ਜਲੰਧਰ (27 ਜਨਵਰੀ, 2010): ਦਲ ਖਾਲਸਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਦੇਸ਼ ਦੀ ਵੰਡ ਮੌਕੇ ਭਾਰਤੀ ਆਗੂਆਂ ਵੱਲੋਂ ਸਿੱਖ ਕੌਮ ਨਾਲ ਜ਼ੁਬਾਨੀ ਅਤੇ ਲਿਖਤੀ ਤੌਰ ’ਤੇ ਕੀਤੇ ਵਾਅਦੇ ਪੂਰੇ ਕਰੇ ਅਤੇ ਸਿੱਖਾਂ ਨਾਲ ਹੋ ਰਹੇ ਸੰਵਿਧਾਨਕ ਤੇ ਕਾਨੂੰਨੀ ਵਿਤਕਰਿਆਂ ਨੂੰ ਖ਼ਤਮ ਕਰੇ। ਦਲ ਖਾਲਸਾ ਨੇ ਇਹ ਮੰਗ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸ੍ਰੀ ਪੀ.ਚਿਦੰਮਬਰਮ ਨੂੰ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਇਕ ਯਾਦ ਪੱਤਰ ਵਿਚ ਕੀਤੀ ਹੈ।
ਦਲ ਖਾਲਸਾ ਦੇ ਪ੍ਰਧਾਨ ਸ: ਹਰਚਰਨਜੀਤ ਸਿੰਘ ਧਾਮੀ, ਬੁਲਾਰੇ ਸ: ਕੰਵਰਪਾਲ ਸਿੰਘ ਅਤੇ ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਗਣਤੰਤਰ ਦਿਵਸ ਦੀ 60ਵੀਂ ਵਰ੍ਹੇਗੰਢ ਮੌਕੇ ਭਾਰਤੀ ਹਕੂਮਤ ਨੂੰ ਸਿੱਖ ਕੌਮ ਨਾਲ ਉਸ ਵੇਲੇ ਦੇ ਆਗੂਆਂ ਵੱਲੋਂ ਕੀਤੇ ਵਾਅਦੇ ਨਿਭਾਉਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ 1947 ਵਿਚ ਮਜਬੂਰਨ ਹਿੰਦੋਸਤਾਨ ਵਿਚ ਰਹਿਣ ਦਾ ਫ਼ੈਸਲਾ ਲੈਣ ਵਾਲੇ ਸਿੱਖ ਅੱਜ ਵੀ ਆਪਣੀ ਪਛਾਣ ਦੀ ਲੜਾਈ ਲੜ ਰਹੇ ਹਨ।
ਯਾਦ ਪੱਤਰ ਵਿਚ ਭਾਰਤੀ ਸੰਵਿਧਾਨ ਦੀ ਧਾਰਾ 25(2)(ਬੀ) ਨੂੰ ਖਤਮ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਪਾਕਿਸਤਾਨ ਵਾਂਗ ‘ਆਨੰਦ ਵਿਆਹ ਐਕਟ’ ਲਾਗੂ ਕੀਤੇ ਜਾਣ ਦੀ ਵੀ ਮੰਗ ਕੀਤੀ। ਇਸ ਮੌਕੇ ਦਲ ਖਾਲਸਾ ਦੇ ਅਹੁਦੇਦਾਰ ਡਾ: ਮਨਜਿੰਦਰ ਸਿੰਘ ਜੰਡੀ, ਸ: ਸਰਬਜੀਤ ਸਿੰਘ ਘੁਮਾਣ, ਸ: ਰਣਬੀਰ ਸਿੰਘ ਹੁਸ਼ਿਆਰਪੁਰ, ਸਿੱਖ ਯੂਥ ਆਫ਼ ਪੰਜਾਬ ਦੇਆਗੂ ਸ: ਗੁਰਪ੍ਰੀਤ ਸਿੰਘ ਮਾਨ, ਸ: ਪ੍ਰਭਜੋਤ ਸਿੰਘ, ਸ: ਨੋਬਲਜੀਤ ਸਿੰਘ ਆਦਿ ਹਾਜ਼ਰ ਸਨ।