ਚੰਡੀਗੜ੍ਹ – ਸਰਦਾਰ ਤਾਰਾ ਸਿੰਘ ਘੇਬਾ ਮਿਸਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ‘ਸਰਦਾਰ ਤਾਰਾ ਸਿੰਘ ਘੇਬਾ ਮਿਸਲ ਡੱਲੇਵਾਲੀਆ ਯਾਦਗਾਰੀ ਸਭਾ” ਵੱਲੋਂ 28 ਅਕਤੂਬਰ 2023, ਦਿਨ ਸ਼ਨੀਵਾਰ ਸ਼ਾਮੀ 6 ਵਜੇ ਤੋਂ 9.30 ਵਜੇ ਤੱਕ , ਗੁਰਦੁਆਰਾ ਸਿੰਘ ਸਭਾ, ਅੱਡਾ ਲਾਰੀਆਂ, ਰਾਹੋਂ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਹ ਸਮਾਗਮ ਵਿੱਚ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੁਆਬਾ), ਭਾਈ ਮਨਵੀਰ ਸਿੰਘ ਪਹੁਵਿੰਡ (ਢਾਡੀ ਜਥਾ) ਅਤੇ ਭਾਈ ਜੋਗਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸਿੰਘ ਸਭਾ, ਰਾਹੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਪ੍ਰਬੰਧਕਾਂ ਨੇ ਸੰਗਤਾਂ ਨੂੰ ਇਸ ਸਮਾਗਮ ਵਿਚ ਵਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਹੈ।
ਸਰਦਾਰ ਤਾਰਾ ਸਿੰਘ ਘੇਬਾ ਦੇ ਜੀਵਨ ਬਾਰੇ – 18 ਵੀ ਸਦੀ ਚ ਪੰਜਾਬ ਉਤੇ ਸਦੀਆਂ ਤੋਂ ਸਥਾਪਿਤ ਵਿਦੇਸ਼ੀ ਰਾਜ ਦਾ ਖਾਤਮਾ ਕਰਕੇ ਗੁਰਮਤਿ ਅਨੁਸਾਰ ਖਾਲਸਾ ਪੰਥ ਦਾ ਹਲੇਮੀ ਰਾਜ ਸਥਾਪਿਤ ਕਰਨ ਵਾਲੇ ਸਰਦਾਰ ਤਾਰਾ ਸਿੰਘ ਘੇਬਾ ਨੇ 18 ਵੀ ਤੇ 19 ਵੀ ਸਦੀਆਂ ਚ ਦਲ ਖ਼ਾਲਸਾ ਦੀਆਂ 11 ਮਿਸਲਾਂ ਚੋ ਮਿਸਲ ਡੱਲੇਵਾਲੀਆ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਚ 1764 ਤੋਂ 1807 ਤੱਕ ਲੱਗਭਗ 43 ਸਾਲ ਰਾਹੋ ਸ਼ਹਿਰ ਨੂੰ ਰਾਜਧਾਨੀ ਬਣਾ ਕੇ ਹੰਨੈ ਹੰਨੈ ਮੀਰੀ ਵਾਲੇ ਅਸਲ ਲੋਕਰਾਜ ਦੀ ਪ੍ਰਤੱਖ ਮਿਸਾਲ ਪੇਸ਼ ਕੀਤੀ ਜਿਸ ਵਿਚ ਨਿਆਂ ਤੇ ਖ਼ੁਦਮੁ਼ਤਿਆਰੀ ਹਰ ਬਸਿੰਦੇ ਨੂੰ ਹਾਸਲ ਸੀ। ਸਰਦਾਰ ਤਾਰਾ ਸਿੰਘ ਘੇਬਾ ਇੱਕ ਬਹੁਤ ਹੁਸ਼ਿਆਰ, ਦਾਨਾ, ਬਲੀ ਯੋਧਾ ਸੀ ਅਤੇ ਸਦਾ ਨਾਮ-ਬਾਣੀ ਵਿੱਚ ਲਿਵ ਲਾ ਕੇ ਰੱਖਣ ਵਾਲਾ ਇਨਸਾਨ ਸੀ। ਜਦ ਵੀ ਕਦੇ ਜੰਗ ਹੁੰਦੀ ਤਾਂ ਧਰਮ ਹਿਤ ਸੀਸ ਤਲੀ ਟਿਕਾ ਜੰਗ ਵਿਚ ਸਭ ਤੋਂ ਮੋਹਰੀ ਹੋ ਕੇ ਲੜਦਾ। ਤਾਰਾ ਸਿੰਘ ਜਿੱਥੇ ਦਇਆਵਾਨ, ਭਜਨੀਕ ਸੂਰਮਾ ਸੀ ਉੱਥੇ ਰਾਜਨੀਤੀ ਦਾ ਵੀ ਸੂਝਵਾਨ ਸੀ। ਇਕ ਦਿਨ ਵਿਚ ਤੀਹ ਕੋਹ ਤੋਂ ਧਾਵਾ ਕਰ ਲੁੱਟ ਮਚਾ ਕੇ ਸਾਫ ਨਿਕਲ ਜਾਣ ਦੇ ਆਪ ਮਾਹਰ ਸਨ ।