ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਤੋਂ ਸਾਲ 2010 ਵਿੱਚ ਉਤਾਰੇ ਗਏ ਦਰਵਾਜੇ ਸੋਮ ਨਾਥ ਮੰਦਰ ਦੇ ਹਨ। ਗਿਆਨੀ ਜਗਤਾਰ ਸਿੰਘ ਨੇ ਇਹ ਗਲ ਬੀਤੇ ਕਲ੍ਹ ਇਥੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਕਾਰ ਸੇਵਾ ਰਾਹੀਂ ਤਿਆਰ ਕਰਵਾਈ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਨਵੀਂ ਜੋੜੀ ਨੂੰ ਸ਼ਸ਼ੋਭਿਤ ਕਰਨ ਮੌਕੇ ਕਹੀ ਹੈ। ਜਿਉਂ ਹੀ ਕਾਰਸੇਵਾ ਵਾਲੇ ਸਿੰਘਾਂ ਅਤੇ ਸਿੱਖ ਸੰਗਤਾਂ ਵਲੋਂ ਦਰਸ਼ਨੀ ਡਿਊੜੀ ਦੇ ਦਰਵਾਜਿਆਂ ਦੀ ਨਵੀਂ ਜੋੜੀ ਲਗਾਏ ਜਾਣ ਬਾਅਦ ਸੰਗਤਾਂ ਨੂੰ ਸੰਬੋਧਨ ਕਰਨ ਦਾ ਮੌਕਾ ਆਇਆ ਤਾਂ ਪ੍ਰਬੰਧਕਾਂ ਵਲੋਂ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੋਣ ਨਾਤੇ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੂੰ ਸਮਾਂ ਦਿੱਤਾ ਗਿਆ।
ਆਪਣੇ ਸੰਬੋਧਨ ਵਿੱਚ ਗਿਆਨੀ ਜੀ ਨੇ ਸਭ ਤੋਂ ਪਹਿਲਾਂ ਨਵੇਂ ਦਰਵਾਜੇ ਲਗਾਏ ਜਾਣ ਦੀ ਖੁਸ਼ੀ ਵਿੱਚ ਸੰਗਤਾਂ ਨੂੰ ਵਧਾਈ ਦਿੱਤੀ ਤੇ ਫਿਰ ਉਤਾਰੇ ਹੋਏ ਪੁਰਾਤਨ ਦਰਵਾਜਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਦਰਵਾਜੇ ਮਹਿਮੂਦ ਗਜਨਵੀ ਵਲੋਂ ਅਮਰ ਨਾਥ ਮੰਦਰ ਤੋ ਲੁੱਟੇ ਗਏ ਸਨ ਜੋ ਉਸ ਵੇਲੇ ਸਿੰਘਾਂ ਨੇ ਖੋਹ ਕੇ ਇਸ ਅਸਥਾਨ ’ਤੇ ਸਥਾਪਿਤ ਕਰ ਦਿੱਤੇ। ਗਿਆਨੀ ਜੀ ਦੇ ਐਨਾ ਕਹਿਣ ਦੀ ਦੇਰ ਸੀ ਕਿ ਸ਼੍ਰੋਮਣੀ ਕਮੇਟੀ ਦੇ ਵਿਦਵਾਨ ਸਕੱਤਰ ਸਾਹਿਬਾਨ ਵੀ ਮੱਥੇ ਤੇ ਹੱਥ ਮਾਰਦੇ ਵੇਖੇ ਗਏ। ਕਿਉਂਕਿ ਗਿਆਨੀ ਜੀ ਨੇ ਅਮਰ ਨਾਥ ਮੰਦਰ ਦਾ ਜਿਕਰ ਕੀਤਾ ਸੀ ਇਸ ਲਈ ਇੱਕ ਚੈਨਲ ਵਲੋਂ ਸੋਧ ਲਈ ਗਿਆਨੀ ਜੀ ਨਾਲ ਰਾਬਤਾ ਬਣਾਇਆ ਗਿਆ।
ਗਿਆਨੀ ਜੀ ਨੇ ਅਮਰਨਾਥ ਮੰਦਰ ਦੀ ਜਗ੍ਹਾ ਸ਼ਬਦ ਸੋਮਨਾਥ ਮੰਦਰ ਦੀ ਸੋਧ ਕਰ ਦਿੱਤੀ ਤੇ ਸਿੱਖਾਂ ਵਲੋਂ ਇਹ ਦਰਵਾਜੇ ਮਹਿਮੂਦ ਗਜ਼ਨਵੀਂ ਪਾਸੋਂ ਖੋਹਣ ਦੀ ਗਲ ਵੀ ਦੁਹਰਾ ਦਿੱਤੀ।
ਜਦੋਂ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੂੰ ਇਹ ਦੱਸਿਆ ਕਿ ਸ਼੍ਰੋਮਣੀ ਕਮੇਟੀ ਇਹ ਪ੍ਰਵਾਨ ਨਹੀ ਕਰਦੀ ਕਿ ਦਰਸ਼ਨੀ ਡਿਊੜੀ ਦੇ ਪੁਰਾਤਨ ਦਰਵਾਜੇ ਸੋਮਨਾਥ ਮੰਦਰ ਦੇ ਹਨ। ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਵਿੱਚ ਦਰਜ ਹੈ ਕਿ ਪੁਰਾਤਨ ਦਰਵਾਜਿਆਂ ਦੀ ਜੋੜੀ ਸ਼ੇਰੇ ਪੰਜਾਬ ਦੇ ਰਾਜ ਭਾਗ ਮੌਕੇ ਤਿਆਰ ਕਰਵਾਕੇ ਲਗਾਈ ਗਈ ਸੀ, ਤਾਂ ਗਿਆਨੀ ਜੀ ਨੇ ਕਿਹਾ ‘ਸ਼੍ਰੋਮਣੀ ਕਮੇਟੀ ਦੇ ਮੰਨਣ/ਨਾ ਮੰਨਣ ਨਾਲ ਕੀ ਫਰਕ ਪੈਂਦਾ। ਜੋ ਇਤਿਹਾਸ ਹੈ ਉਹ ਇਤਿਹਾਸ ਰਹੇਗਾ। ਜੇ ਯਕੀਨ ਨਹੀ ਤਾਂ ਪ੍ਰਧਾਨ ਮੰਤਰੀ ਮੁਰਾਰ ਜੀ ਦੇਸਾਈ ਦੀ ਦਰਬਾਰ ਸਾਹਿਬ ਫੇਰੀ ਮੌਕੇ ਦੇਸਾਈ ਤੇ ਜਥੇਦਾਰ ਟੋਹੜਾ ਦੀ ਉਸ ਵਾਰਤਾ ਨੂੰ ਯਾਦ ਕਰੋ, ਜਦੋਂ ਦੇਸਾਈ ਨੇ ਕਿਹਾ ਕਿ ਇਹ ਦਰਵਾਜੇ ਤਾਂ ਸੋਮਨਾਥ ਮੰਦਰ ਦੇ ਹਨ ਤਾਂ ਜਥੇਦਾਰ ਟੋਹੜਾ ਨੇ ਕਿਹਾ ਸੀ ‘ਜਿਸ ਤਰ੍ਹਾਂ ਅਸੀਂ ਲਿਆਂਦੇ ਸੀ ਤੁਸੀਂ ਵੀ ਉਸੇ ਤਰ੍ਹਾਂ ਲੈ ਜਾਵੋ ਫਿਰ’।