ਪੂਰੀ ਦੁਨੀਆਂ ਦੀ ਖੇਤੀਬਾੜੀ ਇਸ ਸਮੇਂ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਯੂਰਪ ਦੇ ਕੁਝ ਵਿਕਸਿਤ ਦੇਸ਼ਾਂ ਵਿੱਚ ਪਿਛਲੇ ਸਮਿਆਂ ਵਿੱਚ ਹੋ ਰਹੇ ਕਿਸਾਨ ਅੰਦੋਲਨ ਚਰਚਾ ਵਿੱਚ ਹਨ। ਭਾਰਤ ਵਿੱਚ ਵੀ ਕਿਸਾਨਾਂ ਦੁਆਰਾ ਦੂਜੀ ਵਾਰੀ ਅੰਦੋਲਨ ਆਰੰਭਿਆ ਗਿਆ ਹੈ।
ਕਾਰਪੋਰੇਸ਼ਨਾਂ ਦੇ ਏਜੰਡੇ ਉੱਤੇ ਵਿਕਾਸਸ਼ੀਲ ਮੁਲਕਾਂ ਦਾ ਅਨਾਜ ਪ੍ਰਬੰਧ ਵੀ ਹੈ ਉਹ ਇੱਕ ਪਾਸੇ ਖੇਤੀ ਵਾਲੀ ਜਮੀਨ ਵਾਸਤੇ ਸਰਕਾਰਾਂ ਦੁਆਰਾ ਵੱਖ ਵੱਖ ਨੀਤੀਆਂ ਰਾਹੀਂ ਜਮੀਨ ਉੱਤੇ ਕਾਬਜ਼ ਹੋਣ ਲਈ ਕਾਹਲੇ ਪਏ ਹਨ ਦੂਸਰੇ ਪਾਸੇ ਵੱਡੇ ਮੁਲਕਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਵਿਕਾਸਸ਼ੀਲ ਦੇਸ਼ਾਂ ਵਿੱਚ ਜਮੀਨ ਖਰੀਦਣ ਲਈ ਵੀ ਉਲਾਰ ਹਨ। ਸਿੱਧੇ ਅਤੇ ਅਸਿਧੇ ਤੌਰ ‘ਤੇ ਉਪਜਾਊ ਜਮੀਨ ਦੀ ਮਲਕੀਅਤ ਹਾਸਲ ਕਰਨ ਲਈ ਹਰ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਪੰਜਾਬ ਵਿੱਚ 12 ਸਾਈਲੋਜ ਖੋਲੇ ਜਾ ਚੁੱਕੇ ਹਨ ਅਤੇ ਕਈ ਹੋਰ ਖੁੱਲਣ ਦੀ ਤਿਆਰੀ ਵਿੱਚ ਹਨ। ਅਨਾਜ ਭੰਡਾਰਨ ਵਾਸਤੇ ਵਰਤੇ ਜਾਂਦੇ ਇਹ ਸਾਈਲੋਜ ਸਾਰੇ ਦੇ ਸਾਰੇ ਪ੍ਰਾਈਵੇਟ ਹਨ।
- ਅਦਾਨੀ ਸਾਈਲੋਜ ਕੋਟਕਪੂਰਾ
- ਲੀਪ ਐਗਰੀ ਲੋਜਿਸਟਿਕ ਸਾਹਨੇਵਾਲ ਲੁਧਿਆਣਾ
- ਸਾਈਲੋ ਮਲੇਰਕੋਟਲਾ
- ਸਾਈਲੋ ਅਹਿਮਦਗੜ੍ਹ ਮਲੇਰਕੋਟਲਾ
- ਮਾਈ ਸਾਈਲੋ ਸੁਨਾਮ
- ਐਮ ਬੀ ਆਰ ਸਾਈਲੋ ਛਾਜਲੀ ਸੰਗਰੂਰ
- ਛੀਨਾ ਗੁਰਦਾਸਪੁਰ
- ਅਡਾਨੀ ਸਾਈਲੋ ਮੋਗਾ
- ਫਰੀਦਕੋਟ
- ਵੀਆਰਸੀ ਸਾਈਲੋ ਬਰਨਾਲਾ
- ਕਥੂ ਨੰਗਲ ਸਾਈਲੋ ਮਜੀਠੀਆ ਅੰਮ੍ਰਿਤਸਰ
- ਐਮ ਆਰ ਬੀ ਸਾਈਲੋ ਛੀਟਾਵਾਲਾ ਪਟਿਆਲਾ
ਇਹਨਾਂ ਸਾਈਲੋਜ ਵਿੱਚ ਤਕਰੀਬਨ 7.75 ਲੱਖ ਟਨ ਕਣਕ ਭੰਡਾਰਨ ਦੀ ਯੋਗਤਾ ਹੈ। ਐਫ. ਸੀ. ਆਈ. ਇਹਨਾਂ ਅਦਾਰਿਆਂ ਨੂੰ ਅਨਾਜ ਭੰਡਾਰਨ ਬਦਲੇ ਕਿਰਾਇਆ ਦੇਵੇਗੀ । ਇੱਥੇ ਇਹ ਵੀ ਗੱਲ ਜ਼ਿਕਰ ਯੋਗ ਹੈ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਐਫ.ਸੀ.ਆਈ ਦੁਆਰਾ ਇਹਨਾਂ ਨਿੱਜੀ ਸਾਈਲੋਜ ਨੂੰ ਸਥਾਪਿਤ ਹੋਣ ਲਈ ਬਣਦੀ ਮਦਦ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਰਕਾਰ ਦੇ ਹੋਰ ਅਦਾਰੇ ਜਿਵੇਂ ਰੇਲ ਵਿਭਾਗ, ਰਾਜ ਸਰਕਾਰ ਨੀਤੀ ਆਯੋਗ ਅਤੇ ਵਿੱਤ ਵਿਭਾਗ ਅਤੇ ਇਸਪਾਤ ਵਿਭਾਗ ਆਪਣਾ ਸਹਿਯੋਗ ਦੇਣਗੇ। ਇਹਨਾਂ ਸਾਈਲੋਜ ਦੇ ਨਿਰਮਾਣ ਅਤੇ ਚਲਾਉਣ ਦੀ ਜਿੰਮੇਵਾਰੀ ਪੂਰਨ ਤੌਰ ਤੇ ਨਿੱਜੀ ਸੰਸਥਾਵਾਂ ਦੀ ਆਪਣੀ ਹੋਵੇਗੀ।
ਕਾਰਪੋਰੇਟ ਦਾ ਦਖਲ ਜ਼ਿੰਦਗੀ ਅਤੇ ਦੁਨੀਆਂ ਦੇ ਹਰ ਉਸ ਖੇਤਰ ਵਿੱਚ ਹੋ ਚੁੱਕਿਆ ਹੈ ਜਿੱਥੇ ਮੁਨਾਫਾ ਕਮਾਇਆ ਜਾ ਸਕਦਾ ਹੈ। ਮੁਨਾਫਾ ਕਾਰਪੋਰੇਟ ਦੀ ਪਹਿਲ ਹੈ। ਆਪਣੇ ਮੁਨਾਫੇ ਦੀ ਪਹਿਲ ਨੂੰ ਧਿਆਨ ‘ਚ ਰੱਖਦੇ ਹੋਏ ਕਾਰਪੋਰੇਟ ਕੁਦਰਤੀ ਸਾਧਨਾ ਮਿੱਟੀ, ਪਾਣੀ, ਵਾਤਾਵਰਨ ਅਤੇ ਅਨਾਜ, ਫਲ ਸਭ ਉੱਤੇ ਕਾਬਜ਼ ਹੋਣ ਲਈ ਪੱਬਾਂ ਭਾਰ ਹੋਇਆ ਹੋਇਆ ਹੈ।
ਇਸ ਪਾਸੇ ਹੋਣ ਵਾਲੀਆਂ ਕਾਰਪੋਰੇਟ ਦੀਆਂ ਕੋਸ਼ਿਸ਼ਾਂ ਬਹੁਤੀ ਵਾਰੀ ਸਰਕਾਰਾਂ ਵੱਲੋਂ ਬਹੁਤ ਹੀ ਫਾਇਦੇਮੰਦ ਦੱਸ ਕੇ ਸਲਾਹੀਆਂ ਜਾਂਦੀਆਂ ਹਨ।
ਇੱਕ ਪਾਸੇ ਨਿੱਜੀਕਰਨ ਖਿਲਾਫ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਐਸੇ ਮੌਕੇ ਉੱਤੇ ਸਰਕਾਰ ਵੱਲੋਂ ਨਿਜੀ ਸਾਈਲੋਜ ਦੇ ਅਨਾਜ ਭੰਡਾਰਨ ਨੂੰ ਸਥਾਪਿਤ ਅਤੇ ਤਕੜਾ ਕਰਨਾ ਇਹ ਗੱਲ ਸਪਸ਼ਟ ਰੂਪ ਵਿੱਚ ਇਸ਼ਾਰਾ ਹੈ ਕਿ ਸਰਕਾਰਾਂ ਕਿਸ ਦੀ ਹਾਮੀ ਭਰ ਰਹੀਆਂ ਹਨ । ਭਾਵੇਂ ਕਿ ਸਰਕਾਰ ਦੁਆਰਾ ਆਪਣੇ ਹੁਕਮ ਵਾਪਸ ਲੈਣ ਤੇ ਇਹ ਮਾਮਲਾ ਹਾਲ ਦੀ ਘੜੀ ਤਾਂ ਟਲ ਗਿਆ ਹੈ ਪਰ ਇੱਥੇ ਗੱਲ ਜਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਨਿੱਜੀ ਖੇਤਰ ਦਾ ਲੱਗਿਆ ਇੱਕ ਪੈਸਾ ਤੇ ਸਰਕਾਰਾਂ ਬਰਬਾਦ ਨਹੀਂ ਹੋਣ ਦਿੰਦੀਆਂ, ਵੱਡੇ ਵੱਡੇ ਕਰੋੜਾਂ ਦੀਆਂ ਜਮੀਨਾਂ ਖਰੀਦ ਕੇ, ਕਰੋੜਾਂ ਦੇ ਖਰਚੇ ਕਰਕੇ, ਲੱਗੇ ਸਾਈਲੋ ਕਿਵੇਂ ਬੇਅਰਥ ਚਲੇ ਜਾਣਗੇ। ਇਸ ਮਾਮਲੇ ਸੰਬੰਧੀ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਅਨਾਜ ਭੰਡਾਰਨ ਜੇਕਰ ਨਿਜੀ ਹੱਥਾਂ ਵਿੱਚ ਜਾਵੇਗਾ ਤਾਂ ਵੱਡੇ ਤੋਂ ਛੋਟਾ ਹਰੇਕ ਪ੍ਰਭਾਵਿਤ ਹੋਵੇਗਾ।