ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ ‘ਚ 20 ਸਾਲਾ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਦੀਆਂ 25 ਅਗਸਤ ਤੋਂ ਬਾਅਦ ਦੀਆਂ ਸਰਗਰਮੀਆਂ ਤੋਂ ਹੁਣ ਹੌਲੀ-ਹੌਲੀ ਪਰਦਾ ਉੱਠਣਾ ਸ਼ੁਰੂ ਹੋ ਗਿਆ ਹੈ।
ਕੁਝ ਟੀ.ਵੀ. ਚੈਨਲਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਹਨੀਪ੍ਰੀਤ ਦੀਆਂ ਸਰਗਰਮੀਆਂ ਦਾ ਪਤਾ ਸੀ, ਪਰ ਉਸ ਨੇ ਹਰਿਆਣਾ ਪੁਲਿਸ ਤੋਂ ਇਹ ਜਾਣਕਾਰੀ ਛੁਪਾ ਕੇ ਰੱਖੀ। ਉਨ੍ਹਾਂ ਕਿਹਾ ਕਿ ਲੋਕ ਹੁਣ ਇਹ ਜਾਣਨਾ ਚਾਹੁੰਦੇ ਹਨ ਕਿ ਇਸ ਮਾਮਲੇ ‘ਚ ਪੰਜਾਬ ਪੁਲਿਸ ਦੀ ਕੀ ਭੂਮਿਕਾ ਸੀ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਬਿਆਨ ਦੇ ਕੇ ਕਿਹਾ ਸੀ ਕਿ ਪੰਜਾਬ ਪੁਲਿਸ ਹਨੀਪ੍ਰੀਤ ਬਾਰੇ ਆਪਣੀ ਸਾਰੀ ਜਾਣਕਾਰੀ ਹਰਿਆਣਾ ਪੁਲਿਸ ਨੂੰ ਦੇ ਰਹੀ ਸੀ। ਪਰ ਖੱਟੜ ਨੇ ਖੁਦ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨਾਲ ਇਸ ਕੇਸ ਬਾਰੇ ਕਦੇ ਕੋਈ ਸਿੱਧੀ ਗੱਲਬਾਤ ਨਹੀਂ ਕੀਤੀ।
ਸਬੰਧਤ ਖ਼ਬਰ: ਭਾਜਪਾ ਦੇ ਬੁਲਾਰੇ ਵਲੋਂ ਹਨੀਪ੍ਰੀਤ ਨੂੰ ਪੰਜਾਬ ਵਿਚ ਪਨਾਹ ਦੇਣ ਦੇ ਦੋਸ਼ਾਂ ਦਾ ਪੰਜਾਬ ਸਰਕਾਰ ਵਲੋਂ ਖੰਡਨ …
ਖੱਟੜ ਦੇ ਬਿਆਨ ਦਾ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀ ਹਨੀਪ੍ਰੀਤ ਬਾਰੇ ਜਾਣਦੇ ਸਨ ਕਿ ਉਹ ਕਈ ਦਿਨਾਂ ਤੋਂ ਕਿੱਥੇ ਹੈ, ਪਰ ਉਹ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੇ ਅਤੇ ਖੱਟੜ ਹੁਣ ਆਪਣੇ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਬਜਾਏ ਪੰਜਾਬ ਪੁਲਿਸ ‘ਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।