ਚੰਡੀਗੜ੍ਹ (13 ਅਗਸਤ 2014): ਹਰਿਆਣਾ ਸਰਕਾਰ ਨੇ ਹਾਲ ਹੀ ‘ਚ ਨਵੀਂ ਗਠਤ ਕੀਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਡੇਢ ਸਾਲ ਦੇ ਅੰਦਰ-ਅੰਦਰ ਕਰਾਉਣ ਦਾ ਪ੍ਰੋਗਰਾਮ ਬਣਾਇਆ ਹੈ। ਇਸਦਾ ਐਲਾਨ ਸਰਕਾਰੀ ਤੌਰ ‘ਤੇ ਕੀਤਾ ਗਿਆ ਹੈ।
ਇਸ ਬਾਰੇ ਕੱਲ੍ਹ ਮੰਤਰੀ ਮੰਡਲ ਦੀ ਮੀਟਿੰਗ ਵਿਚ ਬਣਾਏ ਗਏ ਹਰਿਆਣਾ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨਰ ਜਸਟਿਸ ਇਕਬਾਲ ਸਿੰਘ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਹੁਣ ਤੋਂ ਹੀ ਹਰਿਆਣਾ ਭਰ ਵਿਚ ਨਵੀਂ ਹਲਕਾਬੰਦੀ ਦਾ ਕੰਮ ਸ਼ੁਰੂ ਕਰ ਦੇਣ ਅਤੇ ਕੇਵਲ ਸਿੱਖਾਂ ਦੀਆਂ ਵੋਟਾਂ ਹੀ ਬਣਾਉਣ।
ਜਸਟਿਸ ਇਕਬਾਲ ਸਿੰਘ ਜੋ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਹਨ, ਵੱਲੋਂ ਛੇਤੀ ਹੀ ਆਪਣਾ ਕੰਮਕਾਜ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ।
ਉਹ ਅੱਜ ਕੱਲ੍ਹ ਸਿਰਸਾ ਵਿਚ ਰਹਿੰਦੇ ਹਨ ਤੇ ਰਾਜ ਸਰਕਾਰ ਵੱਲੋਂ ਉਨ੍ਹਾਂ ਨੂੰ ਸਟਾਫ਼ ਮੁਹੱਈਆ ਕਰ ਦਿੱਤਾ ਜਾਵੇਗਾ। ਗੁਰਦੁਆਰਾ ਚੋਣਾਂ ਦਾ ਕੰਮ ਜਸਟਿਸ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਹੀ ਹੋਵੇਗਾ। ਲੋੜ ਪੈਣ ‘ਤੇ ਉਨ੍ਹਾਂ ਨਾਲ ਇਕ ਜਾਂ 2 ਹੋਰ ਸਹਾਇਕ ਕਮਿਸ਼ਨਰ ਵੀ ਨਿਯੁਕਤ ਕੀਤੇ ਜਾ ਸਕਦੇ ਹਨ।