ਟਰਾਂਟੋ/ਚੰਡੀਗੜ੍ਹ: ਲੰਘੇ ਹਫਤੇ 21 ਦਸੰਬਰ ਦਿਨ ਸੁਕਰਵਾਰ ਸਾ਼ਮ ਨੂੰ ਬਰੈਂਪਟਨ ਵਿਖੇ ਕੀਤੇ ਗਏ ਵੱਡੇ ਸਮਾਗਮ ਵਿੱਚ ਸ੍ਰੀ ਕਾਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਖੁਸ਼ੀ ਵਿੱਚ ਕਨੇਡੀਅਨ ਸਿੱਖ ਸੰਗਤ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਾਵੇਦ ਬਾਜਵਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਦੇ ਟਰਾਂਟੋ ਸਥਿਤ ਕਾਂਸਲੇਟ ਜਨਰਲ ਆਫ ਪਾਕਿਸਤਾਨ ਇਮਰਾਨ ਅਹਿਮਦ ਸਦੀਕੀ ਨੇ ਇਹ ਗੋਲਡ ਮੈਡਲ ਸਰਕਾਰ ਦੇ ਵਲੋਂ ਲਏ।
ਇਸ ਸਮਾਗਮ ਵਿਚ ਹਾਜਰੀ ਭਰਨ ਆਈਆਂ ਵੱਖ-ਵੱਖ ਸ਼ਖਸੀਅਤਾਂ ਅਤੇ ਕਾਰਕੁੰਨਾਂ ਨੇ ਦੱਸਿਆ ਕਿ ਸਿੱਖ ਬੜੇ ਚਿਰ ਤੋਂ ਸੰਤਾਲੀ ਵੇਲੇ ਦੂਰ ਕੀਤੇ ਗਏ ਗੁਰਧਾਮਾਂ ਦੇ ਵਿਛੋੜੇ ਦਾ ਸੰਤਾਪ ਹੰਢਾਅ ਰਹੇ ਹਨ, ਇਸ ਲਾਂਘੇ ਦੇ ਖੁਲ੍ਹਣ ਨਾਲ ਸਿੱਖਾਂ ਨੂੰ ਜੋ ਖੁਸ਼ੀ ਹੋਈ ਹੈ ਉਹ ਅੰਦਾਜਿਆਂ ਤੋਂ ਬਾਹਰ ਹੈ, ਲਾਂਘਾ ਖੁਲ੍ਹਣ ਨਾਲ ਸਿੱਖ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਧਰਤੀ ਦੇ ਹੀ ਦਰਸ਼ਨ ਨਹੀਂ ਕਰਨਗੇ ਸਗੋਂ ਇਸ ਨਾਲ ਦੋ ਭਾਈਚਾਰਿਆਂ ਦੀ ਸਾਂਝ ਮੁੜ ਸਥਾਪਿਤ ਹੋਵੇਗੀ।
ਕਾਂਸਲੇਟ ਜਨਰਲ ਆਫ ਪਾਕਿਸਤਾਨ ਇਮਰਾਨ ਅਹਿਮਦ ਸਦੀਕੀ ਨੇ ਇਸ ਮੌਕੇ ਸਿੱਖ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਬਾਬਾ ਨਾਨਕ ਦੀ ਚਰਨ ਛੋਹ ਧਰਤੀ ਦੀ ਇਫਾਜ਼ਤ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਸਿਰਫ ਸਿੱਖਾਂ ਦੇ ਹੀ ਨਹੀਂ ਸਗੋਂ ਉਹ ਸਾਡੇ ਵੀ ਪੀਰ ਸੀ। ਕਾਂਸਲੇਟ ਸਦੀਕੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ ਸ਼ੁਰੂਆਤ ਹੈ, ਜਦਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਹਾਂ ਮੁਲਕਾਂ ਵਿੱਚ ਜੰਗ ਦੇ ਮਹੌਲ ਨੂੰ ਤਬਦੀਲ ਕਰਕੇ ਸਦੀਵੀ ਸ਼ਾਂਤੀ ਸਥਾਪਤ ਕਰਨ ਦੇ ਇਛੁੱਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਦਾ ਜੋ ਵਿਰਸਾ ਅਤੇ ਸਭਿਆਚਾਰ ਪਾਕਿਸਤਾਨ ਵਿੱਚ ਮੌਜੂਦ ਹੈ, ਉਹ ਸ਼ਾਇਦ ਦੁਨੀਆਂ ਦੇ ਕਿਸੇ ਹੋਰ ਮੁਲਕ ਵਿੱਚ ਨਹੀਂ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾਂ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਲਾਂਘਾ ਖੋਲ੍ਹਣ ਵਿਚ ਚੰਗੀ ਭੂਮਿਕਾ ਨਿਭਾਅ ਕੇ ਸਿੱਖਾਂ ਦੇ ਦਿਲਾਂ ‘ਚ ਆਪਣੇ ਲਈ ਸਤਿਕਾਰਤ ਥਾਂ ਹਾਸਲ ਕਰ ਲਈ ਹੈ।ਉਹਨਾਂ ਇਹ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਝੀ ਬਿਆਨਬਾਜੀ ਉੱਤੇ ਵੀ ਟਿੱਪਣੀ ਕੀਤੀ।
ਇਸ ਮੌਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਜਨਰਲ ਬਾਜਵਾ ਨੂੰ ਫਰੇਮ ਵਿੱਚ ਜੜੇ ਹੋਏ 24 ਕੈਰਟ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜਦੋਂ ਕਿ ਕਾਂਸਲੇਟ ਜਨਰਲ ਆਫ ਪਾਕਿਸਤਾਨ ਇਮਰਾਨ ਅਹਿਮਦ ਸਦੀਕੀ, ਪਾਕਿਸਤਾਨ ਤਹਿਰੀਕ-ਏ-ਇਨਸਾਫ ਕੈਨੇਡਾ ਦੇ ਮੈਂਬਰ ਅਤੇ ਇਮਰਾਨ ਖਾਨ ਦੇ ਪੁਲੀਟੀਕਲ ਅਡਵਾਈਜ਼ਰ ਚੌਧਰੀ ਸ਼ਬੀਰ, ਪਾਕਿਸਤਾਨ ਬਿਜਨਸ ਐਸੋਸੀਏਸ਼ਨ ਦੇ ਮੈਂਬਰ ਜਾਫਰ ਚੌਧਰੀ ਅਤੇ ਫਰੈਂਡਜ਼ ਆਫ ਪਾਕਿਸਤਾਨ ਦੇ ਪ੍ਰਧਾਨ ਸਾਦਾਤ ਚੌਧਰੀ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖਾਸ ਤੌਰ ਤੇ ਕਾਤਲ ਸੱਜਣ ਕੁਮਾਰ ਨੂੰ ਸਜ਼ਾ ਦੁਆਉਣ ਲਈ 35 ਸਾਲ ਅਦਾਲਤਾਂ ਦੇ ਚੱਕਰ ਕੱਟ ਅਤੇ ਗਵਾਹੀ ਦੇ ਕੇ ਕਾਂਗਰਸੀ ਆਗੂਆਂ ਦੀਆਂ ਕਾਤਲਾਨਾ ਕਾਰਵਾਈਆਂ ਦਾ ਪਰਦਾਫਾਸ਼ ਕਰਨ ਵਾਲੀਆਂ ਦੋ ਬੀਬੀਆਂ, ਬੀਬੀ ਜਗਦੀਸ਼ ਕੌਰ ਅਤੇ ਬੀਬੀ ਨਿਰਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਸਨਮਾਨ ਬੀਬੀ ਜਗਦੀਸ਼ ਕੌਰ ਦੇ ਸਪੁੱਤਰ ਗੁਰਦੀਪ ਸਿੰਘ ਨੇ ਹਾਸਿਲ ਕੀਤਾ।