ਮੁਹਾਲੀ: ਨਵੰਬਰ 1984 ‘ਚ ਹਰਿਆਣਾ ਵਿਚਲੇ ਪਿੰਡ ਹੋਂਦ ਚਿੱਲੜ ਵਿੱਚ ਨਿਰਦੋਸ਼ ਕਤਲ ਕੀਤੇ ਗਏ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸ਼ਨ ਸਿੰਘ ਘੋਲੀਆਂ ਵੱਲੋਂ ਆਪਣੇ ਵਕੀਲ ਪੂਰਨ ਸਿੰਘ ਹੂੰਦਲ ਵੱਲੋਂ ਇਸ ਕੇਸ ’ਚ ਨਾਮਜ਼ਦ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਨਾ ਕਰਨ ‘ਤੇ ਇੱਕ ਸ਼ਿਕਾਇਤ ਸਬੰਧਤ ਥਾਣਾ ਮੁਖੀ ਨੂੰ ਦਿੱਤੀ ਹੈ ਅਤੇ ਇਸ ਸ਼ਿਕਾਇਤ ਦੀ ਇੱਕ ਕਾਪੀ ਮੁਖ ਮੰਤਰੀ ਹਰਿਆਣਾ, ਡੀਜੀਪੀ ਹਰਿਆਣਾ ਅਤੇ ਜ਼ਿਲ੍ਹਾ ਨਰਨੋਲ ਦੇ ਪੁਲਿਸ ਮੁਖੀ ਨੂੰ ਵੀ ਭੇਜੀ ਹੈ।
ਗਿਆਸਪੁਰਾ ਨੇ ਦੱਸਿਆ ਕਿ ਜੇਕਰ ਪੁਲਿਸ ਅਤੇ ਹਰਿਆਣਾ ਸਰਕਾਰ ਨੇ ਸਬੰਧਤ ਚਾਰ ਪੁਲਿਸ ਕਰਮੀਆਂ ਐਸ.ਪੀ ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ.ਆਈ ਰਾਮ ਕਿਸ਼ੋਰ ਅਤੇ ਹੌਲਦਾਰ ਰਾਮ ਕੁਮਾਰ ਖਿਲਾਫ ਕਤਲ ਅਤੇ ਦੰਗਾ ਫਸਾਦ ਫੈਲਾਉਣ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਨਾ ਕੀਤਾ ਤਾਂ ਉਹ ਆਪਣੇ ਵਕੀਲ ਪੂਰਨ ਸਿੰਘ ਹੁੰਦਲ ਰਾਹੀਂ ਹਰਿਆਣਾ ਸਰਕਾਰ ਅਤੇ ਪੁਲਿਸ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ’ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਹਰਿਆਣਾ ਦੇ ਮੁੱਖ ਮੰਤਰੀ, ਡੀਜੀਪੀ ਨੂੰ ਦਿੱਤੀ ਸ਼ਿਕਾਇਤ, ਸਖ਼ਤ ਕਾਰਵਾਈ ਮੰਗੀ
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਸਪੁਰਾ ਅਤੇ ਉਨ੍ਹਾਂ ਦੇ ਵਕੀਲ ਨੇ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਹਰਿਆਣਾ ਦੇ ਰਿਟਾਇਰ ਜੱਜ ਟੀ. ਪੀ. ਐਸ. ਗਰਗ ਦੀ ਦੇਖਰੇਖ ’ਚ ਬਣਾਏ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਿੰਡ ਹੋਂਦ ਚਿੱਲੜ ’ਚ 3 ਸਾਲ ਦੇ ਬੱਚੇ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਦੀ ਹੱਤਿਆ ਕੀਤੀ ਗਈ ਸੀ। ਕਮਿਸ਼ਨ ਵੱਲੋਂ ਇਸ ਕਤਲ ਕਾਂਡ ਲਈ 4 ਪੁਲਿਸ ਕਰਮੀਆਂ ਐਸ.ਪੀ. ਸਤਿੰਦਰ ਕੁਮਾਰ, ਡੀਐਸਪੀ ਰਾਮ ਭੱਜ, ਐਸ. ਆਈ. ਰਾਮ ਕਿਸ਼ੋਰ ਅਤੇ ਹੌਲਦਾਰ ਰਾਮ ਕੁਮਾਰ ਖਿਲਾਫ ਕਾਰਵਾਈ ਕਰਨ ਦੀ ਤਾਕੀਦ ਕੀਤੀ ਸੀ।
ਗਿਆਸਪੁਰਾ ਨੇ ਅੱਗੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਉਕਤ ਪੁਲਿਸ ਕਰਮੀਆਂ ਖਿਲਾਫ ਮਾਮਲਾ ਤਾਂ ਕੀ ਦਰਜ਼ ਕਰਨਾ ਸੀ, ਉਲਟਾ ਉਨ੍ਹਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ। ਉਨ੍ਹਾਂ ਦੱਸਿਆ ਕਿ ਕਮਿਸ਼ਨ ਦੀ ਰਿਪੋਰਟ ਦੇ ਪੈਰਾ ਨੰ-109 ’ਚ ਲਿਖਿਆ ਹੈ ਕਿ 200 ਤੋਂ ਲੈ ਕੇ 500 ਤੱਕ ਦੀ ਤਾਦਾਦ ‘ਚ ਵਿਅਕਤੀਆਂ ਨੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ’ਚ ਆ ਕੇ ਪਿੰਡ ਹੋਂਦ ਚਿੱਲੜ ਦੇ 31 ਸਿੱਖਾਂ ਅਤੇ 1 ਸਿੱਖ ਫੌਜੀ ਜਵਾਨ ਇੰਦਰਜੀਤ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲੱਖਾਂ ਦਾ ਸਮਾਨ ਲੁੱਟ ਲਿਆ ਅਤੇ ਪੁਲਿਸ ਵਾਲਿਆਂ ਨੇ ਆਪਣੀ ਡਿਊਟੀ ਨਹੀਂ ਨਿਭਾਈ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਪੰਨਾ ਨੰ: 134 ’ਚ ਲਿਖਿਆ ਹੈ ਕਿ ਡੀ. ਐਸ. ਪੀ. ਰਾਮ ਕਿਸ਼ੋਰ ਤੇ ਰਾਮ ਭੱਜ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਖਿਲਾਫ ਧਾਰਾ-217, 218, 219, 220, 221, 302, 395, 436 ਤੇ 120-ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਜਾਵੇ। ਇੰਜੀਨੀਅਰ ਗਿਆਸਪੁਰਾ ਅਤੇ ਭਾਈ ਘੋਲੀਆ ਨੇ ਪੰਜਾਬ ’ਚ ਚੋਣਾਂ ਲੜ ਰਹੀਆਂ ਸਭਨਾ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਚੁੱਕਣ ਤਾਂ ਜੋ ਨਵੰਬਰ 1984 ਵਿੱਚ ਕਤਲ ਕੀਤੇ ਹਜ਼ਾਰਾਂ ਸਿੱਖਾਂ ਨੂੰ ਇਨਸਾਫ ਮਿਲ ਸਕੇ।