ਤਲਵੰਡੀ ਸਾਬੋ (27 ਜਨਵਰੀ, 2015): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਗਏ ਵਧੀਕ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਅੱਜ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ।
ਤਖ਼ਤ ਸਾਹਿਬ ਵਿਖੇ ਕੀਤੇ ਗਏ ਸਮਾਗਮ ਦੌਰਾਨ ਸਿੱਖ ਜਥੇਬੰਦੀਆਂ, ਸੰਪਰਦਾਇਕਾਂ ਦੇ ਮੁਖੀਆਂ, ਕੌਮ ਦੀਆਂ ਪ੍ਰਮੁੱਖ ਧਾਰਮਿਕ ਹਸਤੀਆਂ ਅਤੇ ਰਾਜਨੀਤਕ ਨੁਮਾਇੰਦਿਆਂ ਨੇ ਉਨ੍ਹਾਂ ਨੂੰ ਦਸਤਾਰਾਂ ਅਤੇ ਸਿਰਪਾਓ ਭੇਟ ਕੀਤੇ। ਗਿਆਨੀ ਗੁਰਮੁੱਖ ਸਿੰਘ ਸ੍ਰੀ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵਧੀਕ ਜਥੇਦਾਰ ਦੀਆਂ ਸੇਵਾਵਾਂ ਨਾਲੋਂ-ਨਾਲ ਨਿਭਾਉਣਗੇ।
ਅਕਾਲ ਤਖ਼ਤ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਗੁਰਮੁੱਖ ਸਿੰਘ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੌਂਪੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਗਿਆਨੀ ਗੁਰਮੁੱਖ ਸਿੰਘ ਦੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੇ ਕਾਰਜਾਂ ਦੀ ਸ਼ਾਲਾਘਾ ਕੀਤੀ।
ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਜੋ ਸੇਵਾ ਸੌਂਪੀ ਹੈ,ਉਸ ਨੂੰ ਉਹ ਤਨ-ਮਨ-ਧਨ ਨਾਲ ਨਿਭਾਉਣਗੇ ਅਤੇ ਅਕਾਲ ਪੁਰਖ ਦੇ ਓਟ ਆਸਰੇ ਨਾਲ ਇਸ ਖੇਤਰ ਵਿੱਚ ਸਿੱਖੀ ਦੇ ਪ੍ਰਚਾਰ ਤੇ ਪਸਾਰ ਦੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਉਣਗੇ।