ਚੰਡੀਗੜ੍ਹ (30 ਅਕਤੂਬਰ, 2015): ਸਿੱਖ ਪ੍ਰਚਾਰਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਖੂਨ ਪੇਸ਼ ਕਰਨ ਲਈ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ ਤੱਕ ਅੱਜ ਮਾਰਚ ਕੀਤਾ ਜਾ ਰਿਹਾ ਹੈ। ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿੱਚ ਸਿੱਖ ਪ੍ਰਚਾਰਕਾਂ ਨੇ ਫੈਸਲਾ ਕੀਤਾ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰ ਰਹੀਆਂ ਘਟਨਾਵਾਂ ਅਤੇ 14 ਅਕਤੂਬਰ ਨੂੰ ਪੰਜਾਬ ਪੁਲਿਸ ਵੱਲੋਂ ਸ਼ਾਂਤਮਈ ਰੋਸ ਧਰਨਾ ਦੇ ਰਹੀਆਂ ਸਿੱਖ ਸੰਗਤਾਂ ‘ਤੇ ਗੋਲੀਆਂ ਚਲਾਉਣ ਦੇ ਰੋਸ ਵਜੋਂ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਵੱਲ ਰੋਸ ਮਾਰਚ ਕਰਨਗੇ।
ਚੰਡੀਗੜ੍ਹ ਪ੍ਰਸ਼ਾਸ਼ਨ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਨੂੰ ਮੋਹਾਲੀ ਦੇ ਫੇਸ 7 ਵਿੱਚ ਜੋੜਦੀ ਸੜਕ ‘ਤੇ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਹਨ।ਪੁਲਿਸ ਨੇ ਚੰਡੀਗੜ੍ਹ ਦੀ ਹੱਦ ‘ਤੇ ਭਾਰੀ ਰੋਕਾਂ ਲਾਈਆਂ ਹਨ ਅਤੇ ਵੱਡੀ ਸੰਖਿਆ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਔਰਤ ਕਰਮਚਾਰੀਆਂ ਸਮੇਤ ਤਾਇਨਾਤ ਕੀਤਾ ਹੋਇਆ ਹੈ ।
ਸਿੱਖ ਪ੍ਰਚਾਰਕ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਲੱਭਣ ਵਿੱਚ ਅਸਫਲ ਰਹਿਣ ਕਰਕੇ ਪੰਜਾਬ ਸਰਕਾਰ ਦੀ ਆਲੋਚਨਾ ਕਰ ਰਹੇ ਹਨ।ਭਾਵੇਂ ਕਿ ਪੁਲਿਸ ਨੇ ਇਸ ਕੇਸ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਸਿੱਖ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਝੂਠੇ ਕੇਸ ਵਿੱਚ ਫਸਾਇਆ ਹੈ।
ਇਸ ਵਰਨਣਯੋਗ ਹੈ ਕਿ ਬਰਗਾੜੀ ਬੇਅਦਬੀ ਕੇਸ ਨੂੰ ਹੱਲ ਕਰਨ ਲਈ ਬਣੇ ਦਬਾਅ ਤਹਿਤ ਪੁਲਿਸ ਨੇ ਇਸ ਘਟਨਾ ਵਿੱਚ ਵਿਦੇਸ਼ੀ ਹੱਥ ਹੋਣ ਦਾ ਦੋਸ਼ ਲਾਉਦਿਆਂ ਦੋ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਦੀ ਕਹਾਣੀ ਉਦੋਂ ਖੋਖਲੀ ਸਾਬਤ ਹੋਈ ਜਦੋਂ ਵਿਦੇਸ਼ਾਂ ਤੋਂ ਦੱਸੇ ਜਾਂਦੇ ਫੋਨ ਕਰਨ ਵਾਲ਼ਿਆਂ ਨੇ ਦੁਬਈ ਅਤੇ ਆਸਟਰੇਲੀਆ ਤੋਂ ਮੀਡੀਆ ਸਾਹਮਣੇ ਆ ਕੇ ਪੁਲਿਸ ਦੀ ਇਸ ਝੂਠੀ ਕਹਾਣੀ ਦਾ ਪਰਦਾਫਾਸ਼ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੁਪਿੰਦਰ ਸਿੰਘ ਦੇ ਇਲਾਜ਼ ਲਈ ਉਸਨੂੰ ਪੈਸੇ ਭੇਜੇ ਸਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਕਿ ਪੁਲਿਸ ਉਨ੍ਹਾਂ ਦੀ ਰੁਪੰਦਰ ਨਾਲ ਹੋਈ ਗੱਲਬਾਤ ਦੀ ਪੁਰੀ ਰਿਕਾਰਡਿੰਗ ਲੋਕਾਂ ਸਾਹਮਣੇ ਰੱਖੇ।