ਸਿੱਖ ਖਬਰਾਂ

ਦੌਲਤਪੁਰਾ ਨੀਵਾਂ (ਮੋਗਾ) ਅਤੇ ਬਦੇਸ਼ ਕਲਾਂ (ਖਮਾਣੋਂ) ਵਿਖੇ ਵਾਪਰੀ ਗੁਰਬਾਣੀ ਦੀ ਬੇਅਦਬੀ ਦੀ ਘਟਨਾ

By ਸਿੱਖ ਸਿਆਸਤ ਬਿਊਰੋ

August 30, 2016

ਚੰਡੀਗੜ੍ਹ: ਮੋਗਾ ਦੇ ਥਾਣਾ ਸਦਰ ਅਧੀਨ ਪਿੰਡ ਦੌਲਤਪੁਰਾ ਨੀਵਾਂ ਵਿੱਚ ਗੁਰਬਾਣੀ ਦੇ ਗੁਟਕੇ ਦੀ ਬੇਅਦਬੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ‘ਨਸ਼ਾ ਭਜਾਓ, ਪੰਥ ਤੇ ਪੰਜਾਬ ਬਚਾਓ’ ਚੇਤਨਾ ਮਾਰਚ ਨੇੜਲੇ ਪਿੰਡ ਜੋਗੇਵਾਲਾ ਵਿੱਚ ਰਾਤ ਦਾ ਲਈ ਰੁਕਿਆ ਸੀ। ਦੱਸਣਯੋਗ ਹੈ ਕਿ ਬੀਤੀ 22 ਅਗਸਤ ਨੂੰ ਵੀ ਇਸ ਪਿੰਡ ਵਿੱਚ ਗੁਟਕੇ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ।

ਡੀਐਸਪੀ ਸਿਟੀ ਹਰਿੰਦਰ ਸਿੰਘ ਡੋਡ ਨੇ ਕਿਹਾ ਕਿ ਪਿੰਡ ਦੌਲਤਪੁਰਾ ਨੀਵਾਂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੌਲਤਪੁਰਾ ਨੀਵਾਂ ਦੇ ਬਾਜ਼ਾਰ ਵਿੱਚ ਲੋਕਾਂ ਨੇ ਸੋਮਵਾਰ ਤੜਕਸਾਰ ਥਾਂ-ਥਾਂ ’ਤੇ ਨਿੱਤਨੇਮ ਬਾਣੀਆਂ ਦੇ ਗੁਟਕਾ ਸਾਹਿਬ ਪਾੜ ਕੇ ਸੁੱਟੇ ਪਏ ਦੇਖੇ। ਇਸ ਤੋਂ ਬਾਅਦ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਰਣਬੀਰ ਸਿੰਘ ਖਟੜਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਨੇਹਦੀਪ ਸ਼ਰਮਾ, ਡੀਐਸਪੀ ਸਿਟੀ ਹਰਿੰਦਰ ਸਿੰਘ ਡੋਡ, ਥਾਣਾ ਸਦਰ ਮੁਖੀ ਜਸਵਿੰਦਰ ਸਿੰਘ ਆਦਿ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਡੀਆਈਜੀ ਖਟੜਾ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡ ਦੌਲਤਪੁਰਾ ਨੀਵਾਂ ਦੇ ਬਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਦਿ ਦੀ ਤੇਜ਼ੀ ਨਾਲ ਜਾਂਚ ਕਰਨ ਦੀ ਹਦਾਇਤ ਦਿੱਤੀ। ਡੀਆਈਜੀ ਨੇ ਲੋਕਾਂ ਦੇ ਰੁਬਰੂ ਹੁੰਦਿਆਂ ਘਟਨਾ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਮੂਹ ਜਥੇਬੰਦੀਆਂ, ਸੰਸਥਾਵਾਂ ਅਤੇ ਲੋਕਾਂ ਨੂੰ ਸੰਜਮ ਅਤੇ ਸਹਿਣਸ਼ੀਲਤਾ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਪਿੰਡ ਵਿੱਚੋਂ ‘ਨਸ਼ਾ ਭਜਾਓ, ਪੰਥ ਤੇ ਪੰਜਾਬ ਬਚਾਓ’ ਚੇਤਨਾ ਮਾਰਚ ਦੇ ਲੰਘਣ ਮੌਕੇ ਭਾਈ ਧਿਆਨ ਸਿੰਘ ਮੰਡ ਤੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਬਾਬਾ ਰੇਸ਼ਮ ਸਿੰਘ ਆਦਿ ਨੇ ਬੇਅਦਬੀ ਦੀਆਂ ਘਟਨਾਵਾਂ ਦੀ ਨਿਖ਼ੇਧੀ ਕੀਤੀ।

ਦੂਜੀ ਘਟਨਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਦੇਸ਼ ਕਲਾਂ ਦੇ ਇੱਕ ਸੁੰਨਸਾਨ ਰਸਤੇ ’ਤੇ ਰਜਵਾੜੇ ਦੇ ਕੰਢੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਪਿੱਛੇ ਪਾਵਨ ਸਰੂਪ ਦੇ ਪਤਰੇ ਮਿਲੇ ਹਨ। ਘਟਨਾ ਬਾਰੇ ਪਿੰਡ ਬਦੇਸ਼ ਕਲਾਂ ਦੇ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਮਨੈਲਾ ਦੇ ਗੁਰਦੁਆਰੇ ਵਿੱਚ ਬਤੌਰ ਗ੍ਰੰਥੀ ਸੇਵਾ ਨਿਭਾ ਰਹੇ ਪਿੰਡ ਬਦੇਸ਼ ਕਲਾਂ ਵਾਸੀ ਜਸਵੀਰ ਸਿੰਘ ਨੇ ਪਾਵਨ ਸਰੂਪ ਦੇ ਖਿਲਰੇ ਹੋਏ ਪੱਤਰੇ ਵੇਖੇ ਅਤੇ ਉਸ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਰੋਪੜ ਰੇਂਜ ਗੁਰਸ਼ਰਨ ਸਿੰਘ ਸੰਧੂ, ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ, ਐਸ.ਪੀ. (ਡੀ) ਰਾਜਵਿੰਦਰ ਸਿੰਘ ਸੋਹਲ, ਉੱਪ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ, ਡੀਐਸਪੀ ਕਮਲਪ੍ਰੀਤ ਕੌਰ, ਥਾਣਾ ਮੁਖੀ ਸੁਖਵੀਰ ਸਿੰਘ ਮੌਕੇ ’ਤੇ ਪੁੱਜੇ। ਡੀ.ਆਈ.ਜੀ. ਗੁਰਸ਼ਰਨ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: