ਵਿਦੇਸ਼

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਮਹਾਨ ਸਮਾਗਮ

By ਸਿੱਖ ਸਿਆਸਤ ਬਿਊਰੋ

January 13, 2010

ਜਰਮਨੀ (12 ਜਨਵਰੀ, 2010): ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਵਲੋਂ ਦਸ਼ਮੇਸ਼ ਪਿਤਾ ਜੀ ਦੇ ਆਗਮਨ ਦਿਹਾੜੇ ਤੇ ਸਮੂਹ ਸੰਗਤਾਂ ਵਲੋਂ ਬੜੀ ਹੀ ਸ਼ਰਧਾ ਭਾਵਨੀ ਨਾਲ ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਰਖਵਾਏ ਗਏ । ਤਿੰਨੋਂ ਦਿਨ ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲੇ ਉਥੇ ਸੰਗਤਾਂ ਵਲੋਂ ਤਨੋਂ, ਮਨੋਂ, ਧਨੋਂ ਸੇਵਾ ਕਰਕੇ ਹੋਰ ਵੀ ਗੁਰੂ ਕੀਆਂ ਖੁਸ਼ੀਆਂ ਲਈਆਂ ਗਈਆਂ ।

10 ਜਨਵਰੀ ਦਿਨ ਐਤਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 11 ਵਜੇ ਭੋਗ ਪਾਏ ਗਏ । ਉਸਤੋਂ ਬਾਅਦ ਕੀਰਤਨ ਦੀਵਾਨ ਸਜੇ, ਜਿਸ ਵਿੱਚ ਕੀਰਤਨੀ ਜਥਾ ਭਾਈ ਗੁਰਪ੍ਰੀਤ ਸਿੰਘ ਬਠਿੰਡੇ ਵਾਲਿਆਂ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਉਸਤੋਂ ਬਾਅਦ ਕਵੀਸ਼ਰੀ ਜਥਾ ਭਾਈ ਜਗਜੀਤ ਸਿੰਘ, ਜਿਨ੍ਹਾਂ ਕਵੀਸ਼ਰੀ ਨਾਲ ਗੁਰ ਇਤਿਹਾਸ ਤੇ ਕਵਿਤਾਵਾਂ ਪੜ੍ਹੀਆਂ ।

ਪੰਥਕ ਬੁਲਾਰਿਆਂ ਗੁਰ ਇਤਿਹਾਸ ਤੇ ਚਾਨਣਾ ਪਾਉਂਦਿਆਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਹਾਨ ਕੁਰਬਾਨੀਆਂ ਦਾ ਜ਼ਿਕਰ ਕੀਤਾ, ਉਥੇ ਨਾਲ ਹੀ ਪੰਂਥ ਦੀ ਅਜੌਕੀ ਦਸ਼ਾ ਤੇ ਵੀ ਖੁੱਲ੍ਹਕੇ ਵਿਚਾਰਾਂ ਹੋਈਆਂ । ਜਥੇ. ਰੇਸ਼ਮ ਸਿੰਘ ਬੱਬਰ ਮੁਖੀ ਬੱਬਰ ਖਾਲਸਾ ਜਰਮਨੀ ਨੇ ਨਾਨਕਸ਼ਾਹੀ ਕੈਲੰਡਰ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ੍ਰ: ਅਵਤਾਰ ਸਿੰਘ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਵਲੋਂ ਜੋ ਪੰਥਕ ਗ਼ੈਰ ਰਵਾਇਤਾਂ ਦੇ ਤਹਿਤ ਸਿਰਫ ਤਾਂ ਸਿਰਫ ਆਪਣੇ ਆਕਿਆਂ ਨੂੰ ਖੁਸ਼ ਕਰਨ ਦੀ ਕੀਤੀ ਗਈ ਕਾਰਬਾਈ ਹੈ, ਜੋ ਸਿੱਖ ਵਿਰੋਧੀ ਵਿਚਾਰਧਾਰਾ ਦੇ ਤਹਿਤ ਕੰਮ ਕੀਤਾ ਹੈ । ਉਹ ਸਿਰਫ ਆਰ. ਐਸ. ਐਸ. ਦੇ ਨੁਮਾਇੰਦਿਆਂ ਦੀ ਇੱਛਾ ਨੂੰ ਹੀ ਪਾਲਿਆ ਗਿਆ ਹੈ । ਜੋ ਸਿੱਖਾਂ ਵਿੱਚ ਏਕਾ ਕਰਨ ਲਈ ਨਹੀਂ, ਸਗੋਂ ਫੁੱਟ ਪਾਉ ਨੀਤੀ ਨੂੰ ਹੀ ਸਫਲ ਕੀਤਾ ਗਿਆ । ਚਾਹੀਦਾ ਤਾਂ ਇਹ ਸੀ ਕਿ ਸਮੂਹ ਪੰਥ ਦੀ ਸਹਿਮਤੀ ਅਤੇ ਪੰਥਕ ਜਥੇਬੰਦੀਆਂ, ਪੰਥਕ ਅਦਾਰਿਆਂ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਸ੍ਰ: ਪਾਲ ਸਿੰਘ ਪੁਰੇਵਾਲ ਨੂੰ ਵਿੱਚ ਬਿਠਾਕੇ ਲੋੜ੍ਹ ਅਨੁਸਾਰ ਕੋਈ ਸੁਧਾਈ ਕੀਤੀ ਜਾਂਦੀ ।

ਜਥੇ. ਹਰਦਵਿੰਦਰ ਸਿੰਘ ਬੱਬਰ ਮੁਖੀ ਬੱਬਰ ਖਾਲਸਾ ਇੰਟਰਨੈਸ਼ਨਲ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਉਨ੍ਹਾਂ ਕਿਹਾ ਕਿ ਪੰਥ ਨੇ ਇੱਕ ਅਜ਼ਾਦ ਹਸਤੀ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਬਣਾਇਆ ਹੈ, ਜੋ ਬੜੀ ਘਾਲਣਾ ਤੇ ਮਿਹਨਤ ਕਰਕੇ ਤਿਆਰ ਕੀਤਾ ਗਿਆ, ਇਸ ਵਿੱਚ ਅਗਰ ਕੋਈ ਛੋਟੀ – ਮੋਟੀ ਕਮੀ ਰਹਿ ਵੀ ਗਈ ਹੋਵੇ ਤਾਂ ਪੰਥ ਦੀ ਕਚਹਿਰੀ ਚ ਸਰਬਤ ਖਾਲਸਾ ਬੁਲਾਕੇ ਹੀ ਸੋਧਿਆ ਜਾਣਾ ਚਾਹੀਦਾ ਹੈ ।

ਸਿੱਖ ਫੈਡਰੇਸ਼ਨ ਜਰਮਨੀ ਦੇ ਮੁਖੀ ਸ੍ਰ: ਗੁਰਮੀਤ ਸਿੰਘ ਖਨਿਆਣ ਹੋਰਾਂ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਉਤਸਵ ਤੇ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ੍ਹ ਲਾਇਆ ਹੈ । ਉਨ੍ਹਾਂ ਜਿੱਥੇ ਗੁਰੂ ਗੋਬਿੰਦ ਜੀ ਮਹਾਰਾਜ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ, ਉਥੇ ਪੰਥਕ ਹਾਲਾਤਾਂ ਤੇ ਵੀ ਚਾਨਣਾ ਪਾਇਆ । ਉਨ੍ਹਾਂ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੀ ਕਾਰਵਾਈ ਨੂੰ ਲੈ ਕੇ ਛਿੜੇ ਵਿਵਾਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੰਤ ਸਮਾਜ ਵਲੋਂ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਰਲਗੱਡ ਕਰਨ ਲਈ ਬਿਕਰਮੀ ਕੈਲੰਡਰ ਨਾਲ ਜੋੜਕੇ ਬ੍ਰਾਹਮਵਾਦੀ ਮੂਲਧਾਰਾ ਨਾਲ ਜੋੜਣ ਦਾ ਹੀ ਇੱਕ ਮਨਸੂਬਾ ਹੈ । ਅਸਲ ਚ ਲੁਧਿਆਣਾ ਕਾਂਡ ਨਾਲ ਬਾਦਲ ਸ੍ਰਕਾਰ ਦੀ ਰੱਜਕੇ ਮੁਖਾਲਫਤ ਹੋਈ ਹੈ, ਦੁਸ਼ੀਆਂ ਨੂੰ ਬਚਾਉਣ ਲਈ ਹੀ ਇਹ ਕੌਮ ਨਾਲ ਖਿਲਵਾੜ ਕਰਵਾਇਆ ਜਾ ਰਿਹਾ ਹੈ । ਅਫਸੋਸ ਇਸ ਗੱਲ ਦਾ ਹੈ ਜਿਹੜੇ ਲੋਕ ਕੁੱਝ ਹਫਤੇ ਪਹਿਲਾਂ ਬਾਦਲ ਵਰਗਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੇ ਮਤੇ ਪਾਉਂਦੇ ਸਨ ਅੱਜ ਉਨ੍ਹਾਂ ਦੀਆਂ ਸਿਫਤਾਂ ਦੇ ਪੁੱਲ ਬੰਨ੍ਹਕੇ, ਕੀ ਉਨ੍ਹਾਂ ਸ਼ਹੀਦਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ ?

ਅਸੀਂ ਇਹ ਗੱਲ ਦ੍ਰਿੜਤਾ ਨਾਲ ਕਹਿਣੀ ਚਾਹੁੰਦੇ ਹਾਂ ਕਿ ਅਸੀਂ ਸਾਰੇ ਦਿਨ ਤਿਉਹਾਰ ਜਿਵੇਂ ਪੁਰਾਤਨ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਹੀ ਮਨਾਉਣ ਦਾ ਪ੍ਰਣ ਲੈਂਦੇ ਹਾਂ ।

ਜਥੇ. ਸਤਨਾਮ ਸਿੰਘ ਬੱਬਰ ਪ੍ਰਧਾਨ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਵਿੱਚ ਏਡੇ ਵੱਡੇ ਕਾਰਨਾਮੇ ਕੀਤੇ ਹਨ, ਜਿਨ੍ਹਾਂ ਵਿੱਚੋਂ ਕੁੱਝ ਅਹਿਮ ਹਨ, ਜਿਵੇਂ 9 ਸਾਲ ਦੀ ਉਮਰ ਵਿੱਚ ਪਿਤਾ ਨੂੰ ਕੁਰਬਾਨੀ ਕਰਨ ਲਈ ਤੋਰਨਾ, ਉਹ ਵੀ ਦੂਸਰਿਆਂ ਦੇ ਧਰਮ ਦੀ ਖਾਤਿਰ, ਇਹ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਇਤਿਹਾਸ ਹੈ । 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਹੁਲ ਛਕਾਕੇ ਖਾਲਸਾ ਦੇ ਸਿਰਜਣਾ ਕਰਨੀ ਤੇ ਉਸੇ ਖਾਲਸੇ ਤੋਂ ਫਿਰ ਆਪ ਪਾਹੁਲ ਲੈਣੀ, ਇੱਕ ਵਿਲੱਖਣ ਗੱਲ ਹੈ । ਆਪੇ ਗੁਰ ਚੇਲਾ । ਦਮਦਮਾ ਸਾਹਿਬ ਆਦਿ ਗ੍ਰੰਥ ਨੂੰ ਦੁਬਾਰਾ ਲਿਖਣਾ, ਇਹ ਵੀ ਇੱਕ ਵਿਲੱਖਣ ਅਤੇ ਕ੍ਰਿਸ਼ਮਾ ਹੈ । 1708 ਨੂੰ ਅਕਾਲ ਪਿਆਨਾ ਕਰਨ ਤੋਂ ਪਹਿਲਾਂ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਣਾ ਤੇ ਆਦੇਸ਼ ਕਰਨਾ ਕਿ ਅੱਜ ਤੋਂ ਬਾਅਦ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।

ਉਨ੍ਹਾਂ ਹੋਰ ਅੱਗੇ ਬੋਲਦਿਆਂ ਕਿਹਾ ਕਿ ਅੱਜ ਅਸੀਂ ਦਸ਼ਮੇਸ਼ ਸਿੰਘ ਸਭਾ ਕਲੋਨ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਣ ਅਤੇ ਕੀਰਤਨ ਸਿੱਖਣ ਲਈ ਉਤਸ਼ਾਹਿਤ ਕਰਨ ਲਈ, ਇੱਕ ਛੋਟਾ ਜਿਹਾ ਉਪਰਾਲਾ ਕਰਕੇ ਸਨਮਾਨਣ ਜਾ ਰਹੇ ਹਾਂ, ਉਨ੍ਹਾਂ ਬੀਬੀਆਂ ਅਤੇ ਬੱਚਿਆਂ ਦਾ ਹੋਰ ਵੀ ਸਤਿਕਾਰ ਹੈ, ਧੰਨਵਾਦ ਹੈ, ਜੋ ਇਨ੍ਹਾਂ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਅਤੇ ਕੀਰਤਨ ਸਿਖਾਉਣ ਵਿੱਚ ਵੀ ਮਦਦ ਕਰਦੇ ਹਨ ਅਤੇ ਕਰਦੇ ਰਹਣਗੇ ਦੀ ਉਮੀਦ ਹੈ । ਇੱਕ ਹੋਰ ਗੱਲ ਜੋ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੇ ਮਾਤਾ – ਪਿਤਾ ਨੂੰ ਸਾਡੀ ਹੱਥ ਜੋੜ੍ਹਕੇ ਬੇਨਤੀ ਹੈ ਕਿ ਉਹ ਆਪਣੇ ਘਰ ਵਿੱਚ ਬੱਚਿਆਂ ਨਾਲ ਹਮੇਸ਼ਾਂ ਪੰਜਾਬੀ ਵਿੱਚ ਹੀ ਗੱਲਬਾਤ ਕਰਨ ਦੀ ਆਦਤ ਪਾਉਣ ਤਾਂਕਿ ਇਹ ਬੱਚੇ ਆਪਣੇ ਇਤਿਹਾਸ, ਵਿਰਸੇ ਅਤੇ ਕਲਚਰ ਨਾਲ ਜੁੜੇ ਰਹਿ ਸਕਣ । ਬੱਚਿਆਂ ਨੂੰ ਸਿੱਖੀ ਸਰੂਪ ਵਿੱਚ ਵਿਚਰਣ ਦੀ ਵੀ ਤਾਕੀਦ ਕੀਤੀ ਗਈ ਕਿ ਆਉਣ ਵਾਲੇ ਭਵਿੱਖ ਵਿੱਚ ਇਨ੍ਹਾਂ ਬੱਚਿਆਂ ਹੀ ਪੰਥ ਨੂੰ ਚੜ੍ਹਦੀ ਕਲਾ ਚ ਲਿਜਾਣਾ ਹੈ । ਬੱਚਿਆਂ ਨੂੰ ਗਿਫਟਾਂ ਦੇ ਕੇ ਨਿਵਾਜਿਆ ਗਿਆ ।

ਕਮੇਟੀ ਪ੍ਰਬੰਧਕਾਂ ਨੇ ਹੋਰ ਕਿਹਾ ਕਿ ਹਰੇਕ ਸ਼ੁਕਰਵਾਰ ਨੂੰ ਕੀਰਤਨ ਦੀਆਂ ਕਲਾਸਾਂ ਵਿੱਚ ਮਾਪਿਆਂ ਵਲੋਂ ਬੱਚਿਆਂ ਨੂੰ ਲਿਆਉਣ ਦੀ ਕੋਈ ਦਿੱਕਤ ਆਉਂਦੀ ਹੋਵੇ ਤਾਂ ਉਹ ਸਾਡੇ ਨਾਲ ਰਾਫਤਾ ਕਰਨ । ਉਸੇ ਵੇਲੇ ਹੀ ਸੰਗਤ ਵਿੱਚੋਂ ਸ੍ਰ: ਇੰਦਰਜੀਤ ਸਿੰਘ ਹੋਰਾਂ ਨੇ ਕਲੋਨ ਸ਼ਹਿਰ ਦੇ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਲਿਆਉਣ ਦੀ ਸੇਵਾ ਦੀ ਜੁੰਮੇਵਾਰੀ ਲਈ ।

ਸ਼ਹੀਦ ਭਗਤ ਸਿੰਘ ਕਲੱਬ ਵਲੋਂ ਦੋ ਦਿਨ ਲੰਗਰਾਂ ਦੀ ਸੇਵਾ ਕੀਤੀ, ਐਤਵਾਰ ਦੇ ਲੰਗਰਾਂ ਦੀ ਸੇਵਾ ਸ੍ਰ: ਗੁਰਮੀਤ ਸਿੰਘ ਖਨਿਆਣ ਹੋਰਾਂ ਦੇ ਪ੍ਰਵਾਰ ਵਲੋਂ ਅਤੇ ਜ਼ਲੇਬੀਆਂ ਦੀ ਸੇਵਾ ਸ੍ਰ: ਸਵਰਨ ਸਿੰਘ ਹੋਰਾਂ ਦੇ ਪ੍ਰਵਾਰ ਵਲੋਂ ਕੀਤੀ ਗਈ ਅਤੇ ਗੁਰੂ ਕੀਆਂ ਖੁਸ਼ੀਆਂ ਲਈਆਂ ਗਈਆਂ ।

ਸਟੇਜ ਦੀ ਸੇਵਾ ਸ੍ਰ: ਹਰਪਾਲ ਸਿੰਘ ਨੇ ਬਾਖੂਬੀ ਨਿਭਾਈ । ਸਮੇਂ ਦੀ ਘਾਟ ਹੋਣ ਕਰਕੇ ਬਾਕੀ ਬੁਲਾਰਿਆਂ ਜਿਨ੍ਹਾਂ ਵਿੱਚ ਸ੍ਰ: ਸਰਦੂਲ ਸਿੰਘ ਸ਼ੇਖੋਂ ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ, ਸ੍ਰ: ਜਤਿੰਦਰਬੀਰ ਸਿੰਘ ਸਿੱਖ ਫੈਡਰੇਸ਼ਨ ਜਰਮਨੀ, ਸ੍ਰ: ਰਾਜਿੰਦਰ ਸਿੰਘ ਬੱਬਰ ਆਦਿ ਤੋਂ ਸਟੇਜ ਤੇ ਸਮਾਂ ਨਾ ਦੇ ਸਕਣ ਦੀ ਮੁਆਫੀ ਮੰਗਦਿਆਂ ਇਨ੍ਹਾਂ ਦੀ ਵੀ ਹਾਜ਼ਰੀ ਲਗਵਾਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: