ਨਵੀਂ ਦਿੱਲੀ (26 ਮਾਰਚ, 2015): ਭਾਰਤੀ ਮੁੱਖ ਜਾਂਚ ਏਜ਼ੰਸੀ ਸੀਬੀਆਈ ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਨੂੰ ਦੋਸ਼ ਮੁਕਤ ਕੀਤੇ ਜਾਣ ਲਈ ਅਦਾਲਤ ਵਿੱਚ ਦਿੱਤੀ ਕੇਸ ਬੰਦ ਕਰਨ ਦੀ ਰਿਪੋਰਟ ‘ਤੇ ਕੱਲ ਸੁਣਵਾਈ ਹੋਵੇਗੀ।
ਐਡੀਸ਼ਨਲ ਚੀਫ਼ ਮੈਟਰੋਪੁਲੀਟਨ ਮੈਜਿਸਟ੍ਰੇਟ ਸੌਰਭ ਪ੍ਰਤਾਪ ਸਿੰਘ ਨੇ ਇਸ ਮਾਮਲੇ ‘ਚ ਸ਼ਿਕਾਇਤਕਰਤਾ ਅਤੇ ਪੀੜਤ ਲਖਵਿੰਦਰ ਕੌਰ ਦੇ ਲਈ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਪਤੀ ਬਾਦਲ ਸਿੰਘ ’84 ਦੇ ਦੰਗਿਆਂ ਦੌਰਾਨ ਮਾਰਿਆ ਗਿਆ ਸੀ, ਕਲੋਜ਼ਰ ਰਿਪੋਰਟ ਸਬੰਧੀ ਹੁਣ ਅਦਾਲਤ ‘ਚ ਕੱਲ੍ਹ ਸੁਣਵਾਈ ਹੋਵੇਗੀ ।
ਇਸ ਮਾਮਲੇ ‘ਚ ਸੀ. ਬੀ. ਆਈ. ਵੱਲੋਂ ਚੁੱਪ ਚਪੀਤੇ ਹੀ ਟਾਈਟਲਰ ਨੂੰ ਕਲੀਨ ਚਿੱਟ ਦਿੱਤੇ ਜਾਣ ਅਤੇ ਕਲੋਜ਼ਰ ਰਿਪੋਰਟ ਸਬੰਧੀ ਪੀੜਤ ਦੇ ਵਕੀਲ ਨੇ ਵਿਰੋਧ ਪ੍ਰਗਟ ਕਰਦਿਆ ਕਿਹਾ ਸੀ ਕਿ ਕਲੀਨ ਚਿੱਟ ਚੋਰੀ ਛਿਪੇ ਕਿਉਂ ਦਿੱਤੀ ਗਈ ਹੈ ।ਸੀ. ਬੀ. ਆਈ. ਵੱਲੋਂ ਟਾਈਟਲਰ ਨੂੰ ਤੀਸਰੀ ਵਾਰ ਕਲੀਨ ਚਿੱਟ ਦਿੱਤੀ ਗਈ ਹੈ ।
ਜ਼ਿਕਰਯੋਗ ਹੈ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਸਰਪ੍ਰਸਤੀ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੇ ਕਤਲੇਆਮ ਦੇ ਕੇਸ ਵਿੱਚ ਦਿੱਲੀ ਸਿੱਖ ਕਤਲੇਆਮ ਲਈ ਬਦਨਾਮ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਨੂੰ ਲਗਾਤਾਰ ਤੀਜੀ ਵਾਰੀ ਸੀ.ਬੀ.ਆਈ. ਨੇ ਕੇਸ ‘ਚ ਕਲੋਜ਼ਰ ਰੀਪੋਰਟ ਦਾਇਰ ਕਰਕੇ ਕਲੀਨ ਚਿੱਟ ਦਿੱਤੀ ਹੈ।ਅਦਾਲਤ ਨੇ ਅੱਜ ਇਸ ਮਾਮਲੇ ‘ਚ ਕਤਲੇਆਮ ਪੀੜਤ ਨੂੰ ਨੋਟਿਸ ਜਾਰੀ ਕੀਤਾ ਹੈ।
ਅਪ੍ਰੈਲ, 2013 ‘ਚ ਅਦਾਲਤ ਨੇ ਸੀ.ਬੀ.ਆਈ. ਵਲੋਂ ਦਾਖ਼ਲ ਕਲੋਜ਼ਰ ਰੀਪੋਰਟ ਨੂੰ ਖਾਰਜ ਕਰ ਦਿਤਾ ਸੀ ਅਤੇ ਇਸ ਨੂੰ ਮਾਮਲੇ ‘ਚ ਹੋਰ ਜਾਂਚ ਕਰਨ ਦਾ ਹੁਕਮ ਦਿਤਾ ਸੀ। ਸੀ.ਬੀ.ਆਈ. ਨੇ ਕਿਹਾ ਕਿ ਇਸ ਨੇ ਅਦਾਲਤ ਦੀ ਹਦਾਇਤ ‘ਤੇ ਕੇਸ ‘ਚ ਹੋਰ ਜਾਂਚ ਕੀਤੀ ਹੈ ਅਤੇ ਇਸ ਮਾਮਲੇ ਨੂੰ ਬੰਦ ਕਰਨ ਦੀ ਰੀਪੋਰਟ ਦਾਇਰ ਕਰ ਦਿਤੀ ਹੈ। ਟਾਈਟਲਰ ਨੂੰ ਪਹਿਲਾਂ ਵੀ ਦੋ ਵਾਰੀ ਸੀ.ਬੀ.ਆਈ. ਤੋਂ ਕਲੀਨ ਚਿਟ ਮਿਲੀ ਸੀ ਅਤੇ ਸੀਬੀਆਈ ਨੇ ਇਸ ਕੇਸ ਨੂੰ ਬੰਦ ਕਰ ਦਿਤਾ ਸੀ।
ਤਾਜ਼ਾ ਰੀਪੋਰਟ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਸਾਹਮਣੇ ਦਾਖ਼ਲ ਕੀਤੀ ਗਈ ਸੀ ਜਿਸ ਨੇ ਇਸ ਨੂੰ ਅਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਸੁਭਾਸ਼ ਪ੍ਰਤਾਪ ਸਿੰਘ ਕੋਲ ਭੇਜ ਦਿਤਾ। ਉਨ੍ਹਾਂ ਕਤਲੇਆਮ ਪੀੜਤ ਅਤੇ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੂੰ 27 ਮਾਰਚ ਲਈ ਨੋਟਿਸ ਜਾਰੀ ਕੀਤਾ ਹੈ ਜਿਨ੍ਹਾਂ ਦੇ ਪਤੀ ਬਾਦਲ ਸਿੰਘ ਦੀ 1984 ਕਤਲੇਆਮ ਦੌਰਾਨ ਮੌਤ ਹੋ ਗਈ ਸੀ।