ਚੰਡੀਗੜ੍ਹ – ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਨਾਲ ਸਬੰਧਤ ਨਗਰ ਗੋਧਰਪੁਰ ਵਿਖੇ ਕਰਵਾਏ ਗਏ ਸ਼ਤਾਬਦੀ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਪ੍ਰਤੀ ਅਪਨਾਏ ਜਾ ਰਹੇ ਬੇਰੁਖੀ ਵਾਲੇ ਰਵੱਈਏ ਦੀ ਸਖ਼ਤ ਨਿੰਦਾ ਕਰਦਿਆਂ ਘੱਟਗਿਣਤੀਆਂ ਪ੍ਰਤੀ ਸੋਚ ਬਦਲਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੌ ਸਾਲ ਪਹਿਲਾਂ ਵਾਪਰੇ ਸਾਕਾ ਨਨਕਾਣਾ ਸਾਹਿਬ ਦੇ ਦਰਦ ਨੂੰ ਭਾਰਤ ਸਰਕਾਰ ਨੇ ਇਕ ਵਾਰ ਫਿਰ ਯਾਦ ਕਰਵਾ ਦਿੱਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਵਿਖੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਮਨਾਉਣ ਤੋਂ ਰੋਕਣਾ ਕੇਂਦਰ ਸਰਕਾਰ ਦਾ ਅੰਗਰੇਜ਼ਾਂ ਵਰਗਾ ਹੀ ਰਵੱਈਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਕਿਸਾਨ ਅੰਦੋਲਨ ਵਿਚ ਸਿੱਖਾਂ ਦੀ ਭਰਵੀਂ ਸ਼ਮੂਲੀਅਤ ਕਾਰਨ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਇਜਾਜ਼ਤ ਨਹੀਂ ਦਿੱਤੀ, ਪਰੰਤੂ ਸਰਕਾਰ ਦਾ ਇਹ ਭਰਮ ਹੈ ਕਿ ਸਿੱਖ ਅੰਦੋਲਨ ਵਿੱਚੋਂ ਪਿੱਛੇ ਹੱਟ ਜਾਣਗੇ। ਉਨ੍ਹਾਂ ਸਖ਼ਤ ਲਹਿਜੇ ਵਿਚ ਕਿਹਾ ਕਿ ਭਾਰਤ ਸਰਕਾਰ ਜਿੰਨੇ ਮਰਜ਼ੀ ਜਥੇ ਰੋਕ ਲਵੇ, ਸਿੱਖ ਕਿਸਾਨਾਂ ਨਾਲ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਜੋ ਮਨਮਰਜ਼ੀਆਂ ਸੌ ਸਾਲ ਪਹਿਲਾਂ ਅੰਗਰੇਜ਼ ਕਰਦੇ ਸਨ, ਉਸੇ ਲੀਹ ’ਤੇ ਅੱਜ ਭਾਰਤ ਸਰਕਾਰ ਚੱਲ ਰਹੀ ਹੈ। ਇਹ ਦੇਸ਼ ਦੇ ਹਿੱਤ ਵਿਚ ਨਹੀਂ ਹੈ ਅਤੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਦੇਸ਼ ਵਿਚ ਵੱਸਦਾ ਹਰ ਬਾਸ਼ਿੰਦਾ ਬਰਾਬਰ ਅਧਿਕਾਰ ਰੱਖਦਾ ਹੈ। ਉਨ੍ਹਾਂ ਆਖਿਆ ਕਿ ਘਟਗਿਣਤੀਆਂ ਨੂੰ ਦਬਾ ਕੇ ਬਹੁਗਿਣਤੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਅੱਗੇ ਵਧਣਾ ਦੇਸ਼ ਲਈ ਘਾਤਕ ਹੈ। ਸਿੱਖਾਂ ਨੂੰ ਧੱਕੇ ਨਾਲ ਨਹੀਂ ਦਬਾਇਆ ਜਾ ਸਕਦਾ, ਕਿਉਂਕਿ ਸਿੱਖਾਂ ਆਪਣੇ ਸ਼ਾਨਾਮੱਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਹੱਕ, ਸੱਚ ਖ਼ਾਤਰ ਜੂਝਣ ਦਾ ਜਜ਼ਬਾ ਰੱਖਦੇ ਹਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮੀ ਇਕਜੁਟਤਾ ਨੂੰ ਸਮੇਂ ਦੀ ਵੱਡੀ ਲੋੜ ਦੱਸਦਿਆਂ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਆਪਸੀ ਮਤਭੇਦ ਭੁਲਾ ਕੇ ਕੌਮੀ ਇਕਜੁਟਤਾ ਦਾ ਪ੍ਰਗਟਾਵਾ ਕਰਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵੱੱਲੋਂ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਣ-ਸਨਮਾਨ ਕਰਨ ਲਈ ਧੰਨਵਾਦ ਵੀ ਕੀਤਾ।