Site icon Sikh Siyasat News

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਗੱਤਕਾ ਦਿਹਾੜਾ

ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਇੱਥੇ ਬੀਤੇ ਕੱਲ੍ਹ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਯੂਥ ਆਗੂ ਰਣਦੇਵ ਸਿੰਘ ਦੇਬੀ ਨੇ ਸ਼ਿਰਕਤ ਕੀਤੀ। ਗਤਕਾ ਮੁਕਾਬਲੇ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਗਤਕਾ ਅਖਾੜਾ ਮੰਡੀ ਗੋਬਿੰਦਗੜ੍ਹ, ਮਾਤਾ ਸਾਹਿਬ ਕੌਰ ਅਖਾੜਾ ਸਰਹਿੰਦ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਖਾੜਾ ਬਸੀ ਪਠਾਣਾਂ, ਬਾਬਾ ਸੰਗਤ ਸਿੰਘ ਅਖਾੜਾ ਦੀਆ ਟੀਮਾਂ ਨੇ ਗੱਤਕੇ ਦੇ ਜ਼ੋਹਰ ਵਿਖਾਏ।

ਪ੍ਰਬੰਧਕਾਂ ਨੇ ਗਤਕਾ ਟੀਮਾਂ ਨੂੰ ਪਾਰਟੀ ਵੱਲੋਂ ਸਨਮਾਨ ਤੇ ਸਤਿਕਾਰ ਦੇ ਕੇ ਉਨ੍ਹਾਂ ਦੀ ਹੌਸਲਾਅਫਜ਼ਾਈ ਕੀਤੀ। ਇਸ ਮੌਕੇ ਭਾਈ ਟਿਵਾਣਾ ਨੇ ਕਿਹਾ ਕਿ ਇਹ ਸ਼ਸਤਰ ਵਿੱਦਿਆ ਕਿਸੇ ਉੱਤੇ ਜ਼ਬਰ-ਜ਼ੁਲਮ ਕਰਨ ਲਈ ਨਹੀਂ, ਬਲਕਿ ਆਪਣੀ ਸਵੈ-ਰੱਖਿਆ ਅਤੇ ਹਰ ਤਰ੍ਹਾਂ ਦੇ ਜ਼ੁਲਮ ਅਤੇ ਬੁਰਾਈਆਂ ਦਾ ਨਾਸ ਕਰਨ ਲਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 21 ਜੂਨ 2016 ਨੂੰ ਮੋਦੀ ਸਰਕਾਰ ਨੇ ਯੋਗਾ ਦਿਹਾੜਾ ਮਨਾਉਣ ਦਾ ਤਾਨਾਸ਼ਾਹੀ ਹੁਕਮ ਕੀਤਾ ਸੀ, ਤਾਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਇਸ ਦਿਨ ਸਮੁੱਚੇ ਸੰਸਾਰ ਵਿੱਚ ‘ਗਤਕਾ ਦਿਹਾੜਾ’ ਮਨਾਉਣ ਦੀ ਅਪੀਲ ਕੀਤੀ ਸੀ। ਬੀਤੇ 3 ਸਾਲਾਂ ਤੋਂ ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ, ਉੱਤਰਾਖੰਡ, ਯੂਪੀ ਤੇ ਬਾਹਰਲੇ ਮੁਲਕਾਂ ਵਿੱਚ ਵੀ ਇਸ ਦਿਨ ਨੂੰ ਸਿੱਖ ਕੌਮ ਬਤੌਰ ਗਤਕੇ ਦਿਹਾੜੇ ਵਜੋਂ ਮਨਾ ਰਹੀ ਹੈ।

ਉਨ੍ਹਾਂ ਇਸ ਮੌਕੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਨੱਥਾ ਸਿੰਘ ਅਤੇ ਸਟਾਫ਼ ਅਤੇ ਪੁਲੀਸ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਲਖਵੀਰ ਸਿੰਘ ਮਹੇਸ਼ਪੁਰੀਆ ਦਫ਼ਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਵਰਨ ਸਿੰਘ ਫਾਟਕ ਮਾਜਰੀ, ਜੋਗਿੰਦਰ ਸਿੰਘ ਸੈਪਲੀ, ਸੁਰਿੰਦਰ ਸਿੰਘ ਬੋਰਾ ਸਦਰ-ਏ-ਖ਼ਾਲਿਸਤਾਨ, ਲਖਵੀਰ ਸਿੰਘ ਸੋਟੀ, ਗੁਰਮੁੱਖ ਸਿੰਘ ਸਮਸਪੁਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version