ਮਨਜੀਤ ਸਿੰਘ ਜੀ.ਕੇ.

ਸਿੱਖ ਖਬਰਾਂ

ਸਹਿਜਧਾਰੀ ਮੱਦੇ ‘ਤੇ ਜੀਕੇ, ਭਗਵੰਤ ਮਾਨ ਅਤੇ ਰਵਨੀਤ ਬਿੱਟੂ ‘ਤੇ ਵਰੇ

By ਸਿੱਖ ਸਿਆਸਤ ਬਿਊਰੋ

April 26, 2016

ਨਵੀਂ ਦਿੱਲੀ: ਭਾਰਤੀ ਸੰਸਦ ਵੱਲੋਂ 1925 ਗੁਰਦੁਆਰਾ ਸੋਧ ਬਿਲ ਅੱਜ ਪਾਸ ਹੋਣ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਂਦਰ ਸਰਕਾਰ ਵੱਲੋਂ ਇਸ ਮਸਲੇ ’ਤੇ ਦਿੱਤੇ ਗਏ ਸਹਿਯੋਗ ‘ਤੇ ਧੰਨਵਾਦ ਕੀਤਾ।

ਜੀ.ਕੇ. ਨੇ ਇਸ ਸਬੰਧੀ ਤੱਥਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਸਿਰਫ਼ ਅੰਮ੍ਰਿਤਧਾਰੀ ਪ੍ਰਬੰਧਕ ਹੀ ਗੁਰਦੁਆਰਾ ਪ੍ਰਬੰਧ ਦਾ ਹਿੱਸਾ ਹੋ ਸਕਦੇ ਹਨ ਅਤੇ ਦਿੱਲੀ ਕਮੇਟੀ ਗੁਰਦੁਆਰਾ ਐਕਟ ਵਿਚ ਰਹਿਤ ਮਰਯਾਦਾ ਅਨੁਸਾਰ ਜੋ ਸਿੱਖ ਦੀ ਪਰਿਭਾਸ਼ਾ ਦਿੱਤੀ ਗਈ ਹੈ ਉਸੇ ਨੂੰ ਪੂਰਾ ਕਰਨ ਵਾਲੀ ਇਸਤ੍ਰੀ ਜਾਂ ਪੁਰਸ਼ ਦਿੱਲੀ ਕਮੇਟੀ ਦੀ ਚੋਣਾਂ ਵਿਚ ਵੋਟਰ ਬਣ ਸਕਦਾ ਹੈ। ਜਦਕਿ ਸ਼੍ਰੋਮਣੀ ਕਮੇਟੀ ਦਾ ਐਕਟ ਅੰਗਰੇਜਾਂ ਦੇ ਵੇਲੇ ਦਾ ਹੋਣ ਦੇ ਕਾਰਨ ਇਸ ਐਕਟ ਵਿਚ ਵੋਟਰ ਦੀ ਪਰਿਭਾਸ਼ਾ ਨੂੰ ਲੈ ਕੇ ਦੁਵਿਧਾ ਦੇ ਹਾਲਾਤ ਸਨ ਜੋ ਹੁਣ ਐਕਟ ਵਿਚ ਸੋਧ ਕਰਨ ਉਪਰੰਤ ਦੂਰ ਹੋ ਗਏ ਹਨ।

ਲੋਕਸਭਾ ਵਿਚ ਜੀ.ਕੇ. ਨੇ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਣੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੱਲੋਂ ਕੀਤੀ ਗਈ ਨੁਕਤਾਚੀਨੀ ਦੀ ਵੀ ਨਿਖੇਧੀ ਕਰਦਿਆਂ ਸਲਾਹ ਦਿੱਤੀ ਕਿ ਜਿਹੜੇ ਖੁੱਦ ਸਿੱਖੀ ਦਾ ਭਾਰ ਆਪਣੇ ਮੋਢਿਆ ਤੇ ਨਹੀਂ ਝਲ ਸਕਦੇ ਹਨ ਉਹ ਸਿੱਖ ਕੌਮ ਨੂੰ ਗੁਰਦੁਆਰਾ ਪ੍ਰਬੰਧ ਬਾਰੇ ਨਸੀਹਤਾਂ ਦੇਣੀਆਂ ਬੰਦ ਕਰਨ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਦਾ ਪ੍ਰਬੰਧ ਕਰਨ ਦਾ ਹੱਕ ਕਿਸੇ ਵੀ ਪਤਿਤ ਜਾਂ ਗੈਰ-ਧਾਰਮਿਕ ਮਨੁੱਖ ਨੂੰ ਸੌਂਪ ਕੇ ਸਿੱਖ ਪਰੰਪਰਾਵਾਂ ਦਾ ਮਖੌਲ ਨਹੀਂ ਉਡਾਇਆ ਜਾ ਸਕਦਾ ਹੈ। ਭਗਵੰਤ ਮਾਨ ਅਤੇ ਬਿੱਟੂ ਨੂੰ ਜੀ.ਕੇ. ਨੇ ਪਤਿਤਪੁਣਾ ਤਿਆਗ ਕੇ ਸਿੱਖੀ ਦਾ ਪੱਲਾ ਫ਼ੜਨ ਦਾ ਵੀ ਸੱਦਾ ਦਿੱਤਾ।

ਜੀ.ਕੇ. ਨੇ ਸਵਾਲ ਕੀਤਾ ਕਿ ਸਿੱਖ ਦੀ ਪਰਿਭਾਸ਼ਾ ਕਹਿੰਦੀ ਹੈ ਕਿ ਜੋ ਇਸਤ੍ਰੀ ਜਾਂ ਪੁਰਸ਼ ਦਸ ਗੁਰੂ ਸਾਹਿਬਾਨਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਪਿਤਾ ਦੇ ਅੰਮ੍ਰਿਤ ਤੇ ਨਿਸ਼ਚਾ ਰੱਖਦਾ ਹੋਇਆ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਹੈ ਉਹ ਸਿੱਖ ਹੈ। ਇਸ ਵਿਚ ਕਿਹੜੀ ਕੱਟਰਤਾ ਜਾਂ ਫਿਰਕੂਪੁਣਾ ਇਨ੍ਹਾਂ ਦੋਨੋਂ ਸਾਂਸਦਾ ਨੂੰ ਨਜ਼ਰ ਆਉਂਦਾ ਹੈ ? ਜੀ.ਕੇ. ਨੇ ਲੋਕਸਭਾ ਵਿਚ ਬਿਲ ਦਾ ਵਿਰੋਧ ਕਰਨ ਵਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਸਿੱਖਾਂ ਦਾ ਦੁਸ਼ਮਣ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲਅੰਦਾਜੀ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: