾਵਟ ਦਾ ਵੀ ਨਵਾਂ ਰਿਕਾਰਡ ਬਣਿਆ ਹੈ। ਬੀਤੇ ਦਿਨ ਪਿਛਲੇ 70 ਸਾਲਾਂ ਵਿੱਚ ਦਿੱਲੀ ਚ ਸਭ ਤੋਂ ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਜੋ ਕਿ ਮਈ 1951 ਤੋਂ ਬਾਅਦ ਹੁਣ ਤੱਕ ਦਾ ਇਸ ਮਹੀਨੇ ਵਿੱਚ ਦਰਜ਼ ਹੋਣ ਵਾਲਾ ਸਭ ਤੋਂ ਘੱਟ ਤਾਪਮਾਨ ਹੈ। ਦਿਲਚਸਪ ਗੱਲ ਹੈ ਕਿ ਬੀਤੇ ਦਿਨ ਦਿੱਲੀ ਦਾ ਤਾਪਮਾਨ ਸ਼੍ਰੀਨਗਰ (25.8 ਡਿਗਰੀ) ਅਤੇ ਧਰਮਸ਼ਾਲਾ (27.2 ਡਿਗਰੀ) ਤੋਂ ਵੀ ਘੱਟ ਦਰਜ਼ ਕੀਤਾ ਗਿਆ ਹੈ।

ਬੀਤੇ ਦਿਨ ਦਿੱਲੀ ਦਾ ਘੱਟ ਤੋਂ ਘੱਟ ਤਾਪਮਾਨ 21.4 ਡਿਗਰੀ ਸੀ ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 5 ਡਿਗਰੀ ਘੱਟ ਸੀ ਅਤੇ ਵੱਧ ਤੋਂ ਵੱਧ ਤਾਪਮਾਨ 25.7 ਡਿਗਰੀ ਸੀ ਜੋ ਕਿ ਇਸ ਮੌਸਮ ਦੇ ਆਮ ਤਾਪਮਾਨ ਨਾਲੋਂ 15 ਡਿਗਰੀ ਘੱਟ ਸੀ। ਦੂਜੇ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਭਾਵੇਂ ਇਸ ਭਾਰੀ ਮੀਂਹ ਕਾਰਨ ਦਿੱਕਤਾਂ ਵਿੱਚ ਵਾਧਾ ਹੋਇਆ ਹੈ ਪਰ ਫਿਰ ਵੀ ਉਹਨਾਂ ਦੇ ਹੌਂਸਲੇ ਬੁਲੰਦ ਹਨ।

ਬੀਤੇ ਦਿਨ ਦੇ ਝੱਖੜ ਅਤੇ ਮੀਂਹ ਨੇ ਅੰਦੋਲਨਕਾਰੀ ਕਿਸਾਨਾਂ ਦੇ ਤੰਬੂ ਤੇ ਛੰਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਿਸਾਨਾਂ ਦੇ ਰੈਣ-ਬਸੇਰਿਆਂ ਦੀਆਂ ਛੱਤਾਂ ਚੋਣ ਲੱਗ ਪਈਆਂ। ਦੂਜੇ ਪਾਸੇ ਮੀਂਹ ਕਾਰਨ ਇਕੱਠਾ ਹੋਇਆ ਪਾਣੀ ਵੀ ਇਹਨਾਂ ਰੈਣ-ਬਸੇਰਿਆਂ ਤੇ ਲੰਗਰਾਂ ਵਿੱਚ ਦਾਖਲ ਹੋ ਗਿਆ। ਕਿਸਾਨਾਂ ਦਾ ਸਾਜੋ-ਸਮਾਨ ਜਿਵੇਂ ਕਿ ਬਿਸਤਰੇ, ਗੱਦੇ ਅਤੇ ਰਾਸ਼ਨ ਭਿੱਗ ਗਿਆ। ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਸਰਕਾਰਾਂ ਖੇਤੀ ਬਿੱਲਾਂ ਦੇ ਮਸਲੇ ਨੂੰ ਹੱਲ ਨਾ ਕਰਕੇ ਬੇਸ਼ਰਮੀ ਦੀ ਹੱਦ ਟੱਪ ਰਹੀਆਂ ਹਨ ਓਥੇ ਕੁਦਰਤ ਵੀ ਉਹਨਾਂ ਦੇ ਸਬਰ ਦੀ ਪਰਖ ਕਰ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਸੰਘਰਸ਼ ਦੇ ਟੀਚਿਆਂ ਨੂੰ ਸਰ ਕੀਤੇ ਬਿਨਾ ਵਾਪਿਸ ਨਹੀਂ ਮੁੜਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version