ਇਸਲਾਮਾਬਾਦ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਨੇ ਡੇਰਾ ਬਾਬਾ ਨਾਨਕ (ਪੂਰਬੀ ਪੰਜਾਬ) ਅਤੇ ਕਰਤਾਰਪੁਰ ਸਾਹਿਬ (ਪੱਛਮੀ ਪੰਜਾਬ) ਦਰਮਿਆਨ ਖਾਸ ਲਾਂਘਾ ਖੋਲ੍ਹ ਕੇ ਸਿੱਖ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦਿਦਾਰ ਦਾ ਮੌਕਾ ਦੇਵੇਗਾ। ਪਾਕਿਸਤਾਨੀ ਫੌਜੇ ਦੇ ਮੁਖੀ ਜਨਰਲ ਕਮਰ ਬਾਜਵਾ ਨੇ ਪੂਰਬੀ ਪੰਜਾਬ ਦੇ ਵਜੀਰ ਨਵਜੋਤ ਸਿੰਘ ਸਿੱਧੂ ਨੂੰ ਇਹ ਗੱਲ ਆਪ ਕਹੀ।
ਨਵਜੋਤ ਸਿੰਘ ਸਿੱਧੂ ਬੀਤੇ ਦਿਨ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਇਸਲਾਮਾਬਾਦ ਵਿੱਚ ਸੀ।
ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਜਦੋਂ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਜੱਫੀ ਪਾਉਣ ਤੋਂ ਪਹਿਲਾਂ ਇਹ ਗੱਲ ਕਹੀ ਕਿ ਪਾਕਿਸਤਾਨ ਬਾਬਾ ਨਾਨਕ ਜੀ ਦੇ 550ਵੇਂ ਦਿਹਾੜੇ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹਾ ਹੈ ਤਾਂ ਇਹ ਗੱਲ ਉਸ (ਨਵਜੋਤ ਸਿੰਘ ਸਿੱਧੂ) ਲਈ ਬਿਨਾ ਮੰਗਿਆਂ ਮੁਰਾਦ ਪੂਰੀ ਹੋਣ ਵਾਲੀ ਹੋ ਨਿੱਬੜੀ।
ਕਰਤਾਰਪੁਰ ਸਾਹਿਬ ਉਹ ਥਾਂ ਹੈ ਜਿੱਥੇ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਨੇ ਆਪਣੇ ਸੰਸਾਰਕ ਜੀਵਨ ਦੇ ਆਖਰੀ ਵਰ੍ਹੇ ਬਿਤਾਏ ਸਨ ਤੇ ਇਸੇ ਥਾਂ ਹੀ ਉਹ ਜੋਤੀ-ਜੋਤਿ ਸਮਾਏ ਸਨ।
ਕਰਤਾਰਪੁਰ ਸਾਹਿਬ ਪੂਰਬੀ ਪੰਜਾਬ ਵਿਚਲੇ ਡੇਰਾ ਬਾਬਾ ਨਾਨਕ ਵਾਲੀ ਸਰਹੱਦ ਤੋਂ ਸਿਰਫ ਤਿੰਨ ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਲੰਮੇ ਸਮੇਂ ਤੋਂ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦਰਮਿਆਨ ਖਾਸ ਲਾਂਘਾ ਬਣਾ ਕੇ ਸਿੱਖ ਸੰਗਤਾਂ ਨੂੰ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਮੌਕਾ ਦੇਣ ਦੀ ਮੰਗ ਕਰਦੀਆਂ ਆ ਰਹੀਆਂ ਹਨ ਪਰ ਦੋਵਾਂ ਗਵਾਂਢੀ ਮੁਲਕਾਂ ਦੇ ਸਿਆਸੀ ਮੁਫਾਦਾਂ ਕਰਕੇ ਇਨ੍ਹਾਂ ਦਰਮਿਆਨ ਚੱਲਦੀ ਆਪਸੀ ਖਿੱਚੋਤਾਣ ਕਾਰਨ ਇਹ ਲਾਂਘਾ ਹਾਲੀ ਤੱਕ ਕਾਇਮ ਨਹੀਂ ਹੋ ਸਕਿਆ।
ਭਾਰਤ ਪੱਖੀ ਸਿਆਸੀ ਪਾਰਟੀਆਂ ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਮ ਆਦਮੀ ਪਾਰਟੀ ਸ਼ਾਮਲ ਹਨ, ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਤੇ ਜਨਰਲ ਬਾਜਵਾ ਨੂੰ ਜੱਫੀ ਪਾਉਣ ਕਰਕੇ ਉਸ ਦੀ ਕੜੀ ਅਲੋਚਨਾ ਕਰ ਰਹੀਆਂ ਹਨ। ਇਨ੍ਹਾਂ ਪਾਰਟੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਦੀ ਕਾਰਵਾਈ ਨੂੰ ‘ਭਾਰਤ ਵਿਰੋਧੀ ਕਾਰਵਾਈ’ ਕਰਾਰ ਦਿੱਤਾ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਮੁਤਾਬਕ ਇਹ ਕਾਰਵਾਈ ‘ਦੇਸ਼ ਦੇ ਮਾਨ-ਸਨਮਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਹੈ’।
ਹਰਿਆਣਾ ਵਿਚਲੇ ਭਾਜਪਾ ਦੇ ਮੰਤਰੀ ਅਨਿਲ ਵਿੱਜ ਨੇ ਇਸ ਨੂੰ ‘ਗੱਦਾਰੀ ਦੀ ਨਿਸ਼ਾਨੀ ਕਰਾਰ ਦਿੱਤਾ ਹੈ’।
ਸ਼੍ਰੋ.ਅ.ਦ. (ਬਾਦਲ) ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਸਦੇ ਜਨਤਕ ਰਵੱਈਏ ਨਾਲ ‘ਸ਼ਹੀਦਾਂ’ (ਪਾਕਿਸਤਾਨ ਨਾਲ ਟਾਕਰੇ ਵਿੱਚ ਮਾਰੇ ਗਏ ਭਾਰਤੀ ਫੌਜੀਆਂ) ਨੂੰ ਹੀ ਧੱਕਾ ਨਹੀਂ ਵੱਜਾ ਸਗੋਂ ਉਹਨਾਂ ਦੇ ਪਰਵਾਰਾਂ ਅਤੇ ਦੇਸ਼ ਦੇ ਆਮ ਲੋਕਾਂ ਨੂੰ ਵੀ ਇਸ ਨਾਲ ਤਕਲੀਫ ਹੋਈ ਹੈ।
ਭਾਰਤੀ ਮੀਡੀਏ ਨੇ ਵੀ ਪੰਜਾਬ ਦੇ ਇਸ ਵਜੀਰ ਵੱਲੋਂ ਪਾਕਿਤਾਨੀ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ’ਤੇ ਖਾਸੀ ਔਖ ਜਤਾਈ ਹੈ।
ਦੂਜੇ ਬੰਨੇ ਸਿੱਖ ਸਫਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਇਸ ਫੇਰੀ ਦੌਰਾਨ ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਸੁਖਾਵੇਂ ਸੁਨੇਹੇ ਨੂੰ ਚੰਗੇ ਦੀ ਆਸ ਵਜੋਂ ਵੇਖਿਆ ਜਾ ਰਿਹਾ ਹੈ।