ਗ਼ੈਰ-ਸਿੱਖ ਬੁੱਧੀਜੀਵੀ ਸਿੱਖ ਜਜ਼ਬਿਆਂ ਤੋਂ ਬੇਖ਼ਬਰ ਕਿਉਂ ? – ਕਰਮਜੀਤ ਸਿੰਘ (ਮੋ: 09915091063)
ਜਨਰਲ ਬਰਾੜ ਉੱਤੇ ਹੋਇਆ ਹਮਲਾ ਅਤੇ ਇਸ ਘਟਨਾ ਨਾਲ ਜੋੜੀਆਂ ਜਾ ਰਹੀਆਂ ਅਤੇ ਕੁੱਝ ਘੜੀਆਂ ਜਾ ਰਹੀਆਂ ਅਤੇ ਕੁਛ ਵਿਉਂਤਬੰਦ ਕੀਤੀਆਂ ਜਾ ਰਹੀਆਂ ਕਿਆਸਅਰਾਈਆਂ ਅਤੇ ਕੁੱਝ ਅੱਧ ਕੱਚੀਆਂ ਅਤੇ ਅੱਧ ਸੱਚੀਆਂ ਗੱਲਾਂ ਨੂੰ ਅੰਗਰੇਜ਼ੀ ਦੇ ਦੋ ਸ਼ਬਦਾਂ- ਕੰਟੈਂਟ (ਵਿਸ਼ਾ ਵਸ਼ਤੂ) ਅਤੇ ਕੰਟੈਕਸਟ (ਪ੍ਰਕਰਣ) ਦੇ ਅਰਥਾਂ ਵਿਚ ਸਮਝਣ ਤੇ ਸਮਝਾਉਣ ਦੀ ਅੱਜ ਬਹੁਤ ਲੋੜ ਹੈ। ਪਰ ਇਸ ਕੰਮ ਲਈ ਰਤਾ ਕੁ ਡੂੰਘਾ ਉਤਰਨਾ ਪੈਣਾ ਹੈ। ਅਕਲਮੰਦਾਂ ਦੀ ਮਹਿਫ਼ਲ ਵਿਚ ਕਿਸੇ ਵੀ ਘਟਨਾ,ਲਿਖਤ ਜਾਂ ਤਕਰੀਰ ਦਾ ਵਿਸ਼ਲੇਸ਼ਣ ਕਰਨ ਲਈ ਇਨ੍ਹਾਂ ਦੋ ਸ਼ਬਦਾਂ ਦੇ ਘੇਰੇ ਵਿਚ ਰਹਿਣ ਦੀ ਸ਼ਰਤ ਰੱਖੀ ਹੁੰਦੀ ਹੈ। ਜੇ ਕੋਈ ਇਸ ਸਦਾਚਾਰ ਦੀ ਪਾਲਣਾ ਨਹੀਂ ਕਰਦਾ ਤਾਂ ਉਸਦਾ ਵਿਸ਼ਲੇਸ਼ਣ ਇੱਕ ਪਾਸੜ, ਯੱਕਤਰਫਾ, ਪੱਖਪਾਤੀ ਅਤੇ ਇੱਥੋਂ ਤੱਕ ਕਿ ਅਨਿਆਂ ਪੂਰਨ ਵੀ ਕਹਿਆ ਜਾਏਗਾ। ਸਾਹਿਤ ਦੇ ਜਗਤ ਵਿਚ ਜਦੋਂ ਕਿਸੇ ਲਿਖਤ ਦੀ ਪੜਚੋਲ ਕਰਨੀ ਹੁੰਦੀ ਹੈ ਤਾਂ ਆਲੋਚਕ ਆਮ ਕਰਕੇ ‘ਰੂਪ’ ਅਤੇ ‘ਵਸਤੂ’ ਦਾ ਮਾਪਦੰਡ ਇਸਤੇਮਾਲ ਕਰਦੇ ਹਨ। ਜੇ ਦੇਸੀ ਤਰੀਕੇ ਨਾਲ ਗੱਲ ਸਮਝਾਉਣੀ ਹੋਵੇ ਤਾਂ ਕੰਟੈਟ ਦਾ ਮਤਲਬ ਹੈ ਕਿ ‘ਆਖ਼ਰ ਹੋਇਆ ਕੀ ਸੀ’? ਜੇ ਕੰਟੈਕਸਟ ਦੇ ਅਰਥਾਂ ਦਾ ਪਤਾ ਕਰਨਾ ਹੋਵੇ ਤਾਂ ਇਹ ਕਿਹਾ ਜਾਵੇਗਾ ਕਿ ਜੋ ਹੋਇਆ ਸੀ ਉਸਦੇ ਪਿੱਛੇ ‘ਕਾਰਨ ਕੀ ਸੀ’ ? ਅਤੇ ‘ਅਸਲ ਕਾਰਨ ਕੀ ਸੀ’? ਵੈਸੇ ਖੁੰਡਾਂ ਉੱਤੇ ਬੈਠੇ ਸਿਆਣੇ ਬਜ਼ੁਰਗ ਝੱਟ ਪੱਟ ਇੱਕਮੱਤ ਹੋ ਕੇ ਕਹਿਣਗੇ ਕਿ ਬਈ ਜਵਾਨਾ , ਇਹ ਦੱਸ ‘ਵਿਚਲੀ ਗੱਲ ਕੀ ਸੀ’।
ਹੁਣ 3 ਜੂਨ 1984 ਤੋਂ 6 ਜੂਨ 1984 ਦੇ ਵਿਚ ਵਿਚ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਇਆ ਕੀ ਸੀ? ਇਸ ਦੀਆਂ ਅਨੇਕ ਪਰਤਾਂ ਹਨ। ਸੰਖੇਪ ਵਿਚ ਕੁੱਝ ਕੁ ਪਰਤਾਂ ਅਸੀਂ ਇੱਥੇ ਖੋਲਣਾ ਚਾਹੁੰਦੇ ਹਾਂ। ਹੋਇਆ ਇਹ ਕਿ ਇੱਕ ਲੱਖ ਫ਼ੌਜ ਨੇ ਅਤੀ ਨਵੀਨ ਹਥਿਆਰਾਂ ਨਾਲ ਲੈਸ ਹੋ ਕੇ ਅਤੇ ਟੈਂਕਾਂ ਅਤੇ ਤੋਪਾਂ ਦਾ ਸਹਾਰਾ ਲੈ ਕੇ ਦਰਬਾਰ ਸਾਹਿਬ ਉੱਤੇ ਚੜ੍ਹਾਈ ਕੀਤੀ। ਇਸ ਦੀ ਦੂਜੀ ਪਰਤ ਇਹ ਕਹਿੰਦੀ ਹੈ ਕਿ ਦੂਜੇ ਪਾਸਿਉਂ ਮੁੱਠੀਭਰ ਸਿੰਘਾਂ ਨੇ ਫ਼ੌਜ ਦੇ ਨੱਕ ਥਾਣੀ ਉਹ ਚਣੇ ਚਬਾਏ, ਉਹ ਚਣੇ ਚਬਾਏ ਕਿ ਅਸਚਰਜ, ਬਹੁਤ ਅਸਚਰਜ ਅਤੇ ਬਹੁਤ ਹੀ ਅਸਚਰਜ ਸ਼ਬਦਾਂ ਨਾਲ ਹੀ ਇਸ ਘਟਨਾ ਨੂੰ ਬਿਆਨ ਕੀਤਾ ਜਾ ਸਕਦਾ ਹੈ। ਦਰਬਾਰ ਸਾਹਿਬ ਉੱਤੇ ਹਮਲੇ ਵਿਚ ਸ਼ਾਮਲ ਇੱਕ ਹੋਰ ਜਰਨੈਲ ਸੁੰਦਰਜੀ ਦਾ ਕਹਿਣਾ ਸੀ ਕਿ ਜੇ ਸਿਦਕਦਿਲੀ ਦੀ ਪਰਿਭਾਸ਼ਾ ਜਾਨਣੀ ਹੋਵੇ ਤਾਂ ਇਹ ਗੁਣ ਉਨ੍ਹਾਂ ਕੋਲੋਂ ਸਿੱਖਿਆ ਜਾ ਸਕਦਾ ਹੈ, ਜਿਨ੍ਹਾਂ ਨੇ ਦਰਬਾਰ ਸਾਹਿਬ ਵਿਚ ਫੌਜ ਦਾ ਮੁਕਾਬਲਾ ਕੀਤਾ। ਫੌਜ ਦੀ ਅਗਵਾਈ ਕਰ ਰਹੇ ਜਨਰਲ ਬਰਾੜ ਨੇ ਵੀ ਇਸ ਹਕੀਕਤ ਨੂੰ ਸਵੀਕਾਰ ਕੀਤਾ ਹੈ ਕਿ ਸੰਤ ਜਰਨੈਲ ਸਿੰਘ ਦੀ ਅਗਵਾਈ ਵਿਚ ਸਿੰਘ ਸ਼ੇਰਾਂ ਵਾਂਗ ਲੜੇ।
ਇਸ ਦਰਦਨਾਕ ਸਾਕੇ ਦੀਆਂ ਕੁੱਝ ਹੋਰ ਪਰਤਾਂ ਵੀ ਹਨ। ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਦੇ ਮੌਕੇ ਤੇ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਆਏ ਸ਼ਰਧਾਲੂਆਂ, ਬੀਬੀਆਂ ਅਤੇ ਬੱਚਿਆਂ ਨੂੰ ਜਿਵੇਂ ਫੌਜ ਨੇ ਕੋਹ-ਕੋਹ ਕੇ ਮਾਰਿਆ, ਪਿਆਸੇ ਰੱਖ-ਰੱਖ ਕੇ ਮਾਰਿਆ ਅਤੇ ਗ੍ਰਿਫ਼ਤਾਰ ਕੀਤੇ ਸਿੰਘਾਂ ਦੇ ਹੱਥ ਪਿੱਛੇ ਬੰਨ ਕੇ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨਿਆ ਅਤੇ ਜਿਵੇਂ ਖ਼ਾਲਸਾ ਪੰਥ ਦੇ ਅਨਮੋਲ ਵਿਰਸੇ ਅਤੇ ਭਾਈ ਸੰਤੋਖ ਸਿੰਘ ਲਾਇਬਰੇਰੀ ਨੂੰ ਅੱਗ ਦੀ ਭੇਂਟ ਕੀਤਾ ਅਤੇ ਜਿਵੇਂ ਅਕਾਲ ਤਖ਼ਤ ਸਾਹਿਬ ਨੂੰ ਨੇਸਤੋ ਨਾਬੂਤ ਕੀਤਾ, ਉਸ ਨਾਲ ਭਾਰਤੀ ਫੌਜ ਤੇ ਅਬਦਾਲੀ ਦੀ ਫ਼ੌਜ ਦੇ ਜ਼ੁਲਮਾਂ ਵਿਚ ਕੋਈ ਫ਼ਰਕ ਨਾ ਰਹਿ ਗਿਆ।
ਹੁਣ ਅਗਲਾ ਸਵਾਲ ਇਹ ਹੈ ਕਿ ਜੋ ਹੋਇਆ ਉਸ ਦਾ ਪਿਛੋਕੜ ਕੀ ਸੀ ? ਸਿੱਖ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਸਨ, ਜਿਸ ਵਿਚ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਆਖੀ ਗਈ ਸੀ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਰਾਜਸਥਾਨ ਤੇ ਹਰਿਆਣਾ ਵਰਗੇ ਗੈਰ-ਰਾਈਪੇਰੀਅਨ ਸੂਬਿਆਂ ਨੂੰ ਪੰਜਾਬ ਦਾ ਪਾਣੀ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਸੰਵਿਧਾਨ ਵਿਚ ਧਾਰਾ 25 ਨੂੰ ਖਤਮ ਕਰਨ ਦੀ ਮੰਗ ਰੱਖੀ ਗਈ ਸੀ, ਜਿਸ ਵਿਚ ਸਿੱਖ ਕੌਮ ਨੂੰ ਹਿੰਦੂਆਂ ਦਾ ਹੀ ਇੱਕ ਹਿੱਸਾ ਮੰਨ ਲਿਆ ਗਿਆ ਸੀ।
ਹੁਣ ਜਦੋਂ ਅਸੀਂ ਕੰਟੈਂਟ ਅਤੇ ਕੰਟੈਕਸਟ ਦੀ ਗੱਲ ਕਰ ਰਹੇ ਹਾਂ ਤਾਂ ਮੀਡੀਏ ਦਾ ਵੱਡਾ ਹਿੱਸਾ ਇਨ੍ਹਾਂ ਦੋਵਾਂ ਸ਼ਬਦਾਂ ਵਿਚ ਲੁਕੇ ਅਰਥਾਂ ਨੂੰ ਬਾਰੀਕੀ ਨਾਲ ਨਜ਼ਰਅੰਦਾਜ ਕਰ ਰਿਹਾ ਹੈ ਅਤੇ ਆਪਣੇ ਸ਼ਬਦ-ਜਾਲ ਰਾਹੀਂ ਉਹ ਹੋਰ ਹੋਰ ਪਾਸੇ ਹੀ ਸਾਡੀ ਸੈਰ ਕਰਾ ਰਿਹਾ ਹੈ। ਇਨ੍ਹਾਂ ਵਿਚ ਭਾਂਵੇਂ ‘ਵਾਕ ਐਂਡ ਟਾਕ’ ਵਰਗੇ ਮਹੱਤਵਪੂਰਨ ਕਾਲਮ ਦਾ ਲੇਖਕ ਸ਼ੇਖਰ ਗੁਪਤਾ ਹੋਵੇ, ਭਾਂਵੇਂ ਹਿੰਦੋਸਤਾਨ ਟਾਈਮਜ਼ ਦਾ ਰਮੇਸ਼ ਵਿਨਾਇਕ ਹੋਵੇ , ਭਾਂਵੇਂ ਲੰਦਨ ਤੋਂ ਘਟਨਾ ਦੀ ਵਿਸ਼ੇਸ਼ ਰਿਪੋਰਟਿੰਗ ਕਰਨ ਵਾਲਾ ਸ਼ਿਆਮ ਭਾਟੀਆ ਹੋਵੇ, ਭਾਂਵੇਂ ਪਾਇਨੀਅਰ ਅਖ਼ਬਾਰ ਦਾ ਚੰਦਨ ਮਿੱਤਰਾ ਹੋਵੇ ਅਤੇ ਭਾਂਵੇਂ ਟ੍ਰਿਬਿਊਨ ਦਾ ਚੇਗੱਪਾ ਹੋਵੇ ਅਤੇ ਇਹੋ ਜਿਹੇ ਹੋਰ ਅਨੇਕ। ਇਹ ਸਾਰੇ ਸੀਨੀਅਰ ਪੱਤਰਕਾਰ ਇੱਕ ਪਾਸੜ ਵਿਚਾਰ ਪੇਸ਼ ਕਰਨ ਦੇ ਮਾਹਰ ਵਿਅਕਤੀ ਕਹੇ ਜਾ ਸਕਦੇ ਹਨ। ਸਿਰਫ ‘ਹਿੰਦੂ’ ਅਖ਼ਬਾਰ ਨੇ ਜਨਰਲ ਬਰਾੜ ਉੱਤੇ ਹਮਲੇ ਨੂੰ ਬਾਰੀਕੀ ਨਾਲ ਸਮਝਣ ਦੀ ਕੋਸ਼ਿਸ ਕੀਤੀ ਹੈ ਅਤੇ ਆਪਣੇ ਇੱਕ ਸੰਪਾਦਕੀ ਵਿਚ ਇਹ ਟਿੱਪਣੀ ਕੀਤੀ ਹੈ ਕਿ ਪੰਜਾਬ ਦੇ ਮੁੱਦੇ ਜਿਉੁਂ ਦੇ ਤਿਉਂ ਖੜ੍ਹੇ ਹਨ ਅਤੇ ਉਨ੍ਹਾਂ ਦਾ ਕੋਈ ਹੱਲ ਨਹੀਂ ਲੱਭਿਆ ਗਿਆ।
ਇਹ ਗੱਲ ਅਫ਼ਸੋਸ ਨਾਲ ਹੀ ਕਹੀ ਜਾ ਸਕਦੀ ਹੈ ਕਿ ਮੀਡੀਏ ਦੇ ਵੱਡੇ ਹਿੱਸੇ ਅਤੇ ਵਿਸ਼ੇਸ਼ ਕਰਕੇ ਅਖ਼ਬਾਰਾਂ ਨੇ ਕੰਟੈਂਟ ਦੇ ਮਾਮਲੇ ਵਿਚ ਕੇਵਲ ਉਹ ਨੁਕਤੇ ਉਭਾਰੇ ਹਨ, ਜਿਹੜੇ ਉਨ੍ਹਾਂ ਨੂੰ ਮਨਭਾਉਂਦੇ ਸਨ ਅਤੇ ਜਨਰਲ ਬਰਾੜ ਅੱਗੇ ਉਹ ਸਵਾਲ ਕੀਤੇ ਹਨ, ਜਿਨ੍ਹਾਂ ਦੇ ਜਵਾਬ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੋਣ। ਦੂਜੇ ਪਾਸੇ ਦਿਲਚਸਪੀ ਭਰੀ ਹੈਰਾਨੀ ਇਹ ਹੈ ਕਿ ਕੰਟੈਕਸਟ ਵਰਗੇ ਮਹੱਤਵਪੂਰਨ ਨੁਕਤੇ ਨੂੰ ਇਨ੍ਹਾਂ ਵੀਰਾਂ ਨੇ ਛੂਹਿਆ ਤੱਕ ਨਹੀਂ। ਇਉਂ ਲੱਗਦਾ ਹੈ ਜਿਵੇਂ ਪਿਛਲੇ ਦਿਨਾਂ ਵਿਚ ਅਖ਼ਬਾਰਾਂ ਦੇ ਬਹੁਤੇ ਵਰਕਿਆਂ ਵਿਚ ਇਹ ਸਾਰਾ ਕੁੱਝ ਇੱਕ ਖਾਸ ਵਿਉਂਤ ਨਾਲ ਅਤੇ ਇੱਕ ਅਗਾਉਂ ਘੜੀ ਯੋਜਨਾ ਤਹਿਤ ਕੀਤਾ ਗਿਆ, ਜਿਸ ਦਾ ਇੱਕ ਮਨੋਰਥ ਜਨਰਲ ਬਰਾੜ ਨੂੰ ਹੀਰੋ ਦੇ ਰੂਪ ਵਿਚ ਉਭਾਰਨਾ ਅਤੇ ਸਿੱਖਾਂ ਨੂੰ ਜਵਾਬਦੇਹ ਬਣਾਉਣ ਲਈ ਕਟਿਹਰੇ ਵਿਚ ਖੜ੍ਹਾ ਕਰਨਾ ਹੈ। ਜੇ ਆਪਾਂ ਇਹ ਕਹੀਏ ਕਿ ਮੀਡੀਆ ਸਿੱਖਾਂ ਉੱਤੇ ਇੱਕ ਮੁਕੱਦਮਾ ਚਲਾ ਰਿਹਾ ਹੈ, ਜਿਸ ਵਿਚ ਜੱਜ ਉਹ ਆਪ ਹੀ ਬਣ ਬੈਠੇ ਹਨ ਤਾਂ ਇਸ ਵਿਚ ਕੋਈ ਅਲੋਕਾਰ ਗੱਲ ਨਹੀਂ। ਇਨ੍ਹਾਂ ਸਤਿਕਾਰਯੋਗ ਸੰਪਾਦਕਾਂ ਅਤੇ ਪੱਤਰਕਾਰਾਂ ਨੂੰ ਸਿੱਖ ਜੱਦੋ ਜਹਿਦ ਦੇ ਕੰਟੈਂਟ ਅਤੇ ਕੰਟੈਕਸਟ ਬਾਰੇ ਉਹ ਜਾਣਕਾਰੀ ਨਹੀਂ ਜਿਸ ਵਿਚ ਗਹਿਰ ਗੰਭੀਰਤਾ ਤੇ ਸੰਜੀਦਗੀ ਹੋਵੇ। ਕਿਤੇ ਕਿਤੇ ਉਹ ਸਿੱਖਾਂ ਪ੍ਰਤੀ ਖੁਣਸ ਤੇ ਈਰਖਾ ਵਰਗੀ ਬਿਰਤੀ ਨਾਲ ਵੀ ਰੰਗੇ ਲੱਗਦੇ ਹਨ। ਸ਼ਾਇਦ ਇਹੋ ਕਾਰਨ ਹੈ ਕਿ ਉਹ ਸਿੱਖ ਮਸਲਿਆਂ ਨੂੰ ਹਕੀਕੀ ਨਜ਼ਰ ਨਾਲ ਵੇਖ ਹੀ ਨਹੀਂ ਸਕਦੇ।
ਇਉਂ ਵੀ ਮਹਿਸੂਸ ਹੁੰਦਾ ਹੈ ਜਿਵੇਂ ਅਖ਼ਬਾਰਾਂ ਦੇ ਸੰਪਾਦਕ ਕਿਸੇ ਖੁਸ਼ਫ਼ਹਿਮੀ ਵਿਚ ਆਪਣੇ ਆਪ ਨੂੰ ਵਿਦਵਾਨ ਸਮਝ ਬੈਠੇ ਹਨ ਜਦਕਿ ਵਿਦਵਾਨਾਂ ਦੀ ਦੁਨੀਆਂ ਵਿਚ ਉਹ ਆਮ ਜਨਤਾ ਦੇ ਆਪੂ ਬਣੇ ਨੁਮਾਇੰਦੇ ਕਹੇ ਜਾਂਦੇ ਹਨ। ਕੀ ਇਹ ਇਲਜ਼ਾਮ ਲਾਉਣ ਦੀ ਖੁੱਲ੍ਹ ਲੈ ਲਈ ਜਾਵੇ ਕਿ ਏਨੀ ਉੱਚੀ ਪੱਧਰ ਵਾਲੇ ਸੀਨੀਅਰ ਪੱਤਰਕਾਰ ਤੇ ਸੰਪਾਦਕ ਕਿਸੇ ਨਾ ਕਿਸੇ ਰੂਪ ਵਿਚ ਸਥਾਪਤੀ ਦਾ ਹੀ ਹਿੱਸਾ ਬਣ ਕੇ ਸਿੱਖ ਜੱਦੋ ਜਹਿਦ ਬਾਰੇ ਗੈਰ ਸੰਜੀਦਾ ਤੇ ਗੈਰ ਜਿੰਮੇਵਾਰਾਨਾ ਟਿੱਪਣੀਆਂ ਕਰ ਰਹੇ ਹਨ। ਫਰਾਂਸ ਦੇ ਇੱਕ ਮਸ਼ਹੂਰ ਚਿੰਤਕ ਐਲਨ ਬਾਦਿਉੂ ਦੀ ਧਾਰਨਾ ਹੈ ਕਿ ਫਿਲਾਸਫੀ ਤੇ ਸਟੇਟ ਵਿਚ ਇੱਕ ਵੱਡਾ ਪਾੜਾ ਹੁੰਦਾ ਹੈ। ਇਹ ਆਪਣੇ ਆਪ ਵਿਚ ਹੀ ਇੱਕ ਸਪਸ਼ਟ ਵਿਰੋਧਤਾਈ ਹੈ ਅਤੇ ਇਹ ਸਾਡੇ ਸੰਪਾਦਕ ਵਿਦਵਾਨ ਤਾਂ ਹੈ ਹੀ ਨਹੀਂ ਪਰ ਕਿਤੇ ਨਾ ਕਿਤੇ ਇਹ ਲੋਕ ਸਟੇਟ ਨਾਲ ਲੁਕੀ ਛਿਪੀ ਸਾਂਝ ਜ਼ਰੂਰ ਰੱਖਦੇ ਹਨ। ਇਸ ਸਾਂਝ ਤੋਂ ਬਿਨਾਂ ਵੈਸੇ ਇਨ੍ਹਾਂ ਦਾ ਵਜੂਦ ਖ਼ਤਰੇ ਵਿਚ ਪੈ ਜਾਂਦਾ ਹੈ। ਸਿੱਖ ਜੱਦੋ ਜਹਿਦ ਬਾਰੇ ਜਦੋਂ ਇਹ ਟਿੱਪਣੀਆਂ ਕਰਨ ਦੀ ਖੁੱਲ੍ਹ ਲੈਂਦੇ ਹਨ ਤਾਂ ਉਸ ਸਮੇਂ ਇੱਕ ਜਾਗਦੇ ਹੋਏ ਪਾਠਕ ਲਈ ਇਹ ਬੁੱਝਣਾ ਮੁਸ਼ਕਿਲ ਨਹੀਂ ਕਿ ਉਹ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਦੇ ਸਿਧਾਂਤਕਾਰ ਹਨ। ਸ਼ਾਇਦ ਇਸ ਦਾ ਇੱਕ ਵੱਡਾ ਕਾਰਨ ਉਨ੍ਹਾਂ ਦੀ ਸਿੱਖ ਜੱਦੋ ਜਹਿਦ ਬਾਰੇ ਸਮਝ ਪੇਤਲੀ ਵੀ ਹੈ ਅਤੇ ਅਧੂਰੀ ਵੀ ਹੈ। ਯਕੀਨਨ ਉਹ ਆਪਣੀ ਸਦਾਚਾਰਕ ਜ਼ਿੰਮੇਵਾਰੀ ਤੋਂ ਲਾਂਭੇ ਲਾਂਭੇ ਰਹਿੰਦੇ ਹਨ ਅਤੇ ਆਪਣੀਆਂ ਲਿਖਤਾਂ ਰਾਹੀਂ ਜਦੋਂ ਹਾਲਾਤ ਨੂੰ ਵਿਗਾੜ ਕੇ ਪੇਸ਼ ਕਰਦੇ ਹਨ ਤਾਂ ਉਸ ਵਕਤ ਉਹ ਪਾਠਕਾਂ ਦੀ ਮਾਨਸਿਕਤਾ ਨੂੰ ਵੀ ਕਰੂਪ ਕਰ ਰਹੇ ਹੁੰਦੇ ਹਨ ਕਿਉਂਕਿ ਇਸ ਗੱਲ ਤੋਂ ਤਾਂ ਇੰਨਕਾਰ ਕੀਤਾ ਹੀ ਨਹੀਂ ਜਾ ਸਕਦਾ ਕਿ ਲੋਕ ਵੱਡੀ ਗਿਣਤੀ ਵਿਚ ਗੁੰਮਰਾਹ ਹੋ ਕੇ ਉਨ੍ਹਾਂ ਨੂੰ ਸੁਣਦੇ ਵੀ ਹਨ ਤੇ ਮੰਨਦੇ ਵੀ ਹਨ।
ਮੰਨੇ ਪ੍ਰਮੰਨੇ ਸਮਝੇ ਜਾਂਦੇ ਇਨ੍ਹਾਂ ਸੰਪਾਦਕਾਂ, ਪੱਤਰਕਾਰਾਂ ਅਤੇ ਕਾਲਮ ਨਵੀਸਾਂ ਦੀਆਂ ਲਿਖਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਮੁੱਚੀ ਬਿਰਾਦਰੀ ਸਿੱਖ ਜੱਦੋ ਜਹਿਦ ਜਾਂ ਸਿੱਖ ਲਹਿਰ ਨੂੰ ਮੋਟੇ ਤੌਰ ਤੇ ਅਮਨ ਕਾਨੂੰਨ ਦੇ ਘੇਰੇ ਵਿਚ ਰੱਖ ਕੇ ਹੀ ਵੇਖਦੀ ਹੈ ਜਦਕਿ ਇਹ ਸਤਿਕਾਰਯੋਗ ਸੰਪਾਦਕ ਇਹ ਸਮਝ ਹੀ ਨਹੀਂ ਰਹੇ ਕਿ ਸਿੱਖ ਲਹਿਰ ਪਿੱਛੇ ਬਹੁਤ ਡੂੰਘੇ ਤੇ ਦੂਰ ਤੱਕ ਜਾਣ ਵਾਲੇ ਇਹੋ ਜਿਹੇ ਨਿਰਮਲ ਤੱਤ ਅਤੇ ਹਕੀਕਤਾਂ ਮੌਜੂਦ ਹਨ, ਜਿਨ੍ਹਾਂ ਦੀਆਂ ਜੜ੍ਹਾਂ ਇਤਿਹਾਸ ਵਿਚ ਲੱਗੀਆਂ ਹੋਈਆਂ ਹਨ। ਉਹ ਇਸ ਇਤਿਹਾਸਕਤਾ ਨੂੰ ਸਮਝਣ ਵਿਚ ਅਸਮਰੱਥ ਕਿਉਂ ਹਨ, ਇਸ ਦਾ ਢੁੱਕਵਾਂ ਜਵਾਬ ਤਾਂ ਉਹ ਹੀ ਦੇ ਸਕਦੇ ਹਨ।
ਹੁਣ ਜਨਰਲ ਬਰਾੜ ਦੀ ਸਖ਼ਸ਼ੀਅਤ ਦਾ ਇੱਕ ਵਿਸ਼ਲੇਸ਼ਣ ਕਰਦੇ ਹਾਂ ਜੋ ਉਪਰੋਕਤ ਕਈ ਸੰਪਾਦਕਾਂ ਦੀਆਂ ਮੁਲਾਕਾਤਾਂ ਵਿਚੋਂ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਹੈ। ਹਿੰਦੋਸਤਾਨ ਟਾਈਮਜ਼ ਅਤੇ ਇੰਡੀਅਨ ਐਕਸਪ੍ਰੈਸ ਵਿਚ ਇਸ ਜਨਰਲ ਨਾਲ ਕੀਤੀਆਂ ਮੁਲਕਾਤਾਂ ਤੋਂ ਇੱਕ ਸਿੱਟਾ ਤਾਂ ਇਹ ਨਿਕਲਦਾ ਹੈ ਕਿ ਇਸ ਜਰਨੈਲ ਨੂੰ ਇਤਿਹਾਸ ਉੱਤੇ ਪੈਣ ਵਾਲੇ ਜੰਗਾਂ ਦੇ ਪ੍ਰਭਾਵਾਂ ਬਾਰੇ ਦੇਸੀ ਜਿਹੀ ਸਮਝ ਵੀ ਨਹੀਂ । ਵੈਸੇ ਵੀ ਅਪਰੇਸ਼ਨ ਬਲਿਊ ਸਟਾਰ ਬਾਰੇ ਇਸ ਦੀ ਆਪਣੀ ਲਿਖੀ ਪੁਸਤਕ ਦਾ ਵਿਸ਼ਲੇਸ਼ਣ ਵੀ ਇਹ ਦੱਸਦਾ ਹੈ ਕਿ ਇਸ ਜਰਨੈਲ ਦੀ ਸੋਚ ਬਿਰਤੀ ਵਿਚ ਨਾ ਸਹਿਜ ਹੈ ਨਾ ਨਿਰਪੱਖਤਾ ਅਤੇ ਨਾ ਹੀ ਇਮਾਨਦਾਰੀ। ਇਸ ਕੋਲ ਕੰਟੈਟ ਅਤੇ ਕੰਟੈਕਸਟ ਦੀ ਜੋ ਵੀ ਸਮੱਗਰੀ ਹੈ, ਇੱਕ ਤਾਂ ਉਹ ਬਹੁਤ ਥੋੜੀ ਹੈ ਅਤੇ ਦੂਜਾ ਉਸ ਸਮੱਗਰੀ ਵਿਚ ‘ਕੂੜਾ ਕਰਕਟ’ ਬਹੁਤ ਇਕੱਠਾ ਕੀਤਾ ਹੋਇਆ ਹੈ। ਇਹੀ ਕਾਰਨ ਹੈ ਕਿ ਉਸ ਸਮੱਗਰੀ ਵਿਚੋਂ ਸਾਰਥਕ ਨਤੀਜੇ ਕੱਢਣ ਵਾਲੀ ਉਸਦੀ ਕਾਬਲੀਅਤ ਉੱਤੇ ਵੀ ਅੱਤ ਦੀ ਮਾਨਸਿਕ ਗਰੀਬੀ ਦੇ ਪ੍ਰਛਾਵੇਂ ਹਨ। ਉਹ ਉਨ੍ਹਾਂ ਮਹਾਨ ਜਰਨੈਲਾਂ ਵਿਚੋਂ ਨਹੀਂ, ਜੋ ਤ੍ਰੇਲ ਤੇ ਤੁਪਕੇ ਵਿਚੋਂ ਸਮੁੰਦਰ ਦਾ ਅਨੁਮਾਨ ਲਾ ਸਕਦੇ ਹਨ। ਇਸ ਜਰਨੈਲ ਕੋਲ ਈਰਖਾ ਤੇ ਨਫ਼ਰਤ ਦੀ ਪੂੰਜੀ ਤੋਂ ਸਿਵਾ ਕੁੱਝ ਵੀ ਨਹੀਂ ਸੀ ਅਤੇ ਉਸ ਦੀ ਦਿਮਾਗੀ ਸੁਤੰਤਰਤਾ ਉੱਤੇ ਵੀ ਅਨੇਕਾਂ ਪ੍ਰਸ਼ਨਚਿੰਨ ਲਗਾਏ ਜਾ ਸਕਦੇ ਹਨ। ਪੱਛਮੀ ਦੁਨੀਆਂ ਦੇ ਫੈਸਲਾਕੁੰਨ ਜੰਗਾਂ ਬਾਰੇ ਲਿਖੀ ਪੁਸਤਕ ਵਿਚ ਇਸ ਦਾ ਲੇਖਕ ਮੇਜਰ ਜਨਰਲ ਜੇ ਐਫ਼ ਸੀ ਫੁੱਲਰ ਜਿਵੇਂ ਜੰਗਾਂ ਦੀ ਵਿਆਖਿਆ ਕਰਦਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਜੰਗਾਂ ਵਿਚ ਤੱਥਾਂ ਸਮੇਤ ਸਾਹਿਤ ਦੇ ਖੂਬਸੂਰਤ ਰੰਗ ਵੀ ਮੌਜੂਦ ਹਨ, ਪਰ ਜਨਰਲ ਬਰਾੜ ਦੀ ਪੁਸਤਕ ਵਿਚ ਅਜਿਹਾ ਕੁੱਝ ਵੀ ਨਹੀਂ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਜਨਰਲ ਬਰਾੜ ਇਹ ਤਾਂ ਮੰਨਦਾ ਹੈ ਕਿ ਹਮਲੇ ਦੌਰਾਨ ਦਰਬਾਰ ਸਾਹਿਬ ਵਿਚ ਮੌਜੂਦ ਸਿੰਘ ਸ਼ੇਰਾਂ ਵਾਂਗ ਲੜੇ ਪਰ ਉਹ ਬਿਨ੍ਹਾਂ ਕਿਸੇ ਆਧੁਨਿਕ ਸਿਖਲਾਈ ਤੋਂ ਐਨੀ ਬਹਾਦਰੀ , ਐਨੀ ਦ੍ਰਿੜਤਾ ਤੇ ਐਨੀ ਸਿਦਕਦਿਲੀ ਨਾਲ ਕਿਵੇਂ ਲੜੇ ? ਉਨ੍ਹਾਂ ਦੀ ਸਿਦਕਦਿਲੀ ਤੇ ਅਡੋਲ ਦ੍ਰਿੜਤਾ ਪਿੱਛੇ ਕਿਹੜਾ ਇਤਿਹਾਸ ਤੇ ਕਿਹੜਾ ਵਿਸ਼ਵਾਸ਼ ਖੜ੍ਹਾ ਸੀ ? ਜਨਰਲ ਬਰਾੜ ਦੀ ਨਿਰਪੱਖ ਬਿਰਤੀ ਇਸ ਬਹਾਦਰੀ ਦਾ ਢੁੱਕਵਾਂ ਤੇ ਉੱਚੀ ਪੱਧਰ ਦਾ ਵਿਸ਼ਲੇਸ਼ਣ ਨਹੀਂ ਕਰ ਸਕੀ। ਸੱਚ ਤਾਂ ਇਹ ਹੈ ਕਿ ਇਹੋ ਜਿਹਾ ਵਿਸ਼ਲੇਸ਼ਣ ਉਸ ਦੀ ਕਿਸਮਤ ਵਿਚ ਹੀ ਨਹੀਂ ਸੀ ਕਿਉਂਕਿ ਉਸਦਾ ਜਿਸਮੋ-ਰੂਹ ਸਿੱਖੀ ਦੇ ਇਲਾਹੀ ਤੇ ਇਤਿਹਾਸਕ ਰੰਗਾਂ ਤੋਂ ਪੂਰੀ ਤਰ੍ਹਾਂ ਸੱਖਣਾ ਸੀ। ਠੀਕ ਹੈ ਕਿ ਉਹ ਖ਼ਾਲਸਾ ਪੰਥ ਦਾ ਦੁਸ਼ਮਣ ਬਣ ਕੇ ਜੰਗ ਦਾ ਵਿਸ਼ਲੇਸ਼ਣ ਕਰਦਾ ਹੈ ਪਰ ਉਹ ਕਨਿੰਘਮ ਵਰਗਾ ਫੌਜੀ ਅਫਸਰ ਤੇ ਇਤਿਹਾਸਕਾਰ ਨਹੀਂ ਹੈ, ਜੋ ਅੰਗਰੇਜ਼ਾਂ ਤੇ ਸਿੱਖਾਂ ਵਿਚ ਹੋਈਆਂ ਜੰਗਾਂ ਬਾਰੇ ਦੁਸ਼ਮਣ ਬਣ ਕੇ ਵੀ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਕਰਦਾ ਹੈ।
ਹੁਣ ਜਨਰਲ ਬਰਾੜ ਇਹ ਕਹਿ ਰਿਹਾ ਹੈ ਕਿ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਦਾ ਸਮਾਂ ਹੈ ਪਰ ਨਾਲ ਹੀ ਉਹ ਇਹ ਵੀ ਕਹਿ ਰਿਹਾ ਹੈ ਕਿ ਜੇਕਰ ਉਸਨੂੰ ਫਿਰ ਕਦੇ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਲਈ ਕਿਹਾ ਜਾਏ ਤਾਂ ਉਹ ਪਹਿਲਾਂ ਵਾਂਗ ਹੀ ਜਾਏਗਾ ਪਰ ਵਧੇਰੇ ਸਫਾਈ ਤੇ ਬਾਰੀਕੀ ਨਾਲ। ਕੀ ਇਸ ਟਿੱਪਣੀ ਵਿਚ ਜ਼ਖ਼ਮਾਂ ਉੱਤੇ ਮੱਲ੍ਹਮ ਲਾਉਣ ਪਿੱਛੇ ਕਿਸੇ ਸੁੱਚੇ ਜ਼ਜਬੇ ਦੀ ਝਲਕ ਮਿਲਦੀ ਹੈ ? ਜਾਂ ਕੀ ਇਸ ਤਰ੍ਹਾਂ ਨਹੀਂ ਮਹਿਸੂਸ ਹੁੰਦਾ ਕਿ ਉਸ ਦੇ ਤਾਣੇ ਬਾਣੇ ਵਿਚ ਕੋਈ ਸਿਤਮ ਲੁਕਿਆ ਹੋਇਆ ਹੈ। ਉਸ ਦੀ ਇਸ ਅਖੌਤੀ ਭਾਵਨਾ ਨੂੰ ਕਿਸੇ ਸ਼ਾਇਰ ਦੀਆਂ ਇਨ੍ਹਾਂ ਸਤਰਾਂ ਨਾਲ ਯਾਦ ਕੀਤਾ ਜਾ ਸਕਦਾ ਹੈ :
ਅਮਨ ਪ੍ਰਚਾਰ ਦਾ ਚਰਚਾ ਵੀ ਕਰਦਾ ਹੈ ਉਹ ਸਾਰੇ ਸ਼ਹਿਰ ਅੰਦਰ, ਰਿਸ਼ਤਾ ਪਰ ਉਸਦੀ ਨਜ਼ਰ ਦਾ ਖੰਜਰ ਨਾਲ ਹੈ ਹਾਲੇ। ਤੇਰੇ ਪਾਸਿਉਂ ਠੰਡੀ ਹਵਾ ਦੀ ਆਸ ਕੀ ਹੋਵੇ ਤੇਰਾ ਵਾਸਤਾ ਅਗਨੀ ਦੇ ਮੰਦਰ ਨਾਲ ਹੈ ਹਾਲੇ।