ਸ੍ਰੀਨਗਰ: ਕਸ਼ਮੀਰ ‘ਚ ਅਜ਼ਾਦੀ ਪਸੰਦ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਵੇਖਦਿਆਂ ਸ਼ੁੱਕਰਵਾਰ (22 ਦਸੰਬਰ) ਸ੍ਰੀਨਗਰ ਦੇ ਕਈ ਇਲਾਕਿਆਂ ‘ਚ ਪ੍ਰਸ਼ਾਸਨ ਵਲੋਂ ਪਾਬੰਦੀਆਂ ਲਾਈਆਂ ਗਈਆਂ ਸਨ। ਇਸ ਦੌਰਾਨ ਭਾਰਤੀ ਦਸਤਿਆਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਦੌਰਾਨ ਆਮ ਨਾਗਰਿਕਾਂ ਦੇ ਮਾਰੇ ਜਾਣ ‘ਤੇ ਵਿਰੋਧ ਪ੍ਰਗਟ ਕਰਦਿਆਂ ਰੋਸ ਮਾਰਚ ਕੱਢੇ ਗਏ ਹਨ। ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ, ਉਮਰ ਫਾਰੂਕ ਤੇ ਯਾਸੀਨ ਮਲਿਕ ਵਲੋਂ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਦੇਖਦਿਆਂ ਪੁਲਿਸ ਨੇ ਸ਼ੁੱਕਰਵਾਰ (22 ਦਸੰਬਰ) ਸ਼ਹਿਰ ਦੇ 6 ਥਾਣਾ ਖੇਤਰਾਂ ‘ਚ ਪਾਬੰਦੀਆਂ ਲਗਾਈਆਂ ਸਨ।
ਇਸ ਦੌਰਾਨ ਮੀਰ ਵਾਇਜ਼ ਉਮਰ ਫਾਰੂਕ ਤੇ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਉਨ੍ਹਾਂ ਦੇ ਘਰਾਂ ‘ਚ ਜਦਕਿ ਯਾਸੀਨ ਮਲਿਕ ਨੂੰ ਸ੍ਰੀਨਗਰ ਦੀ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਰੱਖਿਆ ਗਿਆ। ਸ਼ਹਿਰ ਦੇ ਨੌਹਟਾ, ਖਾਨਯਾਰ, ਮਹਾਰਾਜਗੰਜ, ਸਫਾਕਦਲ ਤੇ ਰੈਨਾਵਾਰੀ ਵਿਖੇ ਸਖ਼ਤ ਨਾਕਾਬੰਦੀ ਤੇ ਕਰਫ਼ਿਊ ਵਰਗੀਆਂ ਪਾਬੰਦੀਆਂ ਕਾਰਨ ਇਤਿਹਾਸਕ ਜਾਮਿਆ ਮਸਜਿਦ ‘ਚ ਸ਼ੁੱਕਰਵਾਰ ਦੀ ਹਫ਼ਤਾਵਾਰੀ ਨਮਾਜ਼ ਅਦਾ ਨਹੀਂ ਹੋ ਸਕੀ, ਉੱਤਰੀ ਕਸ਼ਮੀਰ ਦੇ ਹੰਦਵਾੜਾ ‘ਚ ਆਜ਼ਾਦ ਵਿਧਾਇਕ ਇੰਜ. ਰਸ਼ੀਦ ਦੀ ਅਗਵਾਈ ‘ਚ ਕੱਢੇ ਰੋਸ ਮਾਰਚ ਦੌਰਾਨ ਹੰਦਵਾੜਾ ਚੌਕ ਵਿਖੇ ਪੁਲਿਸ ਤੇ ਭਾਰਤੀ ਨੀਮ ਫੌਜੀ ਦਸਤਿਆਂ ਨਾਲ ਹੋਈ ਝੜਪਾਂ ਤੋਂ ਬਾਅਦ ਪੁਲਿਸ ਨੇ ਵਿਧਾਇਕ ਰਸ਼ੀਦ ਨੂੰ ਗ੍ਰਿਫਤਾਰ ਕਰ ਲਿਆ। ਪੁਲਵਾਮਾ, ਤਰਾਲ, ਸੋਪਰ, ਪਟਨ, ਬਾਰਾਮੁਲਾ, ਹਾਜਨ, ਸ਼ੌਪੀਆਂ ਆਦਿ ਕਸਬਿਆਂ ‘ਚ ਵੀ ਨਮਾਜ਼ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹੋਣ ਦੀ ਖ਼ਬਰ ਹੈ।