Site icon Sikh Siyasat News

ਸਿੱਖ ਆਗੂਆਂ ਦੀ ਗ੍ਰਿਫਤਾਰੀਆਂ ਸੰਬੰਧੀ ਹਾਈਕੋਰਟ ‘ਚ ਸੁਣਵਾਈ 18 ਨਵੰਬਰ ਨੂੰ

ਚੰਡੀਗੜ੍ਹ: 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਇਕੱਠ ਨੂੰ ਰੋਕਣ ਲਈ ਪੰਜਾਬ ਪੁਲਿਸ ਵਲੋਂ ਕੀਤੀਆਂ ਗਈਆਂ ਗ਼ੈਰਕਾਨੂੰਨੀ ਗ੍ਰਿਫਤਾਰੀਆਂ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਸਬੰਧੀ ਜਾਂਚ ਰਿਪੋਰਟ ਦੇਣ ਲਈ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਸਮਾਂ ਦਿੱਤਾ ਹੈ।

ਹਿਰਾਸਤ ਵਿੱਚ ਲਏ ਵਿਅਕਤੀਆਂ ਨੂੰ ਛੱਡਣ ਦੀ ਮੰਗ ਕਰਦਿਆਂ ਸਿਮਰਨਜੀਤ ਸਿੰਘ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਮਿਹਰਦੀਪ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਮਾਮਲੇ ਸਬੰਧੀ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਹਾਲੇ ਜਾਰੀ ਹੈ। ਇਸ ’ਤੇ ਜਸਟਿਸ ਜਤਿੰਦਰ ਚੌਹਾਨ ਨੇ ਮਾਮਲੇ ਦੀ ਸੁਣਵਾਈ 18 ਨਵੰਬਰ ’ਤੇ ਪਾ ਦਿੱਤੀ।

ਫਾਈਲ ਫੋਟੋ

ਇਸ ਤੋਂ ਪਹਿਲਾਂ ਬੈਂਚ ਨੇ 24 ਘੰਟਿਆਂ ਦੀ ਮੋਹਲਤ ਦਿੰਦਿਆਂ ਪੰਜਾਬ ਸਰਕਾਰ ਨੂੰ ਵੀਰਵਾਰ ਨੂੰ ਮਾਮਲੇ ਸਬੰਧੀ ਜਵਾਬ ਦੇਣ ਲਈ ਕਿਹਾ ਸੀ। ਪਟੀਸ਼ਨਰ ਦੇ ਵਕੀਲ ਨੇ ਦੱਸਿਆ ਕਿ ਪਟੀਸ਼ਨਰ ਨੂੰ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਸੀ। ਪਟੀਸ਼ਨ ਵਿੱਚ ਸਿਮਰਨਜੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਪੁਲਿਸ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਹਿ ’ਤੇ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕਾਂ ਤੇ ਸਮਰਥਕਾਂ ਦੇ ਘਰਾਂ ਉਤੇ ਛਾਪੇ ਮਾਰੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version