ਲੰਡਨ: ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਨੇ ਭਰਤੀ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਸਿੱਖਾਂ ਦੀ ਦਸਤਾਰ ਸਬੰਧੀ ਕੀਤੀਆਂ ਗਈ ਟਿੱਪਣੀਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਦੇ ਦੋ ਜੱਜਾਂ ਐੱਸ.ਏ.ਬੌਦਵੇ ਅਤੇ ਐੱਨ.ਏ.ਰਾਉ ਨੇ ਦਸਤਾਰ ਸਬੰਧੀ ਸਵਾਲ ਉਠਾ ਕੇ ਆਪਣੀ ਅਯੋਗਤਾ ਅਤੇ ਫਿਰਕਾਪ੍ਰਸਤੀ ਦਾ ਪ੍ਰਗਟਾਵਾ ਕੀਤਾ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ । ਉਨ੍ਹਾਂ ਕਿਹਾ ਕਿ ਇਹੋ ਜਿਹੇ ਅਗਿਆਨੀ ਜਾਂ ਫਿਰਕੂ ਬੰਦਿਆਂ ਨੂੰ ਵੱਡੀਆਂ ਅਤੇ ਵਿ਼ਸੇਸ਼ ਪਦਵੀਆਂ ਤੇ ਬਿਠਾਉਣਾ ਸਰਾਸਰ ਗਲਤ ਹੈ ਉੱਥੇ ਇਹਨਾਂ ਪਦਵੀਆਂ ਦੀ ਵੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਵਾਸਤੇ ਸੁਪਰੀਮ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਹੈ। ਭਾਰਤ ਦੀ ਸੁਪਰੀਮ ਕੋਰਟ ਦੇ ਜੱਜਾਂ ਨੇ ਦਸਤਾਰ ਬਾਰੇ ਸਵਾਲ ਉਠਾ ਕੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ, ਭਾਈ ਜੋਗਾ ਸਿੰਘ ਨੇ ਜਾਰੀ ਪੈੱਸ ਰਿਲੀਜ਼ ਵਿੱਚ ਇਸ ਨੂੰ ਸਿੱਖ ਕੌਮ ਦੀ ਅਣਖ ਗੈਰਤ ਅਤੇ ਸ਼ਾਨ ਨੂੰ ਵੰਗਾਰਨਾ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਜੱਜਾਂ ਨੂੰ ਮਿਲਖਾ ਸਿੰਘ ਅਤੇ ਬਿਸ਼ਨ ਸਿੰਘ ਬੇਦੀ ਕੇਵਲ ਦੋ ਬੰਦੇ ਹੀ ਨਜ਼ਰ ਆਏ ਹਨ ਜਦਕਿ ਹਜਾਰਾਂ ਹੀ ਦਸਤਾਰਧਾਰੀ ਸਿੱਖਾਂ ਨੇ ਹੈਲਮਟਾਂ ਤੋਂ ਬਗੈਰ ਦਸਤਾਰਾਂ ਸਮੇਤ ਵਿਸ਼ਵ ਯੁੱਧਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦਸਤਾਰਾਂ ਵਾਲੇ ਮੁਗਲਾਂ ਖਿਲਾਫ ਜੰਗ ਲੜ ਕੇ ਭਾਰਤ ਦੀ ਬਹੁਗਿਣਤੀ ਦਾ ਧਰਮ ਨਾ ਬਚਾਉਂਦੇ ਅਤੇ ਅੰਗਰੇਜਾਂ ਖਿਲਾਫ ਅਜਾਦੀ ਦੀ ਲੜਾਈ ਵਿੱਚ ਨੱਬੇ ਫਸਿਦੀ ਤੋਂ ਵੱਧ ਯੋਗਦਾਨ ਨਾ ਪਾਉਂਦੇ ਤਾਂ ਅੱਜ ਇਹ ਸਵਾਲ ਉਠਾਉਣ ਵਾਲੇ ਦੀ ਔਕਾਤ ਬੇਹੱਦ ਮਾੜੀ ਅਤੇ ਅਣਕਿਆਸੀ ਹੋਣੀ ਸੀ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਇਹਨਾਂ ਦੋਵਾਂ ਜੱਜਾਂ ਖਿਲਾਫ ਕੌਮੀ ਮਾਣਹਾਨੀ ਦਾ ਕੇਸ ਦਰਜ ਕਰਵਾਉਣ ਲਈ ਪੰਜਾਬ ਦੀਆਂ ਪੰਥਕ ਜਥੇਬੰਦੀਆਂ ਨੂੰ ਅਤੇ ਸਿੱਖ ਵਕੀਲਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ।
ਬੁੜੈਲ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਤਾਰਾ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀਆਂ ਕੁਚਾਲਾਂ ਦੀ ਬਰਤਾਨਵੀ ਸਿੱਖ ਜਥੇਬੰਦੀਆਂ ਵਲੋਂ ਸਖਤ ਨਿਖੇਧੀ ਕਰਦਿਆਂ ਇਹਨਾਂ ਦੋਵਾਂ ਜੱਜਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਸੁਰੱਖਿਆ ਬਾਰੇ ਕੀ ਵਿਚਾਰ ਰੱਖਦੇ ਹਨ? ਜਿ਼ਕਰਯੋਗ ਹੈ ਕਿ ਸਿੱਖ ਸਿਆਸੀ ਕੈਦੀ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਬੀਤੇ ਦਿਨ ਪਟਿਆਲਾ ਜੇਲ੍ਹ ਵਿੱਚ ਹੋਈ ਮੌਤ ਪ੍ਰਤੀ ਵੱਡੇ ਸਵਾਲ ਖੜੇ ਹੋਏ ਹਨ ਤੇ ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਭਾਈ ਮਿੰਟੂ ਦਾ ਸਹੀ ਇਲਾਜ਼ ਨਾ ਕਰਾ ਕੇ ਸਾਜਿਸ਼ ਤਹਿਤ ਉਨ੍ਹਾਂ ਨੂੰ ਮਾਰਿਆ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਨੇ ਕਿਹਾ ਕਿ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਢੁੱਕਵੇਂ ਉਪਰਾਲੇ ਅਤੇ ਠੋਸ ਪ੍ਰੋਗਰਾਮ ਉਲੀਕਣ ਦੀ ਜਰੂਰਤ ਲਈ ਸਿੱਖ ਕੌਮ ਪੂਰੀ ਤਰਾਂ ਚਿੰਤਤ ਹੈ । ਭਾਈ ਜਗਤਾਰ ਸਿੰਘ ਤਾਰਾ ਦੇ ਵਕੀਲ ਵਲੋਂ ਬਕਾਇਦਾ ਅਦਾਲਤ ਵਿੱਚ ਲਿਖਤੀ ਸਿ਼ਕ਼ਾਇਤ ਦਰਜ ਕਰਵਾਈ ਗਈ ਹੈ ਕਿ ਭਾਈ ਤਾਰਾ ਦੀ ਜਾਨ ਨੂੰ ਜੇਲ੍ਹ ਪ੍ਰਸ਼ਾਸਨ ਤੋਂ ਖਤਰਾ ਹੈ। ਇਸੇ ਤਰਾਂ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਾਵਾਰਾ ਵੀ ਸਿਹਤ ਪੱਖੋਂ ਠੀਕ ਨਹੀਂ ਹਨ । ਜੇਲ੍ਹ ਅਧਿਕਾਰੀ ਉਹਨਾਂ ਦਾ ਢੁੱਕਵਾਂ ਇਲਾਜ ਨਹੀਂ ਕਰਵਾ ਰਹੇ ਬਲਕਿ ਅਦਾਲਤੀ ਹੁਕਮਾਂ ਤੇ ਵੀ ਅਮਲ ਨਹੀਂ ਕੀਤਾ ਗਿਆ।
ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਖਾਲਿਸਤਾਨ ਦੀ ਜੰਗੇ ਅਜਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਬੰਦੀ ਸਿੰਘਾਂ ਦੀ ਹਿਫਾਜ਼ਤ ਲਈ ਸਿੱਖ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਨੂੰ ਇੱਕਜੁਟ ਹੋ ਕੇ ਸਾਰਥਕ ਉਪਰਾਲਾ ਕਰਨ ਦੀ ਜਰੂਰਤ ਹੈ।
ਉਨ੍ਹਾਂ ਕਿਹਾ “ਭਾਰਤ ਸਰਕਾਰ ਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਮਗਰੋਂ ਹੁਣ ਉਹਨਾਂ ਨੂੰ ਜੇਲ੍ਹਾਂ ਵਿੱਚ ਖਤਮ ਕਰਨ ਲਈ ਨਵਾਂ ਤਰੀਕਾ ਲੱਭ ਲਿਆ ਹੈ । ਪਿੰਡ ਡੱਲੀ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ ਨਮਿੱਤ ਹੋ ਰਹੇ 27 ਤਰੀਕ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੀ ਹਰ ਜਥੇਬੰਦੀ ਬਲਕਿ ਹਰ ਸਿੱਖ ਦਾ ਪਹੁੰਚਣਾ ਕੌਮੀ ਫਰਜ਼ ਹੈ। ਜਾਣ ਬੁੱਝ ਕੇ ਇਸ ਫਰਜ਼ ਤੋਂ ਕੁਤਾਹੀ ਕਰਨ ਵਾਲੀਆਂ ਜਥੇਬੰਦੀਆਂ ਜਾਂ ਵਿਆਕਤੀ ਵਿਸ਼ੇਸ਼ ਸਵਾਲੀਆ ਚਿੰਨ ਦੇ ਘੇਰੇ ਵਿੱਚ ਆਉਣਗੇ । ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਅਤੇ ਜਨਮ ਸਿੱਧ ਅਧਿਕਾਰ ਹੈ । ਜਿਸ ਦੀ ਪੂਰਤੀ ਲਈ ਹਰ ਸਿੱਖ ਨੂੰ ਯੋਗਦਾਨ ਪਾਉਣ ਦੀ ਜਰੂਰਤ ਹੈ।”