ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ,ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾ ਦਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੱਗੇ ਬਰਗਾੜੀ ਮੋਰਚੇ ਨੂੰ ਸਿੱਖ ਸੰਗਤ ਵਲੋਂ ਭਰਵਾਂ ਸਹਿਯੋਗ ਦਿੱਤਾ ਗਿਆ ਸੀ ਪਰ ਮੋਰਚਾ ਪ੍ਰਬੰਧਕਾਂ ਵਲੋਂ ਮੋਰਚਾ ਖਤਮ ਕੀਤੇ ਜਾਣ ਮਗਰੋਂ ਸੰਗਤਾਂ ਅੰਦਰ ਨਿਰਾਸ਼ਤਾ ਵੇਖੀ ਗਈ ਸੀ।
ਬਰਗਾੜੀ ਮੋਰਚੇ ਦੇ ਮੁੱਖ ਪ੍ਰਬੰਧਕ ਅਤੇ ਪੰਥਕ ਆਖੇ ਜਾਂਦੇ ਆਗੂਆਂ – ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਗੁਰਸੇਵਕ ਸਿੰਘ ਜਵਾਹਰਕੇ, ਭਾਈ ਗੁਰਦੀਪ ਸਿੰਘ ਬਠਿੰਡਾ ਨੇ ਬਠਿੰਡੇ ਵਿਖੇ ਪੱਤਰਕਾਰ ਵਾਰਤਾ ‘ਚ ਇਹ ਦੱਸਿਆ ਕਿ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਵਲੋਂ ਪੰਜਾਬ ਲੋਕਤੰਤਰੀ ਗੱਠਜੋੜ ‘ਚ ਸ਼ਾਮਲ ਧਿਰਾਂ ਦੇ ਆਗੂਆਂ ਨਾਲ ਗੱਲਬਾਤ ਮੁਕਾ ਲਈ ਗਈ ਹੈ ਹੈ ਅਤੇ ਅਗਲੀਆਂ ਲੋਕ-ਸਭਾ ਚੋਣਾਂ ਸਾਂਝੇ ਤੌਰ ‘ਤੇ ਲੜੀਆਂ ਜਾਣਗੀਆਂ।
ਖਬਰਖਾਨੇ ਤੋਂ ਆਈ ਜਾਣਕਾਰੀ ਅਨੁਸਾਰ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਉਹਨਾਂ ਦੀ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਪ੍ਰਭੂ ਦਾਸ ਨਾਲ ਦਿੱਲੀ ਵਿਚ ਹੋਈ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਸਭਨਾਂ ਧਿਰਾਂ ਨੂੰ ਇੱਕ ਸਿਆਸੀ ਮੰਚ ‘ਤੇ ਇਕੱਠਿਆਂ ਕੀਤਾ ਜਾਵੇ ਤਾਂ ਜੋ ਸਿਆਸਤ ਦਾ ਮੂੰਹ ਮੱਥਾ ਬਦਲਿਆ ਜਾ ਸਕੇ।
ਇਹਨਾਂ ਆਗੂਆਂ ਨੇ ਦੱਸਿਆ ਕਿ ਇਸ ਤਾਲਮੇਲ ਦੀ ਪੂਰੀ ਜਿੰਮੇਵਾਰੀ ਜਥੇਦਾਰ ਧਿਆਨ ਸਿੰਘ ਮੰਡ ਵੀ ਨਿਭਾਅ ਰਹੇ ਹਨ।