ਲੰਦਨ: ਬਰਤਾਨੀਆ ਵਿਚ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ’ਤੇ ਹੋਏ ਹਮਲੇ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ ਗਿਆ।
ਪੰਜਾਬ ਭਰ ਦੇ ਸਮੂਹ ਪੰਥ ਪ੍ਰਸਤਾਂ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਉਹ ਇਸ ਨਾਜ਼ੁਕ ਮੋੜ ’ਤੇ ਖੜੀ ਕੌਮ ਨੂੰ ਏਕਤਾ, ਇਤਫਾਕ ਅਤੇ ਸਬਰ ਸੰਤੋਖ ਦੀ ਲੜੀ ਵਿਚ ਪਰੋਣ ਦਾ ਸਿਰਤੋੜ ਯਤਨ ਕਰਨ। ਅੱਜ ਦੇ ਸਮੇਂ ਵਿਚ ਉਹਨਾਂ ਦੀ ਇਹ ਖਾਸ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਨਿਭਾਉਣਾ ਉਹਨਾਂ ਦਾ ਫਰਜ਼ਾਂ ਸਿਰ ਫਰਜ਼ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਮਹਿਸੂਸ ਕੀਤਾ ਗਿਆ ਕਿ ਇਸ ਘਟਨਾ ਨੂੰ ਲੈ ਕੇ ਸਿੱਖ ਵਿਰੋਧੀ ਲਾਬੀ ਦੇ ਕਰਿੰਦੇ ਜਿੱਥੇ ਸਿੱਖ ਕੌਮ ਨੂੰ ਖਾਨਾਜੰਗੀ ਵੱਲ ਧਕੇਲਣ ਲਈ ਯਤਨਸ਼ੀਲ ਹਨ। ਜਿਹਨਾਂ ਨੂੰ ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆ ’ਤੇ ਹੋਏ ਹਮਲੇ ਦਾ ਕੋਈ ਦੁੱਖ ਨਹੀਂ ਹੈ ਇਹਨਾਂ ਲੋਕਾਂ ਨੂੰ ਕੇਵਲ ਆਪਣੀਆਂ ਵੋਟਾਂ ਦੀ ਭੁੱਖ ਪੂਰੀ ਕਰਨ ਦੀ ਲਾਲਸਾ ਹੈ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ, ਫੈਡਰੇਸ਼ਨ ਵਿਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ, ਅਖੰਡ ਕੀਰਤਨੀ ਜੱਥਾ ਯੂ.ਕੇ. ਭਾਈ ਬਲਬੀਰ ਸਿੰਘ ਜਥੇਦਾਰ, ਖ਼ਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ, ਯੂਨਾਇਟਿਡ ਖ਼ਾਲਸਾ ਦਲ ਯੂ.ਕੇ. ਭਾਈ ਨਿਰਮਲ ਸਿੰਘ ਸੰਧੂ, ਬ੍ਰਿਟਿਸ਼ ਸਿੱਖ ਕੌਂਸਲ ਭਾਈ ਤਰਸੇਮ ਸਿੰਘ ਦਿਉਲ, ਧਰਮ ਯੁੱਧ ਜੱਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਯੂ.ਕੇ. ਭਾਈ ਗੁਰਦੇਵ ਸਿੰਘ ਚੌਹਾਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ.ਕੇ. ਭਾਈ ਜਸਪਾਲ ਸਿੰਘ ਬੈਂਸ, ਇੰਟਰਨੈਸ਼ਨਲ ਖ਼ਾਲਸਾ ਆਰਗੇਨਾਈਜ਼ੇਸ਼ਨ ਭਾਈ ਸੁਖਵਿੰਦਰ ਸਿੰਘ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਮਨਮੋਹਣ ਸਿੰਘ ਦਲ ਖ਼ਾਲਸਾ ਯੂ.ਕੇ. ਵਲੋਂ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਘਟਨਾ ਨਾਲ ਪੈਦਾ ਹੋਏ ਖਲਾਅ ਨੂੰ ਭਰਨ ਦਾ ਯਤਨ ਕਰਨ ਕਿਉਂਕਿ ਸਿੱਖ ਕੌਮ ਲਈ ਅੱਜ ਖ਼ਾਲਿਸਤਾਨ ਦੀ ਜੰਗੇ ਆਜ਼ਾਦੀ ਵਿਚ ਫਤਿਹ ਹਾਸਲ ਕਰਨੀ ਜ਼ਰੂਰੀ ਹੈ, ਇਸ ਕੌਮੀ ਨਿਸ਼ਾਨੇ ਤੋਂ ਭਟਕਾਉਣ ਲਈ ਰਚੀਆਂ ਜਾ ਰਹੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਕੁਚਾਲਾਂ ਨੂੰ ਅਸਫਲ ਬਣਾਉਣ ਲਈ ਹਰ ਗੁਰਸਿੱਖ ਯੋਗਦਾਨ ਪਾਵੇ।