ਨਵੀ ਦਿੱਲੀ: ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਵੇਚੇ ਜਾਣ ਅਤੇ ਗੁਰਦਵਾਰਾ ਬੰਗਲਾ ਸਾਹਿਬ ਦੀ ਪਾਰਕਿੰਗ ਦੇ ਮੁਦਿਆਂ ‘ਤੇ ਜੀ. ਕੇ. ਜਾਂ ਤਾਂ ਸਬੂਤਾਂ ਸਹਿਤ ਖੁਲੀ ਬਹਿਸ ਕਰੇ ਜਾਂ ਸੰਗਤਾਂ ਨੂੰ ਗੁਮਰਾਹ ਕਰਨ ਲਈ ਮੁਆਫ਼ੀ ਮੰਗੇ। ਉਹਨਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੀਆਂ ਚੋਣਾਂ (2013) ਵਿਚ ਜੀ. ਕੇ. ਤੇ ਬਾਦਲ ਦਲ ਨੇ ਸਾਰੀ ਦਿੱਲੀ ਵਿਚ ਪ੍ਰਚਾਰ ਕੀਤਾ ਕਿ ਉਹਨਾਂ ਦੀ ਪਾਰਟੀ ਕਮੇਟੀ ਦਾ ਚਾਰਜ ਲੈਣ ਦੇ 15 ਦਿਨਾਂ ਦੇ ਅੰਦਰ-ਅੰਦਰ ਬਾਲਾ ਸਾਹਿਬ ਹਸਪਤਾਲ ਦੀ ਜ਼ਮੀਨ ਬੀ. ਐਲ. ਕਪੂਰ ਹਸਪਤਾਲ ਨੂੰ 300 ਕਰੋੜ ਰੁਪਏ ਵਿਚ ਵੇਚੇ ਜਾਣ, ਗੁਰਦਵਾਰਾ ਬੰਗਲਾ ਸਾਹਿਬ ਦੀ ਪਾਰਕਿੰਗ ਐਨ. ਡੀ. ਐਮ. ਸੀ. ਨੂੰ ਦੇਣ ਅਤੇ ਦੂਸਰੇ ਭ੍ਰਿਸ਼ਟਾਚਾਰ ਦੇ ਸਬੂਤ ਸੰਗਤਾਂ ਸਾਹਮਣੇ ਨਸ਼ਰ ਕਰੇਗੀ। ਸਰਨਾ ਕੇ ਕਿਹਾ ਕਿ ਜੀ. ਕੇ. ਦੀ ਪ੍ਰਧਾਨਗੀ ਦੇ ਕੇਵਲ ਕੁਝ ਦਿਨ ਹੀ ਬਾਕੀ ਰਹਿ ਗਏ ਹਨ ਪਰ ਉਸ ਦੀ ਪਾਰਟੀ ਅੱਜ ਤੱਕ ਇਨ੍ਹਾਂ ਮੁਦਿਆਂ ‘ਤੇ ਕੋਈ ਸਬੂਤ ਸੰਗਤਾਂ ਸਾਹਮਣੇ ਪੇਸ਼ ਨਹੀਂ ਕਰ ਸਕੀ।
ਸਰਨਾ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਜੀ.ਕੇ. ਸਣੇ ਬਾਦਲ ਦਲ ਦੇ ਸਾਰੇ ਆਗੂਆਂ ਨੂੰ ਵੰਗਾਰਦੇ ਆ ਰਹੇ ਹਨ ਕਿ ਸੰਗਤਾਂ ਦੀ ਹਾਜ਼ਰੀ ਵਿਚ ਇਨ੍ਹਾਂ ਮੁਦਿਆਂ ‘ਤੇ ਸਬੂਤਾਂ ਸਹਿਤ ਖੁਲੀ ਬਹਿਸ ਕਾਰਵਾਈ ਜਾਵੇ ਤਾਂ ਜੋ ਸੰਗਤਾਂ ਦੇ ਸਾਹਮਣੇ ਬਾਦਲ ਦਲ ਦੇ ਝੂਠ ਤੇ ਫਰੇਬ ਦਾ ਪਰਦਾਫਾਸ਼ ਹੋ ਸਕੇ।
ਸਰਨਾ ਨੇ ਕਿਹਾ ਕਿ 14-12-2016 ਨੂੰ ਪ੍ਰੈਸ ਕਾਨਫਰੰਸ ਕਰਕੇ ਜੀ.ਕੇ. ਨੇ ਖੁੱਲ੍ਹੇ ਤੌਰ ‘ਤੇ ਇਸ ਬਹਿਸ ਲਈ ਆਪਣੀ ਸਹਿਮਤੀ ਪ੍ਰਗਟਾਈ ਸੀ ਤੇ ਉਸ ਤੋਂ ਬਾਅਦ ਆਪਣੀ ਪਤ੍ਰਿਕਾ ਮਿਤੀ 23-12-2016 ਰਾਹੀਂ ਬਹਿਸ ਦੀ ਤਰੀਕ ਮੁਕੱਰਰ ਕੀਤੇ ਜਾਣ ਅਤੇ ਦੋਸ਼ਾਂ ਦੇ ਸਬੂਤ ਬਹਿਸ ਤੋਂ ਪਹਿਲਾਂ ਦਿਤੇ ਜਾਣ ਦੀ ਮੰਗ ਕੀਤੀ ਸੀ। ਪਰ ਅੱਜ ਤਕ ਨਾ ਤਾਂ ਜੀ.ਕੇ. ਬਹਿਸ ਦੀ ਕੋਈ ਤਾਰੀਖ ਹੀ ਤੈਅ ਕਰ ਸਕਿਆ ਅਤੇ ਨਾ ਹੀ ਕੋਈ ਸਬੂਤ ਭੇਜ ਸਕਿਆ ਜਿਸਦਾ ਅਸੀਂ ਬਹਿਸ ਦੌਰਾਨ ਜਵਾਬ ਦੇ ਸਕਦੇ।