ਅੰਮ੍ਰਿਤਸਰ: 1 ਜੂਨ ਤੋਂ ਸ਼ੁਰੂ ਹੋ ਰਹੇ ਘੱਲੂਘਾਰਾ ਹਫਤੇ ਦੌਰਾਨ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਤੀਜੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਂਟ ਕਰਨ ਲਈ ਵੱਖ-ਵੱਖ ਸਮਾਗਮ ਉਲੀਕੇ ਜਾ ਰਹੇ ਹਨ। ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਸਮੇਤ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ਉੱਤੇ ਜੂਨ 1984 ਵਿਚ ਹਮਲਾ ਕਰਕੇ ਸਿੱਖ ਕਤਲੇਆਮ ਕੀਤਾ ਗਿਆ ਸੀ। ਸਿੱਖ ਇਸ ਘੱਲੂਘਾਰੇ ਨੂੰ ਕੌਮੀ ਪੱਧਰ ‘ਤੇ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਂਦੇ ਹਨ ਤੇ ਵਿਸ਼ਵ ਭਰ ਵਿਚ ਸਿੱਖ ਕੌਮ ਇਸ ਹਫਤੇ ਦੌਰਾਨ ਵੱਖੋ-ਵੱਖ ਸਮਾਗਮਾਂ ਰਾਹੀਂ ਕੌਮੀ ਸ਼ਹੀਦਾਂ ਨੂੰ ਯਾਦ ਕਰਦੀ ਹੈ।
ਸਰਕਾਰਾਂ ਵਲੋਂ ਭਾਵੇਂ ਕਿ ਵੱਡੇ ਪੱਧਰ ‘ਤੇ ਯਤਨ ਕੀਤੇ ਗਏ ਕਿ ਸਿੱਖ ਇਹਨਾਂ ਸਮਾਗਮਾਂ ਤੋਂ ਦੂਰ ਹੋਣ, ਪਰ ਇਹਨਾਂ ਘੱਲੂਗਾਰਾ ਸਮਾਗਮਾਂ ਵਿਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਹਰ ਸਾਲ ਵੱਧਦੀ ਜਾ ਰਹੀ ਹੈ। ਇਸ ਵਾਰ ਵੀ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਪੰਜਾਬ ਪੁਲਿਸ ਅਤੇ ਨੀਮ ਫੌਜੀ ਦਸਤੇ ਤੈਨਾਤ ਕੀਤੇ ਜਾ ਰਹੇ ਹਨ। ਜਿਕਰਯੋਗ ਹੈ ਕਿ ਜੂਨ 1984 ਘੱਲੂਘਾਰੇ ਦੀ 34ਵੀਂ ਬਰਸੀ ਉੱਤੇ ਸਿੱਖ ਜਥੇਬੰਦੀਆਂ ਵਲੋਂ 5 ਜੂਨ ਨੂੰ ਸ਼ਹਿਰ ਵਿਚ ਮਾਰਚ ਅਤੇ 6 ਜੂਨ ਨੂੰ ਦਲ ਖ਼ਾਲਸਾ ਵਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਸ਼ਹੀਦਾਂ ਦੀ ਯਾਦ ਵਿਚ ਅਤੇ ਭਾਰਤੀ ਹਮਲੇ ਦੇ ਰੋਸ ਵਿਚ ਦਲ ਖਾਲਸਾ ਵਲੋਂ ਬੀਤੇ ਕਈ ਸਾਲਾਂ ਤੋਂ ਅੰਮ੍ਰਿਤਸਰ ਬੰਦ ਕਰਾਇਆ ਜਾ ਰਿਹਾ ਹੈ ਤੇ ਇਹ ਬੰਦ ਪੂਰਨ ਸ਼ਾਂਤਮਈ ਤਰੀਕੇ ਨਾਲ ਕਰਾਇਆ ਜਾਂਦਾ ਹੈ ਤੇ ਹੁਣ ਤਕ ਹਰ ਵਾਰ ਅੰਮ੍ਰਿਤਸਰ ਸ਼ਹਿਰ ਲਗਭਗ ਮੁਕੰਮਲ ਬੰਦ ਰਿਹਾ ਹੈ। ਇਸ ਬੰਦ ਦੌਰਾਨ ਸੜਕੀ ਆਵਾਜਾਈ ਅਤੇ ਹੋਰ ਜ਼ਰੂਰੀ ਸੇਵਾਵਾਂ ਜਿਵੇਂ ਮੈਡੀਕਲ ਸਟੋਰ, ਸਿਹਤ ਸੇਵਾਵਾਂ ਆਦਿ ਨੂੰ ਨਹੀਂ ਰੋਕਿਆ ਜਾਂਦਾ ਤੇ ਸੰਗਤਾਂ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਸ਼ਹੀਦਾਂ ਦੀ ਯਾਦ ਵਿਚ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਅਰਦਾਸ ਵਿਚ ਸ਼ਾਮਿਲ ਹੁੰਦੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਸ਼ਹਿਰ ਵਿਚ 3200 ਦੇ ਕਰੀਬ ਸੁਰੱਖਿਆ ਬਲ ਤੈਨਾਤ ਕੀਤੇ ਜਾ ਰਹੇ ਹਨ।
ਏਡੀਸੀਪੀ ਚਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੀਮ ਫੌਜੀ ਦਸਤਿਆਂ ਦੀਆਂ ਤਿੰਨ ਕੰਪਨੀਆਂ ਦੀ ਮੰਗ ਕੀਤੀ ਗਈ ਹੈ, ਜਿਹਨਾਂ ਵਿਚ ਦੋ ਤੁਰੰਤ ਕਾਰਵਾਈ ਦਸਤੇ (ਰੈਪਿਡ ਐਕਸ਼ਨ ਫੋਰਸ) ਅਤੇ ਇਕ ਭਾਰਤੀ-ਤਿੱਬਤੀ ਸਰਹੱਦ ਪੁਲਿਸ (ਇੰਡੋ-ਤਿਬੱਤਨ ਬੋਰਡਰ ਪੁਲਿਸ) ਦੀ ਟੁਕੜੀ ਸ਼ਾਮਿਲ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਦੇ ਜਵਾਨ ਤੈਨਾਤ ਰਹਿਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ 1 ਜੂਨ ਤਕ ਇਹ ਪ੍ਰਬੰਧ ਮੁਕੰਮਲ ਹੋ ਜਾਣਗੇ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿਚ ਭਾਰਤੀ ਰਿਜ਼ਰਵ ਬਟਾਲੀਅਨ (ਆਈ.ਆਰ.ਬੀ.) ਦੀਆਂ ਚਾਰ ਟੁਕੜੀਆਂ ਵੀ ਸ਼ਹਿਰ ਵਿਚ ਪਹੁੰਚ ਚੁੱਕੀਆਂ ਹਨ।
5 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਵਿਚ ਦਲ ਖਾਲਸਾ ਵਲੋਂ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾ ਰਿਹਾ ਹੈ। ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਰਤੀ ਫੌਜਾਂ ਨਾਲ ਲੜਦਿਆਂ ਅਤੇ ਦਰਬਾਰ ਸਾਹਿਬ ਦਰਸ਼ਨ ਕਰਦਿਆਂ ਭਾਰਤੀ ਫੌਜਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿਚ ਘੱਲੂਘਾਰਾ ਯਾਦਗਾਰੀ ਮਾਰਚ ਰਣਜੀਤ ਐਵਨਿਊ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸਮਾਪਤ ਹੋਵੇਗਾ। ਉਨ੍ਹਾਂ ਕਿਹਾ ਕਿ 6 ਜੂਨ ਨੂੰ ਸ਼ਹੀਦਾਂ ਦੀ ਯਾਦ ਵਿਚ ਪੂਰਾ ਅੰਮ੍ਰਿਤਸਰ ਸ਼ਹਿਰ ਬੰਦ ਰੱਖਿਆ ਜਾਵੇਗਾ।