ਵਿਦੇਸ਼

ਬਰਮਿੰਘਮ ਵਿਚ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਤਖ਼ਤੀਆਂ ਖਿੱਚ ਦਾ ਕੇਂਦਰ ਬਣੀਆਂ

By ਸਿੱਖ ਸਿਆਸਤ ਬਿਊਰੋ

May 20, 2019

ਬਰਮਿੰਘਮ: ਬਰਤਾਨੀਆ ਦੇ ਸ਼ਹਿਰ ਬਰਮਿੰਘਮ ਵਿਚ ਸ਼ਹੀਦ ਸੰਤ ਜਰਨੈਲ ਸਿੰਘ ਡਿੰਡਰਾਂਵਾਲਿਆਂ ਦੀਆਂ ਤਸਵੀਰਾਂ ਵਾਲੀਆਂ ਵੱਡੀਆਂ ਬਿਜਲਈ ਤਖ਼ਤੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਦੇ ਜੁੱਟ “ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਸ” (ਫੈ.ਸਿ.ਆ) ਵਲੋਂ ਦੱਸਿਆ ਗਿਆ ਹੈ ਕਿ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿਚ 2 ਜੂਨ ਨੂੰ ਲੰਡਨ ਵਿਖੇ ਹੋਣ ਵਾਲੀ ਸਲਾਨਾ “ਯਾਦਗਾਰੀ ਯਾਤਰਾ ਅਤੇ ਆਜ਼ਾਦੀ ਸਮਾਗਮ” ਬਾਰੇ ਜਾਣਕਾਰੀ ਦਿੰਦੀਆਂ ਇਹ ਬਿਜਲਈ ਤਖ਼ਤੀਆਂ ਬਰਮਿੰਘਮ ਸ਼ਹਿਰ ਵਿਚ ਕਈ ਮੁੱਖ ਥਾਵਾਂ ਤੇ ਲਾਈਆਂ ਗਈਆਂ ਹਨ। ਇਨ੍ਹਾਂ ਤਖ਼ਤੀਆਂ ਉੱਤੇ ਸਮਾਗਮ ਦੇ ਵੇਰਵਿਆਂ ਤੋਂ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਪ੍ਰਮੁੱਖਤਾ ਨਾਲ ਛਾਪੀ ਗਈ ਹੈ। ਫੈ.ਸਿ.ਆ. ਦਾ ਕਹਿਣਾ ਹੈ ਕਿ ਸਿਰਫ ਸਿੱਖਾਂ ਵਿਚ ਹੀ ਨਹੀਂ ਬਲਕਿ ਹੋਰਨਾਂ ਭਾਈਚਾਰਿਆਂ ਵਿਚ ਵੀ ਇਹ ਤਖ਼ਤੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਅਤੇ ਅਣਜਾਣ ਲੋਕ ਤਖਤੀਆਂ ਵੇਖਣ ਤੋਂ ਬਾਅਦ ਵਧੇਰੇ ਜਾਣਕਾਰੀ ਲੈਣ ਲਈ ਇਨ੍ਹਾਂ ਉੱਤੇ ਦਿੱਤੇ ਸੰਪਰਕ-ਅੰਕਾਂ ਤੇ ਗੱਲ ਕਰਕੇ ਜਾਣਕਾਰੀ ਹਾਸਲ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜੂਨ 1984 ਵਿਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ (ਅੰਮ੍ਰਿਤਸਰ) ਸਮੇਤ ਪੰਜਾਬ ਅਤੇ ਗਵਾਂਡੀ ਸੂਬਿਆਂ ਦੇ ਕਈ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਜਿਸ ਨੂੰ ਸਿੱਖ ਇਤਿਹਾਸ ਦੇ ਤੀਜੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਘੱਲੂਘਾਰੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਜੁਝਾਰੂਆਂ ਨੇ ਭਾਰਤੀ ਫੌਜ ਕੋਲੋਂ ਦਰਬਾਰ ਸਾਹਿਬ ਸਾਹਿਬ ਸਮੂਹ ਦੀ ਰਾਖੀ ਕਰਦਿਆਂ ਸ਼ਹਾਦਤਾਂ ਹਾਸਲ ਕੀਤੀਆਂ ਜਿਨ੍ਹਾਂ ਦੀ ਯਾਦ ਵਿਚ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਣ ਵਾਲੇ ਸਿੱਖ ਜੂਨ ਮਹੀਨੇ ਦੇ ਪਹਿਲੇ ਹਫਤੇ ਵਿਚ ਸ਼ਹੀਦੀ ਸਮਾਗਮ ਕਰਦੇ ਹਨ। ਇਨ੍ਹਾਂ ਸ਼ਹੀਦਾਂ ਯਾਦ ਵਿਚ ਪੰਥਕ ਪੱਧਰ ਦਾ ਸ਼ਹੀਦੀ ਸਮਾਗਮ 6 ਜੂਨ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੁੰਦਾ ਹੈ।

ਬਰਮਿੰਘਮ ਦੇ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਸਮਾਗਮ 9 ਜੂਨ ਨੂੰ:

ਬਰਮਿੰਘਮ ਦੇ ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਸਹੀਦੀ ਸਮਾਗਮ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਤੀ 9 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਗੁਰਬਾਣੀ ਜਾਪ, ਕੀਰਤਨ, ਕਥਾ ਅਤੇ ਵਿਚਾਰਾਂ ਹੋਣਗੀਆਂ ਅਤੇ ਸ਼ਹੀਦਾਂ ਦੀ ਪ੍ਰਥਾਏ ਅਰਦਾਸ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: