ਸਿੱਖ ਖਬਰਾਂ

ਸਿੱਖਾਂ ਨੂੰ ਜਾਗਰੂਕ ਕਰਨ ਲਈ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ‘ਸਿੱਖ ਯੂਥ ਫਰੰਟ’ਨੇ ਕੱਢਿਆ ਗੁਲਾਮੀ ਚੇਤਨਾ ਮਾਰਚ

By ਸਿੱਖ ਸਿਆਸਤ ਬਿਊਰੋ

November 09, 2014

ਅੰਮ੍ਰਿਤਸਰ (9ਨਵੰਬਰ, 2014): ਸਿੱਖ ਨਸਲਕੁਸ਼ੀ ਦੇ ਚਾਰ ਦਹਾਕਿਆਂ ਬਾਅਦ ਵੀ ਇਨਸਾਫ ਨਾ ਮਿਲਣ ਨੂੰ ਲੈਕੇ ਨਵ ਗਠਿਤ ਸਿੱਖ ਸੰਸਥਾ ‘ਸਿੱਖ ਯੂਥ ਫਰੰਟ’ਨੇ ਹਮ ਖਿਆਲੀ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਇਥੇ ਗੁਲਾਮੀ ਚੇਤਨਾ ਮਾਰਚ ਦਾ ਅਯੋਜਨ ਕੀਤਾ।

ਹੱਥਾਂ ਵਿੱਚ ਸਿੱਖ ਕੌਮ ਦੇ ਜੇਲ੍ਹਾਂ ਵਿੱਚ ਨਜਰਬੰਦ ਕੈਦੀਆਂ ,ਸਿੱਖ ਨਸਲਕੁਸ਼ੀ ਦਾ ਸ਼ਿਕਾਰ ਪ੍ਰੀਵਾਰਾਂ ਅਤੇ ਜਲਾਵਤਨੀ ਕੱਟ ਰਹੇ ਸਿੱਖਾਂ ਦੇ ਜਜਬਾਤਾਂ ਦੀ ਤਰਜਮਾਨੀ ਕਰਨ ਵਾਲੇ ਪੋਸਟਰ ਤੇ ਬੈਨਰ ਫੜੀ ਮਾਰਚ ਵਿੱਚ ਸ਼ਾਮਲ ਲੋਕ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਚਲ ਰਹੇ ਸਨ।

ਹਾਲ ਗੇਟ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸਿੱਖ ਯੂਥ ਫਰੰਟ ਦੇ ਪ੍ਰਧਾਨ ਡਾ: ਸ਼ਰਨਜੀਤ ਸਿੰਘ ਰਟੌਲ ਨੇ ਕਿਹਾ ਕਿ ਸਿੱਖ ਨਸਲਕੁਸ਼ੀ ਤਾਂ ਭਾਰਤ-ਪਾਕਿ ਵੰਡ ਬਾਅਦ ਹੀ ਭਾਰਤ ਵਿੱਚ ਸ਼ੁਰੂ ਹੋ ਗਈ ਸੀ ਲੇਕਿਨ ਇਸਦਾ ਪਹਿਲਾਂ ਪ੍ਰਤੱਖ ਪ੍ਰਮਾਣ 1978 ਵਿੱਚ ਮਿਲਿਆ ਜਦ ਸਰਕਾਰੀ ਸ਼ਹਿ ਤੇ ਨਕਲੀ ਨਿਰੰਕਾਰੀਆਂ ਹਥੋਂ 13 ਸਿੱਖਾਂ ਦਾ ਸ਼ਰੇਆਮ ਕਤਲ ਕਰਵਾਇਆ ।

ਉਨ੍ਹਾਂ ਦੱਸਿਆ ਕਿ ਸਿੱਖ ਨਸਲਕੁਸ਼ੀ ਅਜੇ ਵੀ ਜਾਰੀ ਹੈ ਤੇ ਅੱਜ ਦੇ ਇਸ ਮਾਰਚ ਦਾ ਮਕਸਦ ਕਿਸੇ ਪਾਸੋਂ ਇਨਸਾਫ ਦੀ ਆਸ ਕਰਨਾ ਨਹੀ ਹੈ ਬਲਕਿ ਸਿੱਖਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਇਸ ਦੇਸ਼ ਵਿੱਚ ਗੁਲਾਮ ਹਨ ਤੇ ਗੁਲਾਮਾਂ ਨੁੰ ਇਨਸਾਫ ਨਹੀ ਮਿਲਦੇ ।

ਫਰੰਟ ਦੇ ਜਨਰਲ ਸਕੱਤਰ ਸ੍ਰ ਪਪਲਪ੍ਰੀਤ ਸਿੰਘ ਨੇ ਕਿਹਾ ਕਿ 30 ਸਾਲ ਤਾਂ ਲਗਾਤਾਰ ਹੀ ਸਿੱਖ ,ਸਰਕਾਰੀ ਅੱਤਵਾਦ ਦੇ ਸ਼ਿਕਾਰ ਹੋ ਰਹੇ ਹਨ ਜਿਸਦੀ ਦੁਹਾਈ ਹੁਣ ਤਾਂ ਅੰਤਰਰਾਸ਼ਟਰੀ ਮਨੁਖੀ ਅਧਿਕਾਰ ਸੰਗਠਨ ਵੀ ਪਾ ਰਹੇ ਹਨ ਲੇਕਿਨ ਦੇਸ਼ ਦੀ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ ,ਇਹ ਇੱਕ ਖੁਲਾ ਸੰਕੇਤ ਹੈ ਕਿ ਸਿੱਖ ਇਸ ਦੇਸ਼ ਵਿੱਚ ਗੁਲਾਮ ਹਨ ,ਉਨ੍ਹਾਂ ਨੁੰ ਜਾਗਰੂਕ ਕਰਨਾ ਅਸੀਂ ਆਪਣਾ ਫਰਜ ਸਮਝਿਆ ਹੈ ।

ਸਥਾਨਕ ਚੌਕ ਫਵਾਰਾ ਤੋਂ ਸ਼ੁਰੂ ਹੋਕੇ ਸਥਾਨਕ ਹਾਲ ਗੇਟ ਅਤੇ ਵਾਪਸ ਚੌਕ ਫਵਾਰਾ ਪੁਜੇ ਗੁਲਾਮੀ ਚੇਤਨਾ ਮਾਰਚ ਵਿੱਚ ਸਿੱਖ ਯੂਥ ਫਰੰਟ ਦੇ ਪ੍ਰਧਾਨ ਡਾ:ਸ਼ਰਨਜੀਤ ਸਿੰਘ ਰਟੌਲ,ਮੀਤ ਪ੍ਰਧਾਨ ਸ੍ਰ ਸੁਖਦੇਵ ਸਿੰਘ ,ਜਨਰਲ ਸਕੱਤਰ ਸ੍ਰ ਪਪਲਪ੍ਰੀਤ ਸਿੰਘ ਅਤੇ ਮੀਡੀਆ ਸਲਾਹਕਾਰ ਸ੍ਰ ਪ੍ਰਿਤਪਾਲ ਸਿੰਘ,ਭਾਈ ਦਿਲਬਾਗ ਸਿੰਘ ਨਾਗੋਕੇ,ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਨੁਮਾਇੰਦੇ ਨਵਦੀਪ ਸਿੰਘ ,ਭਾਈ ਰਣਜੀਤ ਸਿੰਘ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਏਕ ਨੂਰ ਚੈਰੀਟੇਬਲ ਟਰੱਸਟ ਦੀ ਚੇਅਰਪਰਸਨ ਬੀਬੀ ਮਨਜੀਤ ਕੌਰ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ(ਅੰਮ੍ਰਿਤਸਰ) ਦੇ ਪ੍ਰਧਾਨ ਡਾ:ਗੁਰਜਿੰਦਰ ਸਿੰਘ ,ਰਾਜਬੀਰ ਸਿੰਘ,ਕਰਨਬੀਰ ਸਿੰਘ ,ਸੁਖਵਿੰਦਰ ਸਿੰਘ ਮੰਡ ਆਪਣੇ ਸੈਂਕੜੇ ਸਾਥੀਆਂ ,ਸਿੱਖ ਸੰਘਰਸ਼ ਦੇ ਸ਼ਹੀਦ ਪ੍ਰੀਵਾਰਾਂ ਦੀਆਂ ਬੀਬੀਆਂ ਅਤੇ ਬੱਚੇ ਸ਼ਾਮਿਲ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: