Site icon Sikh Siyasat News

ਪਿੰਡ ਝੰਡੂਕੇ ਵਿਖੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਸਮਾਗਮ ਹੋਇਆ

ਝੁਨੀਰ ਮਾਨਸਾ: ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ 40ਵੀਂ ਯਾਦ ਵਿੱਚ ਪਿੰਡ ਝੰਡੂਕੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਵੰਬਰ 1984 ਵਿੱਚ ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਨਾਲ ਤਾਰਨ ਵਾਲੇ ਸਿੱਖਾਂ ਦੀ ਯਾਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ।

ਭਾਰਤ ਭਰ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦਾ ਖੁਰਾ ਖੋਜ ਕਰਨ ਵਾਲੇ ਨੌਜਵਾਨ ਲੇਖਕ ਸ. ਗੁਰਜੰਟ ਸਿੰਘ ਬੱਲ ਨੇ ਕਿਹਾ ਕਿ ਬੇਸ਼ੱਕ ਨਵੰਬਰ 1984 ਵਿੱਚ ਭਾਰਤ ਭਰ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਗਿਆ ਪਰ ਬਹੁਤ ਥਾਈਂ ਸਿੱਖ ਸੰਗਤਾਂ ਨੇ ਆਪਣੀ ਰਿਵਾਇਤ ਅਨੁਸਾਰ ਇਕੱਠੇ ਹੋ ਕੇ ਜਾਲਮ ਭੀੜਾਂ ਦਾ ਟਾਕਰਾ ਕਰਦਿਆਂ ਆਪਣੀ ਜਾਨ ਉੱਪਰ ਖੇਡ ਕੇ ਗੁਰਦੁਆਰਾ ਸਾਹਿਬਾਨ ਦੀ ਰਾਖੀ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਕਾਇਮ ਰੱਖਿਆ।

ਸਿੱਖ ਨਸਲਕੁਸ਼ੀ ਦਾ ਖੁਰਾਖੋਜ ਅਤੇ ਸਿਰਫ ਦਿੱਲੀ ਨਹੀਂ ਕਿਤਾਬ ਦੇ ਲੇਖਕ ਸ. ਗੁਰਜੰਟ ਸਿੰਘ ਬੱਲ

ਸਰਦਾਰ ਗੁਰਜੰਟ ਸਿੰਘ ਨੇ ਅਜਿਹੀਆਂ ਕਈ ਸਾਖੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਿੱਥੇ ਨਵੰਬਰ 1984 ਦੌਰਾਨ ਸਿੱਖਾਂ ਵੱਲੋਂ ਹਮਲਾਵਰ ਭੀੜਾਂ ਤੋਂ ਗੁਰਦੁਆਰਾ ਸਾਹਿਬ ਨੂੰ ਬਚਾਇਆ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਣ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਜਿੱਥੇ-ਜਿੱਥੇ ਵੀ ਸਿੱਖਾਂ ਨੇ ਆਪਣੀ ਰਿਵਾਇਤ ਅਨੁਸਾਰ ਇਕੱਠੇ ਹੋ ਕੇ ਭੀੜਾਂ ਦਾ ਟਾਕਰਾ ਕੀਤਾ ਉਥੇ-ਉਥੇ ਸਿੱਖਾਂ ਦਾ ਨੁਕਸਾਨ ਹੋਣੋ ਬਚ ਗਿਆ।

ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਦ੍ਰਿਸ਼

ਸ. ਗੁਰਜੰਟ ਸਿੰਘ ਨੇ ਕਿਹਾ ਕਿ ਬੇਸ਼ੱਕ ਸਾਨੂੰ ਹੋਏ ਆਪਣੇ ਉੱਪਰ ਜੁਲਮਾਂ ਦੀ ਗੱਲ ਕਰਨੀ ਚਾਹੀਦੀ ਹੈ ਪਰ ਨਾਲ ਹੀ ਆਪਣੀ ਰਵਾਇਤ ਅਨੁਸਾਰ ਅਮਲ ਕਰਦਿਆਂ ਜਾਬਰ ਦਾ ਟਾਕਰਾ ਕਰਨ ਵਾਲਿਆਂ ਦੀਆਂ ਸਾਖੀਆਂ ਵੀ ਜਰੂਰ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
ਸਮਾਗਮ ਦੇ ਦੂਸਰੇ ਬੁਲਾਰੇ ਅਤੇ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਨਵੰਬਰ 1984 ਤੋਂ ਪਹਿਲਾਂ ਸਿੱਖ ਜਿਸ ਤਰ੍ਹਾਂ ਦੇ ਹਾਲਾਤ ਵਿੱਚ ਘਿਰੇ ਹੋਏ ਸਨ ਹੁਣ 40 ਸਾਲ ਬਾਅਦ ਦੁਬਾਰਾ ਫਿਰ ਉਸੇ ਤਰ੍ਹਾਂ ਦਾ ਸਮਾਂ ਬਣ ਰਿਹਾ ਹੈ।

ਉਨ੍ਹਾਂ ਕਿਹਾ ਕਿ 1970-80ਵਿਆਂ ਦੇ ਸਮੇਂ ਦੌਰਾਨ ਵੀ ਇੰਡੀਆ ਵਿੱਚ ਸੱਤਾ ਦਾ ਕੇਂਦਰੀਕਰਨ ਜੋਰਾਂ ਨਾਲ ਚੱਲ ਰਿਹਾ ਸੀ ਅਤੇ ਹੁਣ ਵੀ 2014 ਤੋਂ ਬਾਅਦ ਭਾਰਤ ਵਿੱਚ ਵੱਡੀ ਪੱਧਰ ਉੱਤੇ ਸੱਤਾ ਦਾ ਕੇਂਦਰੀਕਰਨ ਹੋ ਰਿਹਾ ਹੈ। ਜਿਵੇਂ ਬੀਤੇ ਵਿੱਚ ਸਿੱਖਾਂ ਨੇ ਐਮਰਜੰਸੀ ਦਾ ਵਿਰੋਧ ਕਰਕੇ ਸੱਤਾ ਦਾ ਕੇਂਦਰੀਕਰਨ ਕਰ ਰਹੀ ਤਤਕਾਲੀ ਹਕੂਮਤ ਨੂੰ ਵੱਡੀ ਵੰਗਾਰ ਦਿੱਤੀ ਸੀ ਉਸੇ ਤਰ੍ਹਾਂ ਕਿਸਾਨੀ ਮੋਰਚੇ ਦੌਰਾਨ ਨਿਭਾਈ ਭੂਮਿਕਾ ਕਰਕੇ ਸਿੱਖ ਮੌਜੂਦਾ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਰੜਕਣੇ ਸ਼ੁਰੂ ਹੋ ਗਏ ਹਨ।

ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਹੋਰ ਦ੍ਰਿਸ਼

ਉਹਨਾਂ ਕਿਹਾ ਕਿ ਜਿੰਨੇ ਵੱਡੇ ਪੱਧਰ ਉੱਪਰ ਸੰਸਾਰ ਵਿੱਚ ਉਥਲ-ਪੁਥਲ ਹੋ ਰਹੀ ਹੈ, ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਪਰ ਪੈ ਰਿਹਾ ਹੈ। ਇਸ ਵਾਸਤੇ ਸਿੱਖਾਂ ਲਈ ਇਹ ਸਮਾਂ ਸੰਭਲ ਕੇ ਚੱਲਣ ਦਾ ਹੈ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉੱਪਰ ਚਲਦਿਆਂ ਆਪਣੀਆਂ ਸਮਰੱਥਾਵਾਂ ਨੂੰ ਦ੍ਰਿੜ ਕਰਨ ਦਾ ਹੈ।

ਇਸ ਮੋਕੇ ਗੁਰਦੁਆਰਾ ਪ੍ਰਬੰਧਕ ਕਮੇਟੀ (ਝੰਡੂਕੇ) ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਕਮੇਟੀ ਮੈਂਬਰ ਭਾਈ ਰਾਮ ਸਿੰਘ, ਜਗਤਾਰ ਸਿੰਘ ਝੰਡੂਕੇ, ਭਾਈ ਗਮਦੂਰ ਸਿੰਘ ਝੰਡੂਕੇ, ਸ. ਗੁਰਲਾਲ ਸਿੰਘ, ਭਾਈ ਬਲਵਿੰਦਰ ਸਿੰਘ ਸਰਦੂਲਗੜ੍ਹ, ਭਾਈ ਹਰਜਿੰਦਰ ਸਿੰਘ, ਮਿਸਲ ਘੱਗਰ ਤੋਂ ਸ. ਰਾਜਵਿੰਦਰ ਸਿੰਘ ਰਾਜੂ, ਭਾਈ ਕਰਨ ਸਿੰਘ (ਗ੍ਰੰਥੀ ਸਭਾ) ਅਤੇ ਭਾਈ ਸਵਰਨ ਸਿੰਘ ਕੋਟਧਰਮੂ (ਲੱਖੀ ਜੰਗਲ ਖਾਲਸਾ ਜਥਾ) ਨੇ ਹਾਜ਼ਰੀ ਭਰੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version