ਲੰਡਨ (26 ਜੂਨ,2015): ਬਰਤਾਨੀਆ ਵਿੱਚ ਸਿੱਖ ਡਾਕਟਰ ‘ਤੇ ਨਸਲੀ ਨਫਰਤ ਤਹਿਤ ਜਾਨਲੇਵਾ ਹਮਲਾ ਕਰਨ ਵਾਲੇ ਇੱਕ ਗੋਰੇ ਵਿਅਕਤੀ ਨੂੰ ਅਦਾਲਤ ਨੇ ਸੁਣਵਾਈ ਦੌਰਾਨ ਕਾਤਲਾਨਾ ਹਮਲੇ ਦਾ ਦੋਸ਼ੀ ਕਰਾਰਨ ਦੇ ਦਿੱਤਾ ਹੈ।ਅਦਾਲਤ ਨੇ ਜੈਕ ਡੇਵਿਸ ਨੂੰ ਇਰਾਦਾ-ਏ-ਕਤਲ ਦੇ ਦੋਸ਼ ‘ਚ ਦੋਸ਼ੀ ਐਲਾਨਦਿਆਂ 11 ਸਤੰਬਰ ਨੂੰ ਸਜ਼ਾ ਸੁਣਾਉਣ ਦਾ ਹੁਕਮ ਸੁਣਾਇਆ ਹੈ ।
ਕੱਲ੍ਹ ਮੋਲਡ ਅਦਾਲਤ ਨੇ ਫੈਸਲੇ ਦੀ ਸੁਣਵਾਈ ਦੌਰਾਨ ਇਸ ਕੇਸ ਨੂੰ ਨਸਲਵਾਦ ਅਧੀਨ ਕੀਤਾ ਗਿਆ ਹਮਲਾ ਮੰਨਿਆ । ਜੱਜ ਨੇ ਇਸ ਕੇਸ ਦੇ ਸਾਰੇ ਦਸਤਾਵੇਜ਼ ਤਿਆਰ ਹੋਣ ਬਾਅਦ 11 ਸਤੰਬਰ ਨੂੰ ਦੋਸ਼ੀ ਜੈਕ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਸੁਣਾਇਆ ਹੈ ।
ਸ਼ਰਨਦੇਵ ਭੰਮਰਾ ਨਾਂਅ ਦੇ ਦੰਦਾਂ ਦੇ ਮਾਹਿਰ ਡਾਕਟਰ ‘ਤੇ ਜੈਕ ਨੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਹੱਥ ਵੱਡ ਦਿੱਤਾ ਸੀ, ਜਿਸ ਨੂੰ ਉਮਰ ਭਰ ਲਈ ਗੰਭੀਰ ਜਖ਼ਮ ਦੇ ਦਿੱਤੇ ਸਨ । ਅਦਾਲਤ ਦੀ ਸੁਣਾਈ ਤੋਂ ਬਾਅਦ ਡਾ. ਸ਼ਰਨਦੇਵ ਭੰਮਰਾ ਦੇ ਪਰਿਵਾਰ ਨੇ ਜਾਰੀ ਕੀਤੇ ਬਿਆਨ ‘ਚ ਕਿਹਾ ਹੈ ਕਿ ਸ਼ਰਨਦੇਵ ‘ਤੇ ਹਮਲਾ ਉਸ ਦੀ ਚਮੜੀ ਕਰਕੇ ਕੀਤਾ ਗਿਆ, ਮੀਡੀਆ ਨੇ ਵੀ ਇਸ ਨੂੰ ਨਸਲਵਾਦ ਦਾ ਨਾਂਅ ਦਿੱਤਾ ਜਦ ਕਿ ਇਹ ਕੇਸ ਅੱਤਵਾਦੀ ਗਤੀਵਿਧੀਆਂ ਦੇ ਆਧਾਰ ‘ਤੇ ਹੋਣਾ ਚਾਹੀਦਾ ਸੀ ਕਿਉਂਕਿ ਇਸ ਮੌਕੇ ਹਮਲਾਵਾਰ ਨੇ ‘ਵਾਈਟ ਪਾਵਰ’ ਦੇ ਨਾਅਰੇ ਲਗਾਏ ਸਨ ਅਤੇ ਵਾਈਟ ਸੁਪਰਮੈਸਿਟ ਆਰਗੇਨਾਈਜੇਸ਼ਨ ਦਾ ਮੈਂਬਰ ਹੈ ।
ਪੀੜਤ ਦੇ ਭਰਾ ਡਾ. ਤਰਲੋਚਨ ਸਿੰਘ ਭੰਮਰਾ ਨੇ ਆਪਣੇ ਬਿਆਨ ‘ਚ ਕਿਹਾ ਕਿ ਦੋਵੇਂ ਸੰਸਾਰ ਜੰਗਾਂ ‘ਚ ਸਿੱਖਾਂ ਵੱਲੋਂ ਬੇ-ਅਥਾਹ ਕੁਰਬਾਨੀਆਂ ਕੀਤੀਆਂ ਗਈਆਂ ਹਨ । ਪਰਿਵਾਰ ਨੇ ਡਾ. ਸ਼ਰਨਦੇਵ ਦੀ ਜਾਨ ਬਚਾਉਣ ਵਾਲੇ ਮਿ: ਪੀਟਰ ਫੁਲਰ ਦਾ ਵੀ ਧੰਨਵਾਦ ਕੀਤਾ ਜਿਸ ਨੇ ਆਪਣੀ ਜਾਨ ਜੋਖ਼ਮ ‘ਚ ਪਾ ਕੇ ਪੀੜਤ ਦੀ ਮਦਦ ਕੀਤੀ, ਮਿ: ਪੀਟਰ ਤਦ ਤੱਕ ਪੀੜਤ ਕੋਲ ਰਿਹਾ ਤੇ ਦੋਸ਼ੀ ਨੂੰ ਦੂਰ ਕਰੀ ਰੱਖਿਆ ਜਦ ਤੱਕ ਪੁਲਿਸ ਨਹੀਂ ਪਹੁੰਚੀ ।