ਸਿੱਖ ਖਬਰਾਂ

ਸਿੱਖ ਕਤਲੇਆਮ ਦੇ ਕੇਸਾਂ ਦੀ ਰੋਜ਼ਾਨਾ ਸੁਣਵਾਈ ਲਈ ਪਟੀਸ਼ਨ ਦਾਖ਼ਲ-ਫ਼ੂਲਕਾ

By ਸਿੱਖ ਸਿਆਸਤ ਬਿਊਰੋ

January 24, 2010

ਜਲੰਧਰ (23 ਜਨਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ਅਜੀਤ ਵਿੱਚ ਪ੍ਰਕਾਸ਼ਿਤ ਇੱਕ ਅਹਿਮ ਖਬਰ ਅਨੁਸਾਰ 1984 ਦੇ ਸਿੱਖ ਕਤਲੇਆਮ ਵਿਚ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸੀ.ਬੀ.ਆਈ. ਅਜੇ ਵੀ ਗੰਭੀਰ ਨਹੀਂ ਹੈ। ਇਹ ਦੋਸ਼ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਆ ਰਹੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ: ਹਰਵਿੰਦਰ ਸਿੰਘ ਫ਼ੂਲਕਾ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਲਾਏ। ਸ: ਫ਼ੂਲਕਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਜਗ੍ਹਾ ਸੀ.ਬੀ.ਆਈ. ਵੱਲੋਂ ਐਸਾ ਪੈਂਤੜਾ ਵਰਤਿਆ ਗਿਆ ਕਿ ਸੱਜਣ ਕੁਮਾਰ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦੇ ਨਾਲ ਨਾਲ ਉਸਦੀ ਅਗਾਊਂ ਜ਼ਮਾਨਤ ਲਈ ਰਾਹ ਪੱਧਰਾ ਕੀਤਾ ਜਾ ਸਕੇ। ਉਨ੍ਹਾਂ ਸੁਚੇਤ ਕੀਤਾ ਕਿ ਸੀ.ਬੀ.ਆਈ. ਦੇ ਵਕੀਲਾਂ ਦੇ ਹੱਥਾਂ ਵਿਚ ਕੇਸ ਛੱਡਣਾ ਇਕ ਵੱਡੀ ਗਲਤੀ ਸਾਬਿਤ ਹੋਵੇਗਾ। ਸ: ਫ਼ੂਲਕਾ ਨੇ ਦੱਸਿਆ ਕਿ ਇਨਸਾਫ਼ ਲਈ ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਅਤੇ ਜਸਟਿਸ ਰਜਿੰਦਰ ਸੱਚਰ ਆਦਿ ਮੈਂਬਰਾਂ ਵਾਲੀ ‘ਨਵੰਬਰ 1984 ਕਾਰਨੇਜ ਜਸਟਿਸ ਕਮੇਟੀ’ ਵੱਲੋਂ ਦਿੱਲੀ ਹਾਈਕੋਰਟ ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿਚ ਮੁੱਖ ਤੌਰ ’ਤੇ ਤਿੰਨ ਬੇਨਤੀਆਂ ਕੀਤੀਆਂ ਗਈਆਂ ਹਨ।

ਇਨ੍ਹਾਂ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ 25 ਵਰ੍ਹੇ ਲੰਘ ਜਾਣ ਕਾਰਨ ਵੀ ਅਜੇ ਕੇਸਾਂ ਦਾ ਕੋਈ ਨਿਬੇੜਾ ਨਾ ਹੋਣ ਅਤੇ ਕੁਝ ਕੇਸ ਅਜੇ ਹੁਣੇ ਹੀ ਦਾਖ਼ਲ ਹੋਣ ਦੀ ਤਲਖ਼ ਹਕੀਕਤ ਦੇ ਮੱਦੇਨਜ਼ਰ ਇਨ੍ਹਾਂ ਕੇਸਾਂ ਦੀ ਰੋਜ਼ਾਨਾ ਸੁਣਵਾਈ ਹੋਵੇ।

ਇਸ ਮੌਕੇ ਆਪਣੇ ਸੰਬੋਧਨ ਵਿਚ ਇਨ੍ਹਾਂ ਮਾਮਲਿਆਂ ਦੀ ਪੰਜਾਬ ਪੱਧਰ ’ਤੇ ਪੈਰਵੀ ਕਰ ਰਹੇ ਸੀਨੀਅਰ ਵਕੀਲ ਸ: ਨਵਕਿਰਨ ਸਿੰਘ ਨੇ ਇਸ ਗੱਲ ’ਤੇ ਅਫ਼ਸੋਸ ਜ਼ਾਹਿਰ ਕੀਤਾ ਕਿ 25 ਵਰ੍ਹੇ ਲੰਘ ਜਾਣ ਬਾਅਦ ਅੱਜ ਵੀ ਪੰਜਾਬ ਅੰਦਰ ਪੀੜਤਾਂ ਕੋਲ ‘ਲਾਲ ਕਾਰਡ’ ਤਕ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਇਸ ਮਾਮਲੇ ਵਿਚ ਇਨਸਾਫ਼ ਮਿਲਣ ਜਾਂ ਨਾ ਮਿਲਣ ਦੀ ਬਹੁਤੀ ਮਹੱਤਤਾ ਨਹੀਂ ਰਹੀ ਪਰ ਇਹ ਲੜਾਈ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ 1984 ਤੋਂ ਸ਼ੁਰੂ ਹੋ ਕੇ ਦੇਸ਼ ਅੰਦਰ ਘੱਟਗਿਣਤੀਆਂ ਦੀ ਨਸਲਕੁਸ਼ੀ ਦਾ ਜੋ ਵਰਤਾਰਾ ਚੱਲਿਆ ਹੈ ਉਸਦਾ ਅਸਲ ਕਾਰਨ ਇਹੀ ਰਿਹਾ ਹੈ ਕਿ 1984 ਦੇ ਦੋਸ਼ੀਆਂ ਨੂੰ ਹੁਣ ਤਕ ਸਜ਼ਾਵਾਂ ਨਹੀਂ ਮਿਲੀਆਂ। ਉਨ੍ਹਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਵੱਲੋਂ ਭਾਰਤ ਭਰ ਵਿਚ ਨਵੰਬਰ 1984 ਵਿਚ ਮਾਰੇ ਗਏ ਸਿੱਖਾਂ ਦੀ ਸੂਚੀ ਮੰਗੇ ਜਾਣ ’ਤੇ ਇਹ ਦੱਸਿਆ ਗਿਆ ਕਿ ਬੋਕਾਰੋ ਵਿਚ ਮਾਰੇ ਗਏ ਸਿੱਖਾਂ ਦਾ ਰਿਕਾਰਡ ਹੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਮੌਕੇ ਸ: ਫ਼ੂਲਕਾ ਅਤੇ ਸ: ਨਵਕਿਰਨ ਸਿੰਘ ਨੇ ‘ਸਿੱਖਸ ਫ਼ਾਰ ਜਸਟਿਸ’ ਅਤੇ ਸ: ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਾਲੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਵੱਲੋਂ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸ: ਪੀਰਮੁਹੰਮਦ ਵੱਲੋਂ ਇਕ 11 ਮੈਂਬਰੀ ‘ਸਿੱਖ ਕਤਲੇਆਮ ਪੀੜਤਾਂ ਲਈ ਇਨਸਾਫ਼ ਕਮੇਟੀ’ ਦੇ ਗਠਨ ਦਾ ਐਲਾਨ ਕੀਤਾ ਗਿਆ। ਇਸ ਕਮੇਟੀ ਵਿਚ ਸ: ਕੁੰਦਨ ਸਿੰਘ ਜਲੰਧਰ, ਸ: ਰਜਿੰਦਰ ਸਿੰਘ ਸੰਘਾ ਮੋਗਾ, ਸ: ਸੁਖਰਾਜ ਸਿੰਘ ਤਰਨ ਤਾਰਨ, ਸ: ਅਜੀਤ ਸਿੰਘ ਅੰਮ੍ਰਿਤਸਰ, ਸ੍ਰੀਮਤੀ ਕਸ਼ਮੀਰ ਕੌਰ ਮੋਹਾਲੀ, ਸ: ਅਮਰਜੀਤ ਸਿੰਘ ਬਠਿੰਡਾ, ਸ: ਬਿੱਕਰ ਸਿੰਘ ਫ਼ਰੀਦਕੋਟ, ਸ: ਸੁੰਦਰ ਸਿੰਘ ਲੁਧਿਆਣਾ, ਸ: ਸੁਖਦੇਵ ਸਿੰਘ ਜਗਰਾਉਂ, ਸ: ਹਰਜਿੰਦਰ ਸਿੰਘ ਫ਼ਤਹਿਗੜ੍ਹ ਸਾਹਿਬ ਅਤੇ ਸ: ਕਰਨੈਲ ਸਿੰਘ ਕਪੂਰਥਲਾ ਸ਼ਾਮਿਲ ਹਨ। ਇਸ ਮੌਕੇ ਸ: ਮੋਹਨ ਸਿੰਘ ਸਹਿਗਲ, ਸ: ਪਰਮਿੰਦਰ ਸਿੰਘ ਢੀਂਗਰਾ, ਸ: ਸੁਰਿੰਦਰ ਪਾਲ ਸਿੰਘ ਗੋਲਡੀ, ਸ: ਗੁਰਨਾਮ ਸਿੰਘ ਸੈਣੀ, ਸ: ਨਵਜੋਤ ਸਿੰਘ, ਸ: ਅਮਨਦੀਪ ਸਿੰਘ, ਡਾ: ਗਗਨਦੀਪ ਸਿੰਘ, ਸ: ਪਰਮਿੰਦਰ ਸਿੰਘ ਦਕੋਹਾ ਐਡਵੋਕੇਟ, ਸ: ਦਮਨਬੀਰ ਸਿੰਘ ਬਦੇਸ਼ਾ ਐਡਵੋਕੇਟ, ਸ: ਰਵੀਇੰਦਰ ਸਿੰਘ, ਸ: ਗੁਰਜੀਤ ਸਿੰਘ ਕਾਹਲੋਂ, ਸ: ਦਮਨਜੀਤ ਸਿੰਘ, ਡਾ: ਕਾਰਜ ਸਿੰਘ ਧਰਮ ਸਿੰਘ ਵਾਲਾ, ਸ: ਗੁਰਮੁਖ ਸਿੰਘ ਸੰਧੂ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: