ਤਲਵੰਡੀ ਸਾਬੋ: ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਲੜੀ ਤਹਿਤ ਵਿਸਾਖੀ ਦੇ ਦਿਹਾੜੇ ਮੌਕੇ ਅੱਜ ਇੱਥੇ ਤਲਵੰਡੀ ਸਾਬੋ ਵਿਖੇ 15ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਖਾਲਸਾਈ ਜਾਹੋ-ਜਲਾਲ ਨਾਲ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆਂ ਇਸਮਾ ਦੇ ਸੀਨੀਅਰ ਸਕੱਤਰ ਉਦੇ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਸਹਿਯੋਗ ਨਾਲ ਕਰਵਾਏ ਇਸ ਵਿਰਾਸਤੀ ਟੂਰਨਾਮੈਂਟ ਵਿਚ 10 ਟੀਮਾਂ ਨੇ ਭਾਗ ਲਿਆ ਅਤੇ ਟੂਰਨਾਮੈਂਟ ਦਾ ਉਦਘਾਟਨ ਅਕੈਡਮੀ ਦੇ ਚੇਅਰਮੈਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਕੀਤਾ।
ਇਨ੍ਹਾਂ ਮੁਕਾਬਲਿਆਂ ਦੌਰਾਨ ਗੱਤਕਾ ਟੀਮਾਂ ਦੇ ਤਿਆਰ-ਬਰ-ਤਿਆਰ ਸਿੰਘਾਂ ਨੇ ਜੁਝਾਰੂ ਖਾਲਸਈ ਜੈਕਾਰਿਆਂ ਦੌਰਾਨ ਖੜਕਦੀਆਂ ਸ਼ਮਸ਼ੀਰਾਂ, ਖੰਡਿਆਂ-ਨੇਜਿਆਂ ਦੇ ਮਾਰੂ ਵਾਰਾਂ, ਡਾਂਗਾਂ-ਸੋਟੀਆਂ ਦੀ ਗਹਿਗੱਚ ਲੜਾਈ ਅਤੇ ਜੰਗਜੂ ਕਰਤਵਾਂ ਦੇ ਜੌਹਰ ਦਿਖਾਕੇ ਦਰਸ਼ਕਾਂ ਅੱਗੇ ਵਿਰਾਸਤੀ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ। ਗੱਤਕਈਆਂ ਨੇ ਜੰਗ ਦੌਰਾਨ ਤੀਰਾਂ ਦੀ ਵਾਛੜ ਰੋਕਣ ਲਈ ਵਰਤੇ ਜਾਂਦੇ ‘ਚੱਕਰਾਂ’ ਦੀ ਬਹੁ-ਮੰਤਵੀ ਵਰਤੋਂ ਨੂੰ ਬਾਖੂਬੀ ਪੇਸ਼ ਕੀਤਾ।
ਇਸ ਮੌਕੇ ਬੋਲਦਿਆਂ ਅਕੈਡਮੀ ਦੇ ਚੇਅਰਮੈਨ ਸ. ਗਰੇਵਾਲ ਨੇ ਸਮੂਹ ਪੰਚਾਇਤਾਂ, ਪਿੰਡਾਂ ਦੀਆਂ ਗੁਰਦਵਾਰਾ ਕਮੇਟੀਆਂ, ਸਮਾਜਿਕ, ਧਾਰਮਿਕ ਅਤੇ ਖੇਡ ਸੰਸਥਾਵਾਂ ਨੂੰ ਗੱਤਕਾ ਖਿਡਾਰੀਆਂ ਦੀ ਸਹਾਇਤਾ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਬੋਲੀ, ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਣ, ਸਵੈ-ਰੱਖਿਆ ਦੇ ਗੁਣ ਪੈਦਾ ਕਰਨ, ਨਸ਼ਿਆਂ ਤੋਂ ਦੂਰ ਰੱਖਣ ਲਈ ਗੱਤਕੇ ਵਰਗੀ ਸਸਤੀ ਅਤੇ ਪੁਸ਼ਤੈਨੀ ਖੇਡ ਨੂੰ ਪਿੰਡਾਂ ਵਿੱਚ ਪ੍ਰਫੂੱਲਤ ਕਰਕੇ ਘਰ-ਘਰ ਦੀ ਖੇਡ ਬਣਾਉਣ ਦੀ ਲੋੜ ਹੈ।
ਉਨ੍ਹਾਂ ਸਮੂਹ ਪੰਜਾਬ ਵਾਸੀਆਂ ਅਤੇ ਖੇਡ ਕਲੱਬਾਂ ਨੂੰ ਸੱਦਾ ਦਿੱਤਾ ਕਿ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ, ਪਤਿਤਪੁਣੇ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖ ਵਿਰਸੇ ਦੀ ਸੰਭਾਲ ਖਾਤਰ ਪਿੰਡ ਪੱਧਰ ‘ਤੇ ਗੱਤਕੇਬਾਜ਼ੀ ਦੇ ਵਿਰਾਸਤੀ ਮੁਕਾਬਲੇ ਕਰਵਾਏ ਜਾਣ ਤਾਂ ਜੋ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਇਹ ਸਵੈ-ਰੱਖਿਆ ਦੀ ਮਾਣਮੱਤੀ ਖੇਡ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਕਿਹਾ ਕਿ ਗੱਤਕਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਹੋਰਨਾਂ ਖੇਡਾਂ ਵਾਂਗ ਮਾਨਤਾ ਦਿਵਾਈ ਜਾਵੇਗੀ ਤਾਂ ਜੋ ਗੱਤਕਾ ਖਿਡਾਰੀ ਵੀ ਦੂਜੇ ਖਿਡਾਰੀਆਂ ਵਾਂਗ ਆਪਣਾ ਬਣਦਾ ਹੱਕ ਅਤੇ ਮਾਣ-ਸਨਮਾਨ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਗੱਤਕਾ ਅਖਾੜਿਆਂ ਦੀ ਕੌਮਾਂਤਰੀ ਪੱਧਰ ਦੀ ਡਾਇਰੈਕਟਰੀ ਜਲਦ ਪ੍ਰਕਾਸ਼ਿਤ ਕੀਤੀ ਜਾਵੇਗੀ।
ਇਸ ਮੌਕੇ ਗੱਤਕੇ ਦੇ ਸ਼ਸਤਰ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਬਾਬਾ ਜਗਤ ਸਿੰਘ ਸਪੋਰਟਸ ਐਸੋਸੀਏਸ਼ਨ ਗੁਰੂ ਹਰਸਹਾਇ ਪਹਿਲੇ ਜਦਕਿ ਮੀਰੀ-ਪੀਰੀ ਗੱਤਕਾ ਅਕੈਡਮੀ ਗਿੱਲ ਕਲਾਂ ਦੂਜੇ ਸਥਾਨ ਅਤੇ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਅਕਲੀਆ ਕਲਾਂ ਤੀਜੇ ਸਥਾਨ ‘ਤੇ ਰਹੇ। ਲੜਕਿਆਂ ਦੇ ਸੋਟੀ-ਫੱਰੀ ਗੱਤਕਾ ਮੁਕਾਬਲੇ ਵਿੱਚ ਬਾਬਾ ਜਗਤ ਸਿੰਘ ਸਪੋਰਟਸ ਐਸੋਸੀਏਸ਼ਨ ਗੁਰੂ ਹਰਸਹਾਇ ਪਹਿਲੇ, ਮੀਰੀ-ਪੀਰੀ ਗੱਤਕਾ ਅਕੈਡਮੀ ਗਿੱਲ ਕਲਾਂ ਦੂਜੇ ਜਦਕਿ ਟੀ.ਪੀ.ਡੀ. ਮਾਲਵਾ ਕਾਲਜ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਲੜਕੀਆਂ ਦੇ ਸੋਟੀ-ਫੱਰੀ ਮੁਕਾਬਲੇ ਵਿਚੋਂ ਮੀਰੀ-ਪੀਰੀ ਗੱਤਕਾ ਅਕੈਡਮੀ ਗਿੱਲ ਕਲਾਂ ਪਹਿਲੇ ਅਤੇ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਅਕਲੀਆ ਕਲਾਂ ਦੀਆਂ ਗੱਤਕਈ ਬੀਬੀਆਂ ਦੂਜੇ ਸਥਾਨ ‘ਤੇ ਰਹੀਆਂ।
ਇਸ ਮੌਕੇ ਜਿਲਾ ਗੱਤਕਾ ਐਸੋਸੀਏਸ਼ਨ ਬਠਿੰਡਾ ਦੇ ਚੇਅਰਮੈਨ ਪਰਮਿੰਦਰ ਸਿੰਘ ਸਿੱਧੂ, ਪ੍ਰਧਾਨ ਹਰਜੀਤ ਸਿੰਘ ਗਿੱਲ ਕਲਾਂ, ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ, ਮੀਤ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ ਤੇ ਪ੍ਰੇਮ ਸਿੰਘ ਅਕਲੀਆ, ਜਨਰਲ ਸਕੱਤਰ ਅੰਗਰੇਜ਼ ਸਿੰਘ ਰਾਜਗੜ ਕੁੱਬੇ, ਸਕੱਤਰ ਜਗਸੀਰ ਸਿੰਘ ਬੁੱਗਰ, ਵਿੱਤ ਸਕੱਤਰ ਕੀਮਤਪਾਲ ਸਿੰਘ, ਸੰਯੁਕਤ ਸਕੱਤਰ ਬਾਬਾ ਸੁਰਜੀਤ ਸਿੰਘ ਤੇ ਅਜੈਬ ਸਿੰਘ ਕੋਟੜਾ, ਪ੍ਰੈਸ ਸਕੱਤਰ ਜਸਕਰਨ ਸਿੰਘ, ਇਸਮਾ ਦੇ ਜਿਲਂਾ ਫਿਰੋਜ਼ਪੁਰ ਦੇ ਕੋਆਰਡੀਨੇਟਰ ਤਲਵਿੰਦਰ ਸਿੰਘ ਤੋਂ ਇਲਾਵਾ ਰੈਫ਼ਰੀ ਕੌਂਸਲ ਵਿੱਚ ਬਖਸ਼ੀਸ਼ ਸਿੰਘ, ਨਵਨੀਤਪਾਲ ਸਿੰਘ ਅਤੇ ਪਰਮਦੀਪ ਸਿੰਘ ਵੀ ਹਾਜਰ ਸਨ। ਪ੍ਰਧਾਨ ਹਰਜੀਤ ਸਿੰਘ ਗਿੱਲ ਕਲਾਂ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।