ਚੰਡੀਗੜੂ( 15 ਅਕਤੂਬਰ, 2014): ਮਹਾਰਾਸ਼ਟਰ ਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਲਈ ਅੱਜ ਵੋਟਾਂ ਪੈਣਗੀਆਂ। ਸਵੇਰੇ 7 ਵਜੇ ਤੋਂ ਸ਼ਾਮ ਛੇ ਵਜੇ ਤੱਕ ਦੋਵੇਂ ਰਾਜਾਂ ’ਚ ਵੋਟਾਂ ਪੈਣਗੀਆਂ ਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਏਗੀ।
ਲੋਕ ਸਭਾ ਚੋਣਾਂ ਪਿੱਛੋਂ ਕਲ੍ਹ ਨੂੰ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪਰਖ ਦੀ ਘੜੀ ਸਾਬਤ ਹੋਣਗੀਆਂ ਜਿਨ੍ਹਾਂ ਨੇ ਵਿਰੋਧੀ ਪਾਰਟੀਆਂ ਤੋਂ ਸੱਤਾ ਖੋਹਣ ਲਈ ਭਾਜਪਾ ਦੇ ਧੂੰਆਂ ਧਾਰ ਚੋਣ ਪ੍ਰਚਾਰ ਦੀ ਅਗਵਾਈ ਕੀਤੀ । ਉਂਜ ਦੋਵਾਂ ਰਾਜਾਂ ਵਿਚ ਫਸਵੇਂ ਮੁਕਾਬਲੇ ਹੋ ਰਹੇ ਹਨ।
ਮਹਾਰਾਸ਼ਟਰ ਵਿਚ 288 ਸੀਟਾਂ ਲਈ ਪੰਜ ਕੋਣੀ ਮੁਕਾਬਲਾ ਹੋਵੇਗਾ ਙ 8.25 ਕਰੋੜ ਵੋਟਰ 1699 ਆਜ਼ਾਦ ਉਮੀਦਵਾਰਾਂ ਸਮੇਤ ਚੋਣ ਮੈਦਾਨ ਵਿਚ ਖੜੇ 4119 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਕਾਂਗਰਸ ਨੇ ਸਭ ਤੋਂ ਵੱਧ 287 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ ਜਦਕਿ ਭਾਜਪਾ ਨੇ 280, ਸ਼ਿਵ ਸੈਨਾ 282, ਐਨ. ਸੀ. ਪੀ. 278 ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ 219 ਸੀਟਾਂ ‘ਤੇ ਉਮੀਦਵਾਰ ਖੜੇ ਕੀਤੇ ਹਨ।
ਹਰਿਆਣਾ ਵਿਚ ਮੋਦੀ ਨੇ ਪਹਿਲੀ ਵਾਰ ਆਪਣੀ ਪਾਰਟੀ ਦੀ ਸਰਕਾਰ ਬਣਾਉਣ ਦੇ ਉਦੇਸ਼ ਨਾਲ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਅਤੇ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਸੂਬੇ ਵਿਚ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਿਚ ਤੀਸਰੀ ਵਾਰ ਕਾਂਗਰਸ ਸਰਕਾਰ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਆਪਣੇ ਵਲ ਕਰਨ ਦਾ ਯਤਨ ਕੀਤਾ ।
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 87.63 ਲੱਖ ਔਰਤ ਵੋਟਰਾਂ ਸਮੇਤ 1.63 ਕਰੋੜ 109 ਔਰਤਾਂ ਸਮੇਤ 1351 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇੰਡੀਅਨ ਨੈਸ਼ਨਲ ਲੋਕ ਦਲ ਦੀ ਚੋਣ ਮੁਹਿੰਮ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਚਲਾਈ। ਦੋਵਾਂ ਸੂਬਿਆਂ ਵਿਚ ਵੋਟਾਂ ਦੀ ਗਿਣਤੀ ਐਤਵਾਰ 19 ਅਕਤੂਬਰ ਨੂੰ ਹੋਵੇਗੀ।
ਚੰਡੀਗੜ੍ਹ ਤੋਂ ਟ੍ਰਿਬਿਊਨ ਨਿਊਜ਼ ਸਰਵਿਸ ਅਨੁਸਾਰ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਰਾਜ ਦੇ ਸਾਰੇ 16375 ਪੋਲਿੰਗ ਬੂਥਾਂ ਵਾਸਤੇ ਪੋਲਿੰਗ ਪਾਰਟੀਆਂ ਈਵੀਐਮ ਅਤੇ ਹੋਰ ਚੋਣ ਸਮੱਗਰੀ ਲੈ ਕੇ ਪਹੁੰਚ ਗਈਆਂ ਹਨ। ਪੋਲਿੰਗ ਪਾਰਟੀਆਂ ’ਤੇ ਨਿਗਰਾਨੀ ਰੱਖਣ ਲਈ ਨਿਗਰਾਨ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜਿਹੜੀਆਂ ਵੋਟਿੰਗ ਸਮੇਂ ਆਪਣੀ ਰਿਪੋਰਟ ਦਿੰਦੀਆਂ ਰਹਿਣਗੀਆਂ।
ਚੋਣ ਪ੍ਰਕ੍ਰਿਆ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਸੈਕਟਰ ਮੈਜਿਸਟ੍ਰੇਟਾਂ ਵੱਲੋਂ ਮੌਕੇ ’ਤੇ ਹੀ ਕੀਤਾ ਜਾਵੇਗਾ। ਸ਼ਾਂਤੀਪੂਰਵਕ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੁਲੀਸ ਦੇ ਨਾਲ ਨੀਮ ਫੌਜੀ ਬਲਾਂ ਦੀਆਂ 80 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੁਲ 1,63,05,217 ਵੋਟਰ 1351 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ਵਿਚ 8737116 ਮਰਦ ਅਤੇ 7479439 ਮਹਿਲਾ ਵੋਟਰ ਹਨ। 88662 ਸਰਵਿਸ ਵੋਟਰ ਹਨ ਜਿਨ੍ਹਾਂ ਵਿੱਚ 12 ਐਨਆਰਆਈ ਵੋਟਰ ਵੀ ਸ਼ਾਮਲ ਹਨ।
1351 ਉਮੀਦਵਾਰਾਂ ਵਿੱਚੋਂ 116 ਮਹਿਲਾ ਉਮੀਦਵਾਰ ਹਨ। ਕਾਂਗਰਸ ਤੇ ਭਾਜਪਾ ਨੇ ਸਾਰੇ 90 ਹਲਕਿਆਂ ਵਿਚ ਆਪਣੇ ਉਮੀਦਵਾਰ ਉਤਾਰੇ ਹਨ ਜਦੋਂ ਕਿ ਇਨੈਲੋ ਦੇ 88, ਬਸਪਾ ਦੇ 87, ਹਜਕਾ ਦੇ 65, ਸੀਪੀਐਮ ਦੇ 17, ਸੀਪੀਆਈ ਦੇ 14 ਅਤੇ ਹੋਰ ਪਾਰਟੀਆਂ ਦੇ 297 ਤੇ 603 ਆਜ਼ਾਦ ਉਮੀਦਵਾਰ ਹਨ।
ਹਰਿਆਣਾ ਵਿੱਚ ਕੁੱਲ 2700 ਸੰਵੇਦਨਸ਼ੀਲ ਬੂਥ ਹਨ। ਸਾਰੇ ਪੋਲਿੰਗ ਬੂਥਾਂ ’ਤੇ ਚੋਣ ਪ੍ਰਕ੍ਰਿਆ ਦੀ ਨਿਗਰਾਨੀ ਲਈ ਵੀਡੀਓ ਕੈਮਰੇ, ਸੀਸੀਟੀਵੀ ਕੈਮਰੇ, ਵੈਬ-ਕਾਸਟਿੰਗ ਜਾਂ ਮਾਈਕਰੋ ਨਿਗਰਾਨ ਲਗਾਏ ਗਏ ਹਨ।