ਚੰਡੀਗੜ੍ਹ (1 ਅਕਤੂਬਰ , 2015): ਲੰਘੇ ਸਿੱਖ ਸੰਘਰਸ਼ ਦੀਆਂ ਸ਼ਾਨਾਂਮੱਤੀਆਂ ਸਿੱਖ ਹਸਤੀਆਂ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਸਹਾਦਤ ‘ਤੇ ਅਧਾਰਿਤ ਫਿਲਮ “ਮਾਸਟਰ ਮਾਈਂਡ ਜਿੰਦਾ ਸੁੱਖਾ” “ਤੇ ਭਾਰਤੀ ਫਿਲਮ ਸੈਂਸਰ ਬੋਰਡ ਵੱਲੋਂ ਲੱਗੀ ਪਾਬੰਦੀ ਫਿਲਮ ਦੇ ਨਿਰਮਾਤਾ ਵੱਲੋਂ ਦਾਇਰ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ।ਹਾਈਕੋਰਟ ਨੇ ਇਸ ਮਾਮਲੇ ‘ਚ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸੈਂਸਰ ਬੋਰਡ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ।
ਅਦਾਲਤ ‘ਚ ਸੁਣਵਾਈ ਦੌਰਾਨ ਕੇਂਦਰ, ਪੰਜਾਬ ਸਰਕਾਰ ਤੇ ਸੈਂਸਰ ਬੋਰਡ ਨੇ ਆਪਣਾ ਜਵਾਬ ਦਾਇਰ ਕਰਨ ਲਈ ਹਾਈਕੋਰਟ ਤੋਂ ਕੁੱਝ ਸਮੇਂ ਦੀ ਮੰਗ ਕੀਤੀ, ਜਿਸ ‘ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਨੇ ਤਿੰਨਾਂ ਧਿਰਾਂ ਨੂੰ ਸਮਾਂ ਦਿੰਦਿਆਂ ਮਾਮਲੇ ਦੀ ਸੁਣਵਾਈ 20 ਅਕਤੂਬਰ ‘ਤੇ ਪਾ ਦਿੱਤੀ।
‘ਦਾ ਮਾਸਟਰ ਮਾਈਾਡ ਸੁੱਖਾ-ਜਿੰਦਾ’ ਨਾਂ ਦੀ ਇਸ ਫਿਲਮ ਦੇ ਨਿਰਦੇਸ਼ਕ ਦਰਸ਼ਨ ਸਿੰਘ ਨੇ ਹਾਈਕੋਰਟ ‘ਚ ਦਾਇਰ ਅਰਜ਼ੀ ‘ਚ ਦੱਸਿਆ ਸੀ ਕਿ ਇਹ ਫਿਲਮ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਨ ਦੀ ਅਗਵਾਈ ਕਰਨ ਵਾਲੇ ਜਨਰਲ ਵੈਦਿਆ ਨੂੰ ਮਾਰਨ ਵਾਲਿਆਂ ਦੇ ਜੀਵਨ ‘ਤੇ ਬਣਾਈ ਗਈ ਹੈ।
ਪਟੀਸ਼ਨ ਅਨੁਸਾਰ ਫਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਭਾਰਤੀ ਸੈਂਸਰ ਬੋਰਡ ਦੇ ਮੈਂਬਰਾਂ ਨੇ ਇਹ ਫਿਲਮ ਦੇਖੀ ਸੀ। ਫਿਲਮ ਦੇਖਣ ਤੋਂ ਬਾਅਦ ਬੋਰਡ ਦੇ ਮੈਂਬਰਾਂ ਦੇ ਇਤਰਾਜ਼ ‘ਤੇ ਕੁੱਝ ਸੀਨ ਫਿਲਮ ‘ਚੋਂ ਕੱਟ ਦਿੱਤੇ ਗਏ ਸਨ, ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਲੰਘੀ 24 ਜੁਲਾਈ ਨੂੰ ਫਿਲਮ ਦਿਖਾਏ ਜਾਣ ਦੀ ਆਗਿਆ ਦੇ ਦਿੱਤੀ ਸੀ, ਪ੍ਰੰਤੂ 7 ਸਤੰਬਰ ਨੂੰ ਪਟੀਸ਼ਨਰ ਨੂੰ ਸੈਂਸਰ ਬੋਰਡ ਦਾ ਪੱਤਰ ਮਿਲਿਆ, ਜਿਸ ‘ਚ ਫਿਲਮ ਨੂੰ ਰਿਲੀਜ਼ ਕੀਤੇ ਜਾਣ ਤੋਂ ਪਹਿਲਾਂ ਇਕ ਵਾਰ ਫਿਰ ਫਿਲਮ, ਸੈਂਸਰ ਬੋਰਡ ਦੇ ਮੈਂਬਰਾਂ ਵੱਲੋਂ ਦੇਖੇ ਜਾਣ ਬਾਰੇ ਲਿਖਿਆ। 8 ਸਤੰਬਰ ਨੂੰ ਸੈਂਸਰ ਬੋਰਡ ਦੇ ਮੈਂਬਰਾਂ ਨੇ ਦੁਬਾਰਾ ਫਿਲਮ ਦੇਖੀ ਤੇ ਕਿਹਾ ਕਿ ਇਸ ਫਿਲਮ ਦਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕੇਂਦਰ ਸਰਕਾਰ ਨੇ ਇਸ ਫਿਲਮ ਦੇ ਪ੍ਰਦਰਸ਼ਨ ਦੀ ਆਗਿਆ ਨਹੀਂ ਦਿੱਤੀ ਹੈ।
ਪਟੀਸ਼ਨਰ ਅਨੁਸਾਰ ਜਦੋਂ ਇਕ ਵਾਰ ਸੈਂਸਰ ਬੋਰਡ ਫਿਲਮ ਰਿਲੀਜ਼ ਕਰਨ ਦੀ ਆਗਿਆ ਦੇ ਚੁੱਕਾ ਸੀ ਤਾਂ ਦੁਬਾਰਾ ਕਿਹੜੇ ਆਧਾਰ ‘ਤੇ ਫਿਲਮ ਦੇ ਪ੍ਰਦਰਸ਼ਨ ‘ਤੇ ਰੋਕ ਲਗਾਈ ਗਈ।