ਲੰਡਨ (14 ਅਕਤੂਬਰ, 2015): ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਸਿੱਖ ਸੰਗਤਾਂ ‘ਤੇ ਕੀਤੀ ਗੋਲੀਬਾਰੀ ਵਿੱਚ ਦੋ ਸਿੱਖਾਂ ਦੇ ਸ਼ਹੀਦ ਹੋ ਜਾਣ ਅਤੇ ਅਨੇਕਾਂ ਦੇ ਜ਼ਖ਼ਮੀ ਹੋਣ ਦੀ ਘਟਨਾਂ ਦੀ ਸਿੱਖ ਫੈਡਰੇਸ਼ਨ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਿੱਖ ਸਿਆਸਤ ਨੂੰ ਸੰਸਥਾ ਦੇ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਵੱਲੋਂ ਭੇਜੇ ਲਿਖਤੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾਂ ਤੋਂ ਬਾਅਦ ਰੋਹ ਅਤੇ ਰੋਸ ਵਿੱਚ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਨੇ ਕੋਟਕਪੂਰਾ ਵਿੱਚ ਸ਼ਾਂਤਮਈ ਰੋਸ ਮੁਜ਼ਾਹਰਾ ਕਰਨ ਲਈ ਸਵੇਰ ਤੋਂ ਧਰਨਾ ਲਾਇਆ ਹੋਇਆ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 100 ਤੋਂ ਵਧੇਰੇ ਅੰਗ ਖੰਡਤ ਕਰਕੇ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਸਿੱਖ ਸੰਗਤਾਂ ਨੇ ਪਿੰਡ ਦਗਰੂ ਨੇੜੇ ਫਿਰੋਜ਼ਪੁਰ-ਮੋਗਾ ਅਤੇ ਮੋਗਾ-ਕੋਟਕਪੁਰਾ ਸੜਕ ਨੂੰ ਪਿੰਡ ਸਮਾਲਸਰ ਅਤੇ ਰੋਡੇ ਵਿੱਚ ਬੰਦ ਕੀਤਾ।
ਪ੍ਰੈਸ ਨੋਟ ਵਿੱਚ ਅੱਗੇ ਲਿਖਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਅਤੇ ਉਸਤੋਂ ਬਾਅਦ ਉਸਦੇ ਚੇਲਿਆਂ ਦੇ ਨਾਮ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲਈ ਹੱਥ ਲਿਖਤ ਇਸ਼ਤਿਹਾਰ ਦੇ ਸਾਹਮਣੇ ਆਉਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੁਪ ਦੀ ਘਟਨਾਂ ਦੇ ਵਿਰੋਧ ਵਿੱਚ ਇਸ ਰੋਸ ਮੁਜ਼ਾਹਰੇ ਹੋਏ। ਭਾਂਵੇਂ ਕਿ ਸੌਦਾ ਸਾਧ ਵੱਲੋਂ ਇਸ ਘਟਨਾਂ ਨਾਲ ਕਿਸੇ ਵੀ ਤਰਾਂ ਦਾ ਸਬੰਧ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਅੱਜ ਸਵੇਰੇ ਜਦ ਸਿੱਖ ਸੰਗਤ ਅੰਮ੍ਰਿਤ ਵਾਲੇ ਦੇ ਨਿਤਨੇਮ ਦਾ ਪਾਠ ਕਰ ਰਹੀ ਸੀ ਤਾਂ ਪੁਲਿਸ ਵੱਲੋਂ ਉਸ ‘ਤੇ ਜ਼ਬਰ ਕਰਨਾ ਸ਼ੁਰੂ ਕਰ ਦਿੱਤਾ।ਸ਼ੁਰੂ ਵਿੱਚ ਪੁਲਿਸ ਨੇ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਡਾਗਾਂ ਨਾਲ ਹਮਲਾ ਕੀਤਾ ਅਤੇ ਫਿਰ ਪਾਣੀ ਦੀ ਤੋਪਾਂ ਦੀਆਂ ਬੁਛਾੜਾਂ ਨਾਲ ਸਿੱਖ ਸੰਗਤ ਨੂੰ ਖਿਲਾਰਨ ਦੀ ਕੋਸ਼ਿਸ਼ ਕੀਤੀ।
ਬਾਅਦ ਵਿੱਚ ਪੁਲਿਸ ਨੇ ਨਿਹੱਥੇ ਸਿੱਖ ਧਰਨਾ ਕਾਰੀਆਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਮਾਰ ਦਿੱਤਾ ਅਤੇ ਦਰਜ਼ਨਾ ਜ਼ਖ਼ਮੀ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਗੋਲੀਆਂ ਨਾਲ ਮਰਨ ਵਾਲਿਆਂ ਦੀ ਪਛਾਣ 45 ਸਾਲਾ ਕਿਸ਼ਨ ਸਿੰਘ ਪਿੰਡ ਨਿਮਾਮੀਵਾਲਾ ਅਤੇ ਸਰਾਵਾਂ ਪਿੰਡ ਦੇ ਵੀਹ ਸਾਲਾ ਨੌਜਵਾਨ ਗੁਰਜੀਤ ਸਿੰਘ ਵਜੋਂ ਹੋਈ ਹੈ।ਲੋਕਤੰਤਰੀ ਅਧਿਕਾਰਾਂ ਤਹਿਤ ਸ਼ਾਂਤਮਈ ਤਰੀਕੇ ਨਾਲ ਰੋਸ ਜ਼ਾਹਿਰ ਕਰ ਰਹੇ ਸਿੱਖਾਂ ‘ਤੇ ਚਲਾਈਆਂ ਗੋਲੀਆਂ,ਕੀਤੀ ਗਈ ਕੁੱਟਮਾਰ ਅਤੇ ਖਿੱਚਧੂਹ ਦੇ ਹੌਲਨਾਕ ਦ੍ਰਿਸ਼ ਹਰ ਕਿਸੇ ਨੂੰ 1984 ਵਿੱਚ ਸਿੱਖਾਂ ‘ਤੇ ਹੋਏ ਸਾਰਕਾਰੀ ਜ਼ੁਲਮ ਦੀ ਯਾਦ ਤਾਜ਼ਾ ਕਰਵਾ ਰਹੇ ਸਨ।ਤਾਜ਼ਾ ਵਾਪਰੀਆਂ ਸਿੱਖਾਂ ‘ਤੇ ਪੁਲਿਸ ਤਸ਼ੱਦਦ ਦੀਆਂ ਘਟਨਾਵਾਂ ਤੋਂ ਮਹਿਸੂਸ ਹੁੰਦਾ ਹੈ ਕਿ 1984 ਤੋਂ ਬਾਅਦ ਸਿੱਖਾਂ ਲਈ ਕੁਝ ਨਹੀਂ ਬਦਲਿਆ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਸਾਰਾ ਕੁਝ ਵਾਪਰਨ ਤੋਂ ਬਾਅਦ ਹਾਈਕੋਰਟ ਦੇ ਜੱਜ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਅਦ ਦੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਦਾ ਐਲਾਨ ਕੀਤਾ ਗਿਆ।ਮੁੱਖ ਮੰਤਰੀ ਨੇ ਕਿਹਾ ਕਿ ਇਹ ਘਨਾਉਣੀ ਘਟਨਾ ਦੇ ਜ਼ਿਮੇਵਾਰ ਵਿਅਕਤੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆ।
ਪੰਜਾਬ ਦੇ ੳੁੱਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲ਼ਿਆਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਇੱਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ।
ਸਿੱਖ ਫੈਡਰੇਸ਼ਨ ਯੂਕੇ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਕਿ “ ਅਸੀਂ ਪੰਜਾਬ ਪੁਲਿਸ ਵੱਲੋਂ ਸ਼ਾਂਤਮਈ ਰੋਸ ਧਰਨਾ ਦੇ ਰਹੇ ਸਿੱਖਾਂ ‘ਤੇ ਗੋਲੀਆਂ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰਨ ਦੀ ਸਖਤ ਨਿਖੇਧੀ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਦੇ ਹਾਂ।ਸਿੱਖਾਂ ਨੂੰ ਪੁਲਿਸ ਵੱਲੋਂ ਬੇਰਿਹਮੀ ਨਾਲ ਸਿਰਫ ਇਸੇ ਕਰਕੇ ਕੁੱਟਿਆ, ਗੋਲੀਆਂ ਨਾਲ ਮਾਰਿਆ ਗਿਆ ਕਿ ਉਹ ਸਾਡੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟਾ ਰਹੇ ਸਨ।