ਸਵਰਾਜ ਅਭਿਆਨ ਦੇ ਆਗੂ ਯੋਗਿੰਦਰ ਯਾਦਵ (ਫਾਈਲ ਫੋਟੋ)

ਸਿਆਸੀ ਖਬਰਾਂ

ਜਿਵੇਂ ਮਨਪ੍ਰੀਤ ਦੀ ਪੀਪੀਪੀ ਖਤਮ ਹੋਈ ਉਸੇ ਤਰ੍ਹਾਂ ‘ਆਪ’ ਪੰਜਾਬ ‘ਚੋਂ ਖਤਮ ਹੋ ਜਾਏਗੀ: ਯੋਗਿੰਦਰ ਯਾਦਵ

By ਸਿੱਖ ਸਿਆਸਤ ਬਿਊਰੋ

October 26, 2016

ਚੰਡੀਗੜ੍ਹ: ਸਵਰਾਜ ਅਭਿਆਨ ਦੇ ਆਗੂ ਯੋਗਿੰਦਰ ਯਾਦਵ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਜਿਵੇਂ ਇੱਕਦਮ ਚੜ੍ਹਾਈ ਹੋਈ ਸੀ, ਉਸੇ ਤਰਾਂ ਇੱਕਦਮ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਦਾ ਹਾਲ ਵੀ ਪੀਪਲਜ਼ ਪਾਰਟੀ ਆਫ ਪੰਜਾਬ ਵਾਲਾ ਹੋਏਗਾ।

ਜ਼ਿਕਰਯੋਗ ਹੈ ਕਿ ਯੋਗਿੰਦਰ ਯਾਦਵ ਆਮ ਆਦਮੀ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਇਕ ਹਨ। ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਕਰਕੇ ‘ਆਪ’ ਵਿੱਚੋਂ ਕੱਢ ਦਿੱਤਾ ਗਿਆ ਸੀ। ਯਾਦਵ ਸਰਵੇਖਣਾਂ ਤੇ ਸਿਆਸੀ ਵਿਸ਼ਲੇਸ਼ਣ ਦੇ ਮਾਹਿਰ ਮੰਨੇ ਜਾਂਦੇ ਹਨ।

ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਯਾਦਵ ਨੇ ਕਿਹਾ ਕਿ ਕੋਈ ਵੇਲਾ ਸੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਉਭਾਰ ਹੋਇਆ ਸੀ ਪਰ ਹੁਣ ਸਿਆਸੀ ਸਮੀਕਰਣ ਬਦਲ ਗਏ ਹਨ। ਹੁਣ ‘ਆਪ’ ਦਾ ਤੇਜ਼ੀ ਨਾਲ ਪਤਨ ਹੋ ਰਿਹਾ ਹੈ। ਹਾਲੇ ਇਹ ਦੱਸਣਾ ਮੁਸ਼ਕਲ ਹੈ ਕਿ ਇਹ ਪਤਨ ਕਿੱਥੇ ਜਾ ਕੇ ਰੁਕੇਗਾ।

ਉਨ੍ਹਾਂ ਕਿਹਾ ਕਿ ਸ਼ੁਰੂਆਤੀ ਉਤਸ਼ਾਹ ਖਤਮ ਹੋ ਗਿਆ ਹੈ। ਲੋਕ ਨਿਰਾਸ਼ ਹੋ ਕੇ ਮੁੜ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਵੱਲ ਮੁੜਨ ਲੱਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ‘ਆਪ’ ਵੱਲੋਂ ਖਾਲੀ ਕੀਤੀ ਥਾਂ ਤੀਜੇ ਫਰੰਟ ਵਜੋਂ ਲੈਣਗੇ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਬਾਰੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਵੀ ਛੋਟੇਪੁਰ ਬਾਰੇ ਅਜਿਹਾ ਨਹੀਂ ਸੁਣਿਆ। ਉਨ੍ਹਾਂ ਕਿਹਾ ਕਿ ‘ਆਪ’ ਆਪਣੇ ਮਕਸਦ ਤੋਂ ਭਟਕ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: