ਸ੍ਰੀ ਫਤਿਹਗੜ੍ਹ ਸਾਹਿਬ: ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼ਹੀਦੀ ਸਭਾ ‘ਤੇ ਵੱਖ-ਵੱਖ ਸਮਾਗਮ ਉਲੀਕੇ ਗਏ ਹਨ।ਇਨ੍ਹਾਂ ਸਮਾਗਮਾਂ ਵਿਚ ਯੂਨੀਵਰਸਿਟੀ ਦੇ ਫ਼ਿਜ਼ਿਓਥਰੈਪੀ ਵਿਭਾਗ ਵੱਲੋਂ ਫਿਜ਼ੀਓਥੈਰੇਪੀ ਅਤੇ ਹੋਮਿਓਪੈਥੀ ਦੇ ਸੇਵਾ ਕੈਂਪ, ਗੁਰਮਤਿ ਪੁਸਤਕ ਪ੍ਰਦਰਸ਼ਨੀ, ਦਸਤਾਰ ਸਿਖਲਾਈ ਸੇਵਾ ਕੈਂਪ ਅਤੇ ਨਾਲ ਹੀ ਸਿੱਖ ਧਰਮ ਸਬੰਧੀ ਜਾਣਕਾਰੀ ਦੇਂਦੀਆਂ ਧਾਰਮਿਕ ਦਸਤਾਵੇਜ਼ੀਆਂ ਦੀ ਪ੍ਰਦਰਸ਼ਨੀ ਸ਼ਾਮਲ ਹੈ।
ਇਸ ਮੌਕੇ ਉੱਤੇ ਯੂਨੀਵਰਸਿਟੀ ਵਲੋਂ ਇਸ ਸ਼ਹੀਦੀ ਦਿਹਾੜੇ ਨੂੰ ਅਕਾਦਮਿਕ ਰੂਪ ਵਿੱਚ ਮਨਾਉਂਦਿਆਂ ਇਕ ਸੈਮੀਨਾਰ ਵੀ ਕਰਵਾਇਆ ਗਿਆ। ਇਸਦਾ ਵਿਸ਼ਾ ‘ਸਰਹਿੰਦ ਦਾ ਸ਼ਹੀਦੀ ਸਾਕਾ: ਧਾਰਮਿਕ ਆਜ਼ਾਦੀ ਦੇ ਸੰਦਰਭ ਵਿਚ’ ਰਖਿਆ ਗਿਆ। ਇਸ ਮੌਕੇ ਉਤੇ ਮੁੱਖ ਬੁਲਾਰੇ ਦੇ ਤੋਰ ‘ਤੇ ਪ੍ਰੋ. ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪ੍ਰੋ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਿਸ਼ੇਸ਼ ਤੋਰ ਤੇ ਸ਼ਮੂਲੀਅਤ ਕੀਤੀ। ਇਨ੍ਹਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋ. ਅਤੇ ਇੰਚਾਰਜ ਡਾ. ਸਿਕੰਦਰ ਸਿੰਘ ਵੀ ਬੁਲਾਰੇ ਦੇ ਤੌਰ ‘ਤੇ ਸ਼ਾਮਲ ਹੋਏ ਕੀਤੀ।
ਇਸ ਸੈਮੀਨਾਰ ਵਿਚ ਡਾ. ਪ੍ਰਿਤਪਾਲ ਸਿੰਘ ਰਜਿਸਟਰਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਨੇ ਆਏ ਹੋਏ ਬੁਲਾਰਿਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਿਆ।
ਇਸ ਮੌਕੇ ਬੁਲਾਰਿਆਂ ਨੇ ਧਾਰਮਿਕ ਆਜ਼ਾਦੀ ਨੂੰ ਬਿਆਨਦਿਆਂ ਕਿਹਾ ਕਿ ਇਹ ਹਰ ਮਨੁੱਖ ਦਾ ਮੂਲ ਹੱਕ ਹੈ। ਪਰ ਸਮੇਂ-ਸਮੇਂ ਉੱਤੇ ਵਿਸ਼ੇਸ਼ ਧਰਮ ਨਾਲ ਸਬੰਧਤ ਰਹੇ ਸ਼ਾਸ਼ਕਾਂ ਵਲੋਂ ਆਪਣੇ ਧਰਮ ਦਾ ਬੋਲਬਾਲਾ ਕਰਨ ਲਈ ਹੋਰਨਾ ਧਰਮਾਂ ਦੇ ਲੋਕਾਂ ‘ਤੇ ਕਈ ਧਾਰਮਿਕ ਪਾਬੰਦੀਆਂ ਲਗਾਈਆਂ ਹਨ।
ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਸੁਖਦਰਸ਼ਨ ਸਿੰਘ ਖਹਿਰਾ ਜੀ ਨੇ ਇਸ ਸ਼ਹਾਦਤ ਨੂੰ ਲਾਸਾਨੀ ਸ਼ਹਾਦਤ ਦਸਦਿਆਂ ਕਿਹਾ ਕਿ ਸਮੁੱਚੇ ਜਗਤ ਵਿਚ ਇਸ ਤਰ੍ਹਾਂ ਦੀ ਸ਼ਹਾਦਤ ਦੀ ਕੋਈ ਮਿਸਾਲ ਨਹੀ ਲੱਭਦੀ।