ਸ਼੍ਰੋਮਣੀ ਕਮੇਟੀ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਪੁਰਾਣੀ ਤਸਵੀਰ।

ਸਿੱਖ ਖਬਰਾਂ

ਗਿਆਨੀ ਗੁਰਬਚਨ ਸਿੰਘ ਨੇ ਕੀਤੀ ਪਟਿਆਲਾ ਜੇਲ੍ਹ ‘ਚ ਭਾਈ ਰਾਜੋਆਣਾ ਨਾਲ ਮੁਲਾਕਾਤ

By ਸਿੱਖ ਸਿਆਸਤ ਬਿਊਰੋ

March 06, 2017

ਪਟਿਆਲਾ: ਗਿਆਨੀ ਗੁਰਬਚਨ ਸਿੰਘ ਨੇ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੌਰਾਨ ਰਾਜੋਆਣਾ ਨੇ ਸੁਣਵਾਈ ਅਧੀਨ ਪਏ ਆਪਣੇ ਕੇਸ ਦੇ ਜਲਦੀ ਨਿਬੇੜੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਚਾਰਾਜੋਈ ਕਰਨ ਲਈ ਕਿਹਾ।

ਇਸ ਮੁਲਾਕਾਤ ਬਾਰੇ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਹ ਰਾਜੋਆਣਾ ਦਾ ਹਾਲ-ਚਾਲ ਪੁੱਛਣ ਗਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਰਾਜੋਆਣਾ ਦੇ ਕੇਸ ਦੀ ਪੈਰਵੀ ਕਰ ਰਹੀ ਹੈ ਤੇ ਉਹ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲ ਕਰਨਗੇ। ਉਨ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਸਿਆਸੀ ਸਿੱਖ ਬੰਦੀਆਂ ਦੀ ਰਿਹਾਈ ‘ਤੇ ਵੀ ਜ਼ੋਰ ਦਿੱਤਾ। ਇਸ ਕੇਸ ਅਧੀਨ ਹੀ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਸਬੰਧੀ ਸਵਾਲ ਉਤੇ ਉਨ੍ਹਾਂ ਕਿਹਾ ਕਿ ਜੇ ਲੋੜ ਹੋਈ ਤਾਂ ਉਹ ਭਾਈ ਹਵਾਰਾ ਨੂੰ ਵੀ ਮਿਲਣਗੇ। ਜ਼ਿਕਰਯੋਗ ਹੈ ਕਿ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ‘ਕੇਸਾਂ ਦੇ ਨਿਬੇੜੇ ਸਬੰਧੀ ਅਪੀਲ’ ਦਾਇਰ ਕੀਤੀ ਸੀ। ਇਸ ਅਪੀਲ ਦਾ ਨਿਬੇੜਾ ਨਾ ਹੋਣ ਦੇ ਰੋਸ ਵਜੋਂ ਭਾਈ ਰਾਜੋਆਣਾ ਨੇ ਪਿਛਲੇ ਸਾਲ ਭੁੱਖ ਹੜਤਾਲ ਵੀ ਰੱਖੀ ਸੀ।

ਸਬੰਧਤ ਖ਼ਬਰ: ਭਾਈ ਰਾਜੋਆਣਾ ਦੇ ਕੇਸ ਸਬੰਧੀ ਸ਼੍ਰੋਮਣੀ ਕਮੇਟੀ ਭਾਰਤ ਦੇ ਰਾਸ਼ਟਰਪਤੀ ਨੂੰ ਮਿਲਣਾ ਚਾਹੁੰਦੀ ਹੈ …

ਇਸ ਬਾਰੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਇਸ ਮੰਤਵ ਲਈ ਬਣਾਈ ਕਮੇਟੀ ਵੱਲੋਂ ਕੇਸ ਦੀ ਪੈਰਵੀ ਲਈ ਕੋਸ਼ਿਸ਼ਾਂ ਜਾਰੀ ਹਨ। ਰਾਸ਼ਟਰਪਤੀ ਨੂੰ ਪੱਤਰ ਲਿਖਣ ਸਮੇਤ ਦੋ ਯਾਦ ਪੱਤਰ ਵੀ ਭੇਜੇ ਜਾ ਚੁੱਕੇ ਹਨ। ਦਿੱਲੀ ਦੇ ਇਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਵੀ ਉਥੇ ਤਾਲਮੇਲ ਲਈ ਡਿਊਟੀ ਲਾਈ ਹੋਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: