ਸਿੱਖ ਖਬਰਾਂ

ਗੁਰਦੁਆਰਾ ਦਸਮੇਸ਼ ਦਰਬਾਰ ਨਿਊਜਰਸੀ ਵਿਖੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਗਿਆ

By ਸਿੱਖ ਸਿਆਸਤ ਬਿਊਰੋ

June 29, 2011

ਨਿਊਜਰਸੀ (19 ਜੂਨ, 2011): ਗੁਰਦੁਆਰਾ ਦਸਮੇਸ਼ ਦਰਬਾਰ ਨਿਊਜਰਸੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਿਕ 16 ਜੂਨ (2 ਹਾੜ) ਨੂੰ ਸੀ, ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੂਰਾ ਹਫਤਾ ਅਤੇ 19 ਜੂਨ ਐਤਵਾਰ ਦੇ ਹਫਤਾਵਾਰੀ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਮਹਾਂਵੀਰ ਸਿੰਘ ਜੀ ਪ੍ਰਦੇਸੀ ਅੰਬਾਲੇ ਵਾਲਿਆਂ ਦੇ ਜਥੇ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।

ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਲਖਵਿੰਦਰ ਸਿੰਘ ਜੀ ਖਾਲਸਾ ਨੇ ਪੂਰਾ ਹਫਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਇਤਿਹਾਸਕ ਵਿਚਾਰਾਂ ਕੀਤੀਆਂ। ਹਫਤਾਵਾਰੀ ਦੀਵਾਨ ਵਿੱਚ ਕਥਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਸ਼ਹਾਦਤ ਦੇ ਦੋਸ਼ੀ ਚੰਦੂ, ਸ਼ੇਖ ਫੱਤਾ ਅਤੇ ਸ਼ੇਖ ਬੁਖਾਓ ਵਰਗਿਆਂ ਨੂੰ ਲਾਹਣਤਾਂ ਪਾਉਂਦੇ ਰਹਿਣਗੇ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਕਾਰਨ ਸੱਚ ਧਰਮ ਹੈ। ਉਸ ਸਮੇਂ ਧਰਮ ਦਾ ਬੁਰਕਾ ਪਾ ਕੇ ਬੈਠੇ ਪੰਡਤ ਅਤੇ ਮੁਲਾਣੇ ਸੱਚ ਧਰਮ ਦੀ ਅਵਾਜ਼ ਸੁਣ ਕੇ ਤੜਪ ਉ¤ਠੇ ਅਤੇ ਜਹਾਂਗੀਰ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ। ਗੁਰੂ ਅਰਜਨ ਸਾਹਿਬ ਨੇ ਸੱਚ ਕਾਇਮ ਰੱਖਣ ਵਾਸਤੇ ਸ਼ਹਾਦਤ ਦੇ ਦਿੱਤੀ ਪਰ ਸੱਚ ਵਿੱਚ ਕੂੜ ਦੀ ਮਿਲਾਵਟ ਨਹੀਂ ਹੋਣ ਦਿੱਤੀ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚੋਂ ਅਕਾਲ ਤਖਤ ਦੀ ਪ੍ਰਾਪਤੀ ਹੋਈ, ਜਿੱਥੋਂ ਸੱਚ ਦੀ ਅਵਾਜ਼ ਬੁਲੰਦ ਹੋਈ ਪਰ ਅਫਸੋਸ ਅੱਜ ਦੇ ਧਰਮ ਦੇ ਠੇਕੇਦਾਰ ਸੱਚ ਨੂੰ ਛੱਡ ਕੇ ਕੂੜ ਪ੍ਰਵਾਨ ਕਰ ਰਹੇ ਹਨ ਅਤੇ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ।

ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ ਡੀ. ਸੀ. ਵਾਲੇ ਉਚੇਚੇ ਤੌਰ ’ਤੇ ਇਸ ਸਮਾਗਮ ਵਿੱਚ ਸ਼ਾਮਲ ਹੋਏ। ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਜ਼ਾਦ ਸਿੱਖ ਰਾਜ ਦੀ ਲੋੜ ਹੈ। ਅੱਜ ਪੰਥ ਵਿਰੋਧੀ ਤਾਕਤਾਂ ਸਿੱਖੀ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਸੋਚੀ ਸਮਝੀ ਸਾਜ਼ਿਸ਼ ਅਨੁਸਾਰ ਅਨੇਕਾਂ ਮਸਲੇ ਖੜ੍ਹੇ ਕਰਕੇ ਸਾਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ, ਜੇ ਅਸੀਂ ਭਰਾ ਮਾਰੂ ਜੰਗ ਤੋਂ ਬਚਣਾ ਹੈ ਤਾਂ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਸਦਕਾ ਅੱਜ ਵੀ ਸਿੱਖ ਹੱਸ ਹੱਸ ਕੇ ਸ਼ਹੀਦੀਆਂ ਪਾ ਰਹੇ ਹਨ, ਸਾਨੂੰ ਅਜਿਹੇ ਸ਼ਹੀਦਾਂ ’ਤੇ ਮਾਣ ਹੈ।

ਅਖੀਰ ਵਿੱਚ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਜਤਿੰਦਰ ਸਿੰਘ ਹੋਰਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਅੱਜ ਦੇ ਚੰਦੂਆਂ ਤੇ ਗੰਗੂਆਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਦੀਆਂ ਚਾਲਾਂ ਸਮਝ ਕੇ ਥਿਤਾਂ ਵਾਰਾਂ ਦੇ ਭਰਮ-ਭੁਲੇਖੇ ਕੱਢ ਦੇਣੇ ਚਾਹੀਦੇ ਹਨ। ਨਾਨਕਸ਼ਾਹੀ ਕੈਲੰਡਰ ਸਿੱਖਾਂ ਦੀ ਵੱਖਰੀ ਹੋਂਦ ਦਾ ਪ੍ਰਤੀਕ ਹੈ। ਇਤਿਹਾਸਕ ਲਿਖਤਾਂ ਅਨੁਸਾਰ ਗੁਰੂ ਅਰਜਨ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਤਾਗੱਦੀ ਸੌਂਪ ਕੇ ਸ਼ਹੀਦ ਹੋਣ ਵਾਸਤੇ ਗਏ ਪਰ ਬਿਕਰਮੀ ਸੰਮਤ ਅਨੁਸਾਰ ਸ਼ਹੀਦੀ ਦਿਹਾੜਾ ਪਹਿਲਾਂ ਅਤੇ ਗੁਰਤਾਗੱਦੀ ਦਿਵਸ ਹਫਤਾ ਬਾਅਦ ਵਿੱਚ ਆਇਆ, ਇਹ ਕਿੰਨੀ ਹਾਸੋਹੀਣੀ ਗੱਲ ਹੈ। ਗੁਰੂ ਸਾਹਿਬ ਨੇ ਸੱਚ ਕੀ ਬਾਣੀ ਵਿੱਚ ਕੂੜ ਦੀ ਮਿਲਾਵਟ ਤੋਂ ਇਨਕਾਰ ਕੀਤਾ ਸੀ ਤੇ ਆਪਣੇ ਆਪ ਨੂੰ ਸੱਚ ਤੋਂ ਕੁਰਬਾਨ ਕਰ ਦਿੱਤਾ ਪਰ ਅੱਜ ਦੇ ਅਖੌਤੀ ਸਿੱਖ ਕੁਝ ਟਕਿਆਂ ਦੀ ਖਾਤਰ ਆਪਣੀ ਜ਼ਮੀਰ ਵੇਚ ਦਿੰਦੇ ਹਨ। ਸਾਡੇ ਗੁਰਪੁਰਬ ਮਨਾਏ ਤਾਂ ਹੀ ਸਫਲ ਹਨ ਜੇਕਰ ਅਸੀਂ ਗੁਰੂ ਦੇ ਹੁਕਮ ਅਨੁਸਾਰ ਆਪਣਾ ਜੀਵਨ ਬਣਾਈਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: