ਜਲੰਧਰ (22 ਦਸੰਬਰ 2003): ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ‘ਅਜੀਤ’ ਦੀ ਖਬਰ ਅਨੁਸਾਰ 1984 ਦੇ ਸਿੱਖ ਕਤਲੇਆਮ ਦੌਰਾਨ ਕੇਵਲ ਸਿੱਖਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੀ ਨਹੀਂ ਕੀਤਾ ਗਿਆ ਸੀ ਸਗੋਂ ਹਮਲਾਵਰਾਂ ਵੱਲੋਂ ਗੁਰਦੁਆਰਾ ਸਾਹਿਬਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਦਿੱਲੀ ਅੰਦਰ ਕੁੱਲ 437 ਗੁਰਦੁਆਰਿਆਂ ਵਿਚੋਂ ਲਗਪਗ 370 ਨੂੰ ਸਿੱਧਾ ਨਿਸ਼ਾਨਾ ਬਣਾਇਆ ਤੇ ਲਗਪਗ 90 ਗੁਰਦੁਆਰੇ ਪੂਰੀ ਤਰ੍ਹਾਂ ਜਲਾ ਦਿੱਤੇ ਗਏ।
ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਅਤੇ ‘ਸਿੱਖਸ ਫ਼ਾਰ ਜਸਟਿਸ’ ਨੇ ਇਨ੍ਹਾਂ ਵਿਚੋਂ 67 ਗੁਰਦੁਆਰਿਆਂ ਦੇ ਹਾਲਾਤ ਬਿਆਨਦੀ ਇਕ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ ਹੈ। ਇਸ ਦਸਤਾਵੇਜ਼ੀ ਫ਼ਿਲਮ ਦੇ ਹਵਾਲੇ ਨਾਲ ਗੱਲ ਕਰਦਿਆਂ ਫ਼ੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰਮੁਹੰਮਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸੇਵਾ ਸੰਭਾਲ ਸੰਬੰਧੀ ਪਾਕਿਸਤਾਨ ਹਾਈ ਕਮਿਸ਼ਨਰ ਕੋਲ ਚਿੰਤਾ ਜ਼ਾਹਿਰ ਕਰਨ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਪੰਥ ਦੀਆਂ ਉਕਤ ਦੋਵੇਂ ਜਥੇਬੰਦੀਆਂ 25 ਸਾਲਾਂ ਵਿਚ ਢਾਹੇ ਅਤੇ ਅਗਨਭੇਟ ਕੀਤੇ ਗਏ ਉਕਤ ਗੁਰਦੁਆਰਿਆਂ ਬਾਰੇ ਕੁਝ ਵੀ ਨਹੀਂ ਕਰ ਸਕੀਆਂ।
ਫ਼ੈਡਰੇਸ਼ਨ ਅਤੇ ‘ਸਿੱਖਸ ਫ਼ਾਰ ਜਸਟਿਸ’ ਲਈ ਇਹ ਦਸਤਾਵੇਜ਼ੀ ਫ਼ਿਲਮ ਸ: ਜਰਨੈਲ ਸਿੰਘ ਗੋਗੀ ਵੱਲੋਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਨਵੰਬਰ 1984 ਤੋਂ ਬਾਅਦ ਦਿੱਲੀ ਦੇ ਅਮੀਰ ਇਲਾਕਿਆਂ ਵਿਚ ਤਾਂ ਗੁਰੂ ਘਰ ਮੁੜ ਸਥਾਪਿਤ ਹੋ ਗਏ ਪਰ ਉਕਤ 67 ਗੁਰੂ ਘਰ ਅੱਜ ਵੀ ਖ਼ਸਤਾ ਹਾਲਤ ਵਿਚ ਹਨ। ਫ਼ੈਡਰੇਸ਼ਨ ਛੇਤੀ ਆਪਣੇ ਵਫ਼ਦ ਲੈ ਕੇ ਜ: ਅਵਤਾਰ ਸਿੰਘ ਅਤੇ ਸ: ਪਰਮਜੀਤ ਸਿੰਘ ਸਰਨਾ ਨੂੰ ਮਿਲ ਕੇ ਦੋਹਾਂ ਨੂੰ ਇਨ੍ਹਾਂ ਗੁਰਦੁਆਰਿਆਂ ਦੀ ਕਾਰ ਸੇਵਾ ਅਤੇ ਸੇਵਾ ਸੰਭਾਲ ਲਈ ਬੇਨਤੀ ਕਰੇਗੀ।