Site icon Sikh Siyasat News

ਆਪਰੇਸ਼ਨ ਵੇਲੇ ਹੋਈ ਕੇਸਾਂ ਦੀ ਬੇਅਦਬੀ ਹੋਣ ਕਾਰਨ ਗਿਆਨੀ ਮੱਲ ਸਿੰਘ ਦੀ ਜਗ੍ਹਾ ਨਵਾਂ ਜਥੇਦਾਰ ਨਿਯੁਕਤ ਕੀਤਾ ਜਾਵੇ: ਸਰਨਾ

ਗਿਆਨੀ ਮੱਲ ਸਿੰਘ (ਪੁਰਾਣੀ ਤਸਵੀਰ)

ਨਵੀਂ ਦਿੱਲੀ: ਹਰਵਿੰਦਰ ਸਿੰਘ ਸਰਨਾ ਸਕਤੱਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਤੋਂ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਨਿਯਮਾਂ ਤੇ ਰਹਿਤ ਮਰਿਆਦਾ ਅਨੁਸਾਰ ਕੋਈ ਵੀ ਪਤਿਤ ਸਿੱਖ ਕਿਸੇ ਵੀ ਤਖਤ ਦਾ ਜਥੇਦਾਰ ਨਹੀਂ ਰਹਿ ਸਕਦਾ ਅਤੇ ਗਿਆਨੀ ਮੱਲ ਸਿੰਘ ਨੇ ਆਪਣਾ ਆਪਰੇਸ਼ਨ ਕਰਵਾਉਣ ਵੇਲੇ ਸਿਰ ਦੇ ਕੇਸ ਕਤਲ ਕਰਵਾ ਦਿੱਤੇ ਹਨ ਤੇ ਉਸ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਸ਼੍ਰ੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਹੈ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਸ ਨੂੰ ਤੁਰੰਤ ਅਹੁਦੇ ਤੋਂ ਵਿਹਲੇ ਕਰਕੇ ਉਹਨਾˆ ਦੀ ਥਾਂ ‘ਤੇ ਕੋਈ ਨਵਾਂ ਜਥੇਦਾਰ ਲਗਾਇਆ ਜਾਵੇ।

ਜਾਰੀ ਇੱਕ ਬਿਆਨ ਰਾਹੀਂ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਨਿਯਮਾਂ ਮੁਤਾਬਕ ਗਿਆਨੀ ਮੱਲ ਸਿੰਘ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਉਸ ਵੇਲੇ ਹੀ ਅਸਤੀਫਾ ਲੈ ਲੈਣਾ ਚਾਹੀਦਾ ਸੀ ਜਦੋਂ ਉਸ ਦੀ ਸਿਹਤ ਵਿੱਚ ਵਿਗਾੜ ਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਆਪਣੇ ਫਰਜ਼ ਦੀ ਪਾਲਣਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਰਹਿਤ ਮਰਿਆਦਾ ਤੇ ਨਿਯਮਾਂ ਅਨੁਸਾਰ ਕਿਸੇ ਵੀ ਤਖਤ ਦਾ ਜਥੇਦਾਰ ਬੀਮਾਰ ਵਿਅਕਤੀ ਨਹੀਂ ਹੋ ਸਕਦਾ ਪਰ ਕੁਝ ਸਮਾਂ ਪਹਿਲਾਂ ਗਿਆਨੀ ਮੱਲ ਸਿੰਘ ਨੂੰ ਡਾਕਟਰਾਂ ਨੇ ਉਹਨਾਂ ਦੇ ਸਿਰ ਦਾ ਆਪਰੇਸ਼ਨ ਕਰਨ ਲਈ ਸਲਾਹ ਦਿੱਤੀ ਸੀ।

ਹਰਵਿੰਦਰ ਸਿੰਘ ਸਰਨਾ (ਪੁਰਾਣੀ ਤਸਵੀਰ)

ਸ. ਸਰਨਾ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਗਿਆਨੀ ਮੱਲ ਸਿੰਘ ਨੂੰ ਵੀ ਜਦੋਂ ਪਤਾ ਲੱਗ ਗਿਆ ਸੀ ਕਿ ਉਹ ਠੀਕ ਨਹੀਂ ਹਨ ਤੇ ਉਹਨਾਂ ਦੇ ਆਪਰੇਸ਼ਨ ਕਰਨ ਸਮੇਂ ਡਾਕਟਰਾਂ ਨੇ ਉਹਨਾਂ ਦੇ ਕੇਸ ਕਤਲ ਦੇਣੇ ਹਨ। ਉਹਨਾਂ ਕਿਹਾ ਕਿ ਕਿੰਨਾ ਚੰਗਾ ਹੁੰਦਾ ਕਿ ਉਹ ਆਪਣਾ ਅਸਤੀਫਾ ਦੇ ਕੇ ਇਲਾਜ ਕਰਵਾਉਂਦੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਅਵੇਸਲਾਪਨ ਵੀ ਸਾਬਤ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਮੁੱਦੇ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾਈ ਹੈ ਤੇ ਭਵਿੱਖ ਵਿੱਚ ਜਥੇਦਾਰ ਗਿਆਨੀ ਮੱਲ ਸਿੰਘ ਦਾ ਹਵਾਲਾ ਦੇ ਕੇ ਕਿਸੇ ਵੀ ਬੀਮਾਰ ਵਿਅਕਤੀ ਨੂੰ ਜਥੇਦਾਰ ਬਣਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਗਿਆਨੀ ਮੱਲ ਸਿੰਘ ਦੇ ਮਾਮਲੇ ਵਿੱਚ ਤਾਂ ਹੱਦ ਹੋ ਗਈ ਹੈ ਕਿਉਕਿ ਉਹਨਾਂ ਦੇ ਤਾਂ ਸਿਰ ਦੇ ਸਾਰੇ ਕੇਸ ਹੀ ਕਤਲ ਕਰ ਦਿੱਤੇ ਗਏ ਹਨ। ਉਹਨਾਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਸੰਗਤਾਂ ਵਿੱਚ ਕਿਸੇ ਕਿਸਮ ਦਾ ਰੋਸ ਪੈਦਾ ਹੋਣ ਤੋਂ ਪਹਿਲਾਂ ਹੀ ਅਸਤੀਫਾ ਲੈ ਲਵੇ ਤਾਂ ਬਿਹਤਰ ਹੋਵੇਗਾ ਵਰਨਾ ਲੋਕ ਸੜਕਾਂ ‘ਤੇ ਆਉਣ ਲਈ ਮਜਬੂਰ ਹੋਣਗੇ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਜ਼ਿੰਮੇਵਾਰ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version