ਸ੍ਰੀ ਅੰਮ੍ਰਿਤਸਰ ਸਾਹਿਬ: (ਨਰਿੰਦਰਪਾਲ ਸਿੰਘ) ਮਾਂ ਬੋਲੀ ਪੰਜਾਬੀ ਨੂੰ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਸੁਨੇਹਾ ਦੇਣ ਲਈ ਬੀਤੇ ਕਲ੍ਹ ਤਲਵੰਡੀ ਸਾਬੋ ਤੋਂ ਪਟਿਆਲੇ ਪੁੱਜਣ ਵਾਲਾ “ਗੁਰਮੱੁਖੀ ਚੇਤਨਾ ਮਾਰਚ” ਅੱਜ ਅਗਲੇ ਪੜਾਅ ਲਈ ਰਵਾਨਾ ਹੋਇਆ ।
ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ)ਦੇ ਸਾਂਝੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਮਾਂ ਬੋਲੀ ਦਾ ਪਾਸਾਰਾ ,ਮਾਂ ਬੋਲੀ ਨੂੰ ਅਮਲੀ ਰੂਪ ਵਿੱਚ ਹਰ ਘਰ ਹਰ ਪਰਿਵਾਰ ਵਲੋਂ ਅਪਣਾਏ ਬਗੈਰ ਅਸੰਭਵ ਹੈ ।ਬਾਬਾ ਹਰਦੀਪ ਸਿੰਘ ਮਹਿਰਾਜ ,ਲੱਖਾ ਸਿਧਾਣਾ ,ਅੱਜ ਇਥੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਾਰਚ ਦੇ ਅਗਲੇੇ ਪੜਾਅ ਦੀ ਆਰੰਭਤਾ ਦੀ ਅਰਦਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ,ਰਾਜਸਥਾਨ ਤੇ ਹਿਮਾਚਲ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਅਦਾਰੇ ਤੇ ਨਿੱਜੀ ਸੰਸਥਾਵਾਂ ਵੀ ਸਾਰਾ ਕਾਰੋਬਾਰ ਹਿੰਦੀ ,ਹਰਿਆਣਵੀ ਜਾਂ ਹਿਮਾਚਲੀ ਭਾਸ਼ਾ ਦੀ ਅਗਵਾਈ ਅਤੇ ਵਿੱਚ ਕਰ ਰਹੀਆਂ ਹਨ
।ਉਥੇ ਅਦਾਲਤਾਂ ਤੀਕ ਨੂੰ ਹਿੰਦੀ ਵਿੱਚ ਕੰਮ ਕਰਨ ਤੇ ਕੋਈ ਇਤਰਾਜ ਨਹੀ ਪਰ ਪੰਜਾਬ ਵਿੱਚ ਪੰਜਾਬੀ ਲਾਗੂ ਕਰਨ ਤੋਂ ਇਨਕਾਰੀ ਹੋਣ ਵਿੱਚ ਸਭਤੋਂ ਮੋਹਰੀ ਹਨ।ਉਨ੍ਹਾਂ ਕਿਹਾ ਕਿ ਜਿਸ ਦਿਨ ਅਸੀਂ ਪਰਿਵਾਰਾਂ ਵਿੱਚ ਤੇ ਵਿਸ਼ੇਸ਼ ਕਰਕੇ ਸਿੱਖ ਧਾਰਮਿਕ ਸੰਸਥਾਵਾਂ ਵਿੱਚ ਪੰਜਾਬੀ ਲਾਗੂ ਕਰ ਦਿੱਤੀ ਉਸ ਦਿਨ ਗੁਰੂ ਸਾਹਿਬਾਨ ਵਲੋਂ ਬਖਸ਼ੀ ਇਸ ਭਾਸ਼ਾ ਤੇ ਬੋਲੀ ਨੂੰ ਲਾਗੂ ਕਰਨ ਤੋਂ ਕੋਈ ਨਹੀ ਰੋਕ ਸਕੇਗਾ।
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੰਜਾਬ ਦੀਆਂ ਪ੍ਰਮੁਖ ਸੜਕਾਂ ਦੇ ਦਿਸ਼ਾ ਸੂਚਕ ਨਿਸ਼ਾਨ ,ਪੰਜਾਬੀ ਭਾਸ਼ਾ ਵਿੱਚ ਕਰਨ ਦਾ ਉਪਰਾਲਾ ਨੌਜਵਾਨਾਂ ਵਲੋਂ ਕੀਤਾ ਗਿਆ ਸੀ ਜਿਸਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ।ਮਾਰਚ ਵਿੱਚ ਸ਼ਾਮਿਲ ਹੋਣ ਆਏ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਜੋਰ ਦੇ ਕੇ ਕਿਹਾ ਕਿ ਪੰਜਾਬੀ ਲਾਗੂ ਕਰਨ ਲਈ ਸਭਤੋਂ ਪਹਿਲਾਂ ਸਿੱਖਾਂ ਦੀ ਧਾਰਮਿਕ ਸੰਸਥਾਵਾਂ ਨੂੰ ਅਦਾਰਿਆਂ ਦੇ ਅੰਦਰ ਤੇ ਚੌਗਿਰਦੇ ਵਿੱਚ ਪੰਜਾਬੀ ਭਾਸ਼ਾ ਦੇ ਬੋਰਡ ਲਾਗੂ ਕਰਨੇ ਚਾਹੀਦੇ ਹਨ।
ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਅਤੇ ਜਥਾ ਹਿੰਮਤ –ਏ-ਖਾਲਸਾ ਦੇ ਭਾਈ ਪੰਜਾਬ ਸਿੰਘ ਵਲੋਂ ਭਾਈ ਮਹਿਰਾਜ,ਲੱਖਾ ਸਿਧਾਣਾ ਤੇ ਸਾਥੀਆਂ ਨੂੰ ਜੈਕਾਰਿਆਂ ਦੀ ਗੂੰਜ ਦਰਮਿਆਨ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਈ ਸੁਰਿੰਦਰ ਸਿੰਘ ਨਥਾਣਾ,ਗੁਰਪ੍ਰੀਤ ਸਿੰਘ,ਪ੍ਰਿਤਪਾਲ ਸਿੰਘ ਡੋਡ,ਗੱਗੂ ਸਮਾਧ ਤੋਂ ਇਲਾਵਾ ਵੱਡੀ ਗਿਣਤੀ ਨੌਜੁਆਨ ਸ਼ਾਮਿਲ ਸਨ ਜਿਨ੍ਹਾਂ ਨੇ ਆਪਣੀ ਹਿੱਕ ਅਤੇ ਮੋਢਿਆਂ ਉਪਰ ‘ਪੰਜਾਬੀ ਬਚਾਉ ਅਤੇ ਬੱੁਲ੍ਹੇ ਦੀ ਪੰਜਾਬੀ’ਵਰਗੇ ਦਿੱਲ ਖਿਚਵੇਂ ਸੰਦੇਸ਼ ਲਗਾਏ ਹੋਏ ਸਨ ।