ਕਾਵੈਂਟਰੀ (8 ਮਾਰਚ, 2010): ਜੂਨ 1984 ਨੂੰ ਭਾਰਤ ਸਕਰਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕੀਤੇ ਗਏ ਹਮਲੇ ਨੂੰ ਸਿੱਖ ਕੌਮ ਹਮੇਸ਼ਾਂ ਯਾਦ ਰੱਖੇਗੀ ਅਤੇ ਇਸ ਹਮਲੇ ਦੌਰਾਨ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਅਤੇ ਸਾਥੀ ਸਿੰਘਾਂ ਦੀਆਂ ਬੇਮਿਸਾਲ ਕੁਰਬਾਨੀਆਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਵਾਸਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਨਾਇਟਡ ਦਲ ਖਾਲਸਾ (ਯੂ. ਕੇ) ਜਥੇਬੰਦੀ ਵੱਲੋਂ ਭੇਜੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ ਗਿਆ ਹੈ।
ਜਥੇਬੰਦੀ ਦੇ ਆਗੂ ਸ. ਲਸ਼ਵਿੰਦਰ ਸਿੰਘ ਡੱਲੇਵਾਲ ਵੱਲੋਂ ਬਿਜਲ ਸੁਨੇਹੇਂ ਰਾਹੀਂ ‘ਸਿੱਖ ਸਿਆਸਤ ਨੈਟਵਰਕ’ ਨੂੰ ਭੇਜੇ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਦੀ ਸੱਤਾ ਉੱਤੇ ਵੱਖ-ਵੱਖ ਸਮੇਂ ਕਾਬਜ਼ ਹੋਈਆਂ ਕਾਂਗਰਸ ਜਾਂ ਭਾਜਪਾ ਆਦਿ ਹਿੰਦੂਤਵੀ ਸਰਕਾਰਾਂ ਦਾ ਮਕਸਦ ਸਿੱਖਾਂ ਨੂੰ ਨਸਲਕੁਸ਼ੀ ਜਾਂ ਜਜ਼ਬ ਕਰਨ ਦੀ ਨੀਤੀ ਦਾ ਸ਼ਿਕਾਰ ਬਣਾ ਕੇ “ਹਿੰਦੂ ਰਾਸ਼ਟਰ” ਦੀ ਸਿਰਜਣਾ ਦਾ ਰਾਹ ਪੱਧਰਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮਨੋਰਥ ਸਿੱਖਾਂ ਨੂੰ ਇਸ ਤੱਥ ਦਾ ਅਹਿਸਾਸ ਕਰਵਾਉਣਾ ਸੀ ਕਿ ਉਹ ਭਾਰਤ ਵਿੱਚ ਗੁਲਾਮ ਹਨ।
ਉਨ੍ਹਾਂ ਦੱਸਿਆ ਕਿ ਜੂਨ 1984 ਦੇ ਸਾਕੇ ਸਬੰਧੀ ਯੂਨਾਈਟਿਡ ਖਾਲਸਾ ਦਲ (ਯੂ. ਕੇ) ਵੱਲੋਂ ਵਿਸ਼ੇਸ਼ ਦਸਤਾਵੇਜ਼ੀ ਸੀ. ਡੀ ਤਿਆਰ ਕੀਤੀ ਜਾ ਰਹੀ ਹੈ ਜੋ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ ਨੂੰ ਕਾਲਪਨਿਕ ਤੌਰ ਰੂਪਮਾਨ ਕਰਦੀ ਹੈ। “ਗਗਨ ਦਮਾਮਾ ਬਾਜਿਉ” ਨਾਮੀਂ ਇਹ ਸੀ.ਡੀ 21 ਮਾਰਚ 2010, ਦਿਨ ਐਤਵਾਰ, ਨੂੰ ਗੁਰੁ ਨਾਨਕ ਗੁਰਦਵਾਰਾ ਬੈੱਡਫੋਰਡ ਵਿਖੇ ਬਕਾਇਦਾ ਜਾਰੀ ਕਰ ਦਿੱਤੀ ਜਾਵੇਗੀ।